ਕਲਮ ਲੈਂਗੁਏਜ ਡਿਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ ਨੇ ਅਜੀਤ ਭਵਨ ਦੇ ਡਾ.ਦਰਸ਼ਨ ਸਿੰਘ ਯਾਦਗਾਰੀ ਹਾਲ ‘ਚ ਮਨਾਇਆ

ਮੱਲ ਸਿੰਘ ਬਾਸੀ ਦਾ ਜਮਨ ਦਿਨ
ਬਲਦੇਵ ਧਾਲੀਵਾਲ ਰਾਏਸਰ
ਮਿਸੀਸਾਗਾ: ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਕਲਮ ਲੈਂਗੁਏਜ ਡਿਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ ਦੀ ਮਹੀਨਾਵਾਰ ਮੀਟਿੰਗ ਅਤੇ ਕਵੀ ਦਰਬਾਰ ਅਜੀਤ ਵੀਕਲੀ ਦੇ ਦਫ਼ਤਰ (7015 Tranmere Drive Mississauga) ਵਿਖੇ ਸਥਿਤ ਡਾ.(ਪ੍ਰੋਫ਼ੈਸਰ) ਦਰਸ਼ਨ ਸਿੰਘ ਯਾਦਗਾਰੀ ਹਾਲ ‘ਚ ਹੋਏ। ਕਈ ਭਾਸ਼ਾਵਾਂ ਦੇ ਗਿਆਤਾ ਅਤੇ ਸਟੇਜੀ ਕਲਾ ਦੇ ਮਾਹਿਰ ਨੀਟਾ ਬਲਵਿੰਦਰ ਨੇ ਅਜੀਤ ਵੀਕਲੀ ਦੇ ਸਰਪ੍ਰਸਤ ਕੰਵਲਜੀਤ ਕੌਰ ਬੈਂਸ, ਕੈਪਟਨ ਕੁਲਵੰਤ ਸਿੰਘ ਬੱਲ ਅਤੇ ਡਾਕਟਰ ਕੁਲਦੀਪ ਹੈੱਡਕੇਅਰ ਨੂੰ ਪ੍ਰਧਾਨਗੀ ਮੰਡਲ ‘ਚ ਬੈਠਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਸਾਰਿਆਂ ਨੇ ਮਸਤੂਆਣਾ ਸਾਹਿਬ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਕਲਮ ਫ਼ਾਊਂਡੇਸ਼ਨ ਦੇ ਸਰਗਰਮ ਵਰਕਰ ਰਾਮ ਸਿੰਘ ਦੀ ਅਚਾਨਕ ਅਤੇ ਬੇਵਕਤ ਮੌਤ ‘ਤੇ ਦੋ ਮਿੰਟ ਦਾ ਮੌਨ ਧਾਰ ਕਿ ਸ਼ਰਧਾਂਜਲੀ ਭੇਂਟ ਕੀਤੀ।
ਉਪਰੰਤ ਸੁਰੂ ਹੋਇਆ ਸਾਹਿਤਕ ਗੀਤਾਂ ਅਤੇ ਕਵਿਤਾਂਵਾ ਦਾ ਦੌਰ, ਅਤੇ ਵਾਰੀ ਵਾਰੀ ਸੁਮਨ ਮੌਦਗਿਲ, ਇੰਦਰਜੀਤ ਕੌਰ, ਸੁਖਵਿੰਦਰ ਕੌਰ, ਰੋਬੀਨਾ ਨਸੀਮ, ਜਸਵੀਰ ਬੋਪਾਰਾਏ, ਮੱਲ ਸਿੰਘ ਬਾਸੀ, ਸੁਰਿੰਦਰ ਸ਼ਰਮਾ, ਹਰਭਜਨ ਸਿੰਘ, ਕੈਪਟਨ ਕੁਲਵੰਤ ਸਿੰਘ ਬੱਲ, ਜਰਨੈਲ ਸਿੰਘ ਢਿੱਲੋਂ, ਗੁਰਦੇਵ ਸਿੰਘ ਰੱਖੜਾ, ਸੁਰਜਨ ਸਿੰਘ ਤੱਗੜ, ਬਲਵਿੰਦਰ ਸਿੰਘ, ਦਿਲਾਵਰ ਸਿੰਘ ਸੈਣੀ, ਜੋਗਿੰਦਰ ਸਿੰਘ ਢੋਂਸੀ, ਜਰਨੈਲ ਸਿੰਘ, ਨਾਹਰ ਸਿੰਘ ਕਾਰਦੀਆ, ਹਰਜੀਤ ਸਿੰਘ, ਸਮੀਉੱਲਾ, ਹਰਜਿੰਦਰ ਸਿੰਘ ਭਸੀਨ, ਸੁਜਾਨ ਸਿੰਘ ਸੁਜਾਨ, ਨਈਮ ਕਾਦਰ, ਚੌਧਰੀ ਮਕਸੂਦ, ਸੁਖਵਿੰਦਰ ਸਿੰਘ, ਡਾਕਟਰ ਕੁਲਦੀਪ ਸਿੰਘ ਹੈਡਕੇਅਰ ਨੇ ਵੱਖੋ ਵੱਖਰੀਆਂ ਸਾਹਿਤਕ ਵੰਨਗੀਆਂ ਸੋਹ ਕੇ ਇੱਕ ਵੱਖਰਾ ਹੀ ਰੰਗ ਬੰਨ ਦਿੱਤਾ।
ਉਸ ਤੋਂ ਬਾਅਦ ਕਲਮ ਫ਼ਾਊਂਡੇਸ਼ਨ ਦੇ ਸੀਨੀਅਰ ਆਗੂ ਮੱਲ ਸਿੰਘ ਬਾਸੀ ਦਾ 85 ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ, ਡਾਕਟਰ ਕੁਲਦੀਪ ਸਿੰਘ ਹੈਡਕੇਅਰ ਅਤੇ ਮਕਸੂਦ ਚੌਧਰੀ ਵਲੋਂ ਬਾਸੀ ਸਾਹਿਬ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਪ੍ਰੋਗਰਾਮ ਦੇ ਅਖੀਰ ‘ਚ ਕਲਮ ਲੈਂਗੁਏਜ ਡਿਵੈਲਪਮੈਂਟ ਫ਼ਾਉਂਡੇਸ਼ਨ ਔਫ਼ ਨੌਰਥ ਅਮੈਰਿਕਾ ਦੇ ਸ੍ਰਪਰਸਤ ਕੰਵਲਜੀਤ ਕੌਰ ਬੈਂਸ ਨੇ ਮਰਹੂਮ ਪ੍ਰਿਸੀਪਲ ਰਾਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਿੰਸੀਪਲ ਸਿੰਘ ਦੇ ਜਾਣ ਨਾਲ ਸਾਹਿਤ ਜਗਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ, ਅਤੇ ਮੱਲ ਸਿੰਘ ਬਾਸੀ ਨੂੰ ਜਨਮ ਦਿਨ ਦੀ ਵਧਾਈ ਦਿਦਿਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਵੀ ਕੀਤੀ।
ਹਰ ਵਾਰ ਦੀ ਤਰਾਂ ਅਜੀਤ ਵੀਕਲੀ ਵਲੋਂ ਪਰੋਸੇ ਅਤੇ ਚਮਕੌਰ ਸਿੰਘ ਮਾਛੀਕੇ ਦੇ ਪਹਿਲਵਾਨ ਢਾਬੇ ਤੋਂ ਆਏ ਲੰਚ ਦਾ ਅਨੰਦ ਮਾਣਦਿਆਂ ਚਾਹ ਦੀਆਂ ਚੁਸਕੀਆਂ ਲੈਂਦਿਆਂ ਮਾਰਚ ਮਹੀਨੇ ਦੇ ਦੂਸਰੇ ਸ਼ਨੀਵਾਰ ਨੂੰ ਮਿਲਣ ਦਾ ਵਾਅਦਾ ਕਰਦਿਆਂ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਏ। ਇਸ ਵਾਰ ਦੇ ਪ੍ਰੋਗਾਮ ਦੀ ਖ਼ਾਸੀਅਤ ਇਹ ਸੀ ਕਿ ਅੰਤਾਂ ਦੀ ਸਨੋ ਅਤੇ ਮੌਸਮ ਦੀ ਬੇਰੁਖ਼ੀ ਦੇ ਬਾਵਜੂਦ ਸਾਹਿਤਕ ਪ੍ਰੇਮੀਆਂ ਨੇ ਪੂਰੇ ਜਾਹੋ-ਜਲਾਲ ਨਾਲ ਮੀਟਿੰਗ ‘ਚ ਭਰਵੇਂ ਰੂਪ ਨਾਲ ਸ਼ਮੂਲੀਅਤ ਕੀਤੀ। ਕੁੱਲ ਮਿਲਾ ਕਿ ਇਹ ਪ੍ਰੋਗਰਾਮ ਸਫ਼ਲ ਰਿਹਾ।