ਮੋਗਾ (ਅਜੀਤ ਵੀਕਲੀ): ਬੀਤੇ ਦਿਨੀਂ ਵਪਾਰ ਕਰਨ ਹਿੱਤ ਦੋਹਾ, ਕਤਰ ਤੋਂ ਈਰਾਨ ਗਏ ਇੱਕ ਪੰਜਾਬੀ ਫ਼ਲ ਵਪਾਰੀ ਨੂੰ ਅਗਵਾ ਕਰ ਲਿਆ ਗਿਆ ਹੈ। ਉਥੇ ਭਾਰਤੀ ਦੂਤਘਰ ਵਲੋਂ ਉਸ ਨੂੰ ਦੋਹਾ ਵਾਪਿਸ ਭੇਜਣ ’ਚ ਕੋਈ ਮਦਦ ਨਹੀਂ ਕੀਤੀ ਜਾ ਰਹੀ। ਪੰਜਾਬ ਦੇ ਮੋਗਾ ’ਚ ਰਹਿਣ ਵਾਲੇ ਵਪਾਰੀ ਅਤੇ ਉਸ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਮਦਦ ਦੀ ਅਪੀਲ ਕੀਤੀ ਹੈ। ਮੋਗਾ ਦੇ ਦੌਧਰ ਪਿੰਡ ’ਚ ਰਹਿਣ ਵਾਲਾ ਮਨਜਿੰਦਰ ਸਿੱਧੂ ਦੋਹਾ, ਕਤਰ ’ਚ ਫੁੱਲਾਂ ਦਾ ਕਾਰੋਬਾਰ ਕਰਦਾ ਹੈ। ਸਿੱਧੂ ਤਰਬੂਜ਼ਾਂ ਦੇ ਡੱਬੇ ਲੈਣ ਈਰਾਨ ਗਿਆ ਸੀ। 28 ਅਪ੍ਰੈਲ ਨੂੰ ਜਦੋਂ ਉਹ ਡੈਲਗਨ ਕਾਊਂਟੀ ਪਹੁੰਚਿਆ ਤਾਂ ਕੁੱਝ ਅਣਜਾਣ ਅਗਵਾਕਾਰਾਂ ਨੇ ਉਸ ਨੂੰ ਅਗਵਾ ਕਰ ਕੇ ਉਸ ਦਾ ਪਾਸਪੋਰਟ, ਮੋਬਾਇਲ ਅਤੇ ਤਿੰਨ ਹਜ਼ਾਰ ਯੂਰੋ ਖੋਹ ਲਏ ਅਤੇ ਉਸ ਨੂੰ ਤਸੀਹੇ ਦਿੱਤੇ।
ਅਗਵਕਾਰਾਂ ਨੇ ਸਿੱਧੂ ਦੀ ਰਿਹਾਈ ਲਈ 20 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਸੀ। ਦੁਬਈ ’ਚ ਹੀ ਕਾਰਪੇਂਟਰ ਦਾ ਕੰਮ ਕਰਨ ਵਾਲੇ ਸਿੱਧੂ ਦੇ ਭਰਾ ਜਸਵਿੰਦਰ ਸਿੰਘ ਇੰਨ੍ਹੇਂ ਪੈਸੇ ਨਹੀਂ ਸੀ ਦੇ ਪਾ ਰਿਹਾ। ਅਗਵਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ, ਉਹ ਸਿੱਧੂ ਨੂੰ 10 ਲੱਖ ਰੁਪਏ ’ਚ ਛੱਡਣ ਲਈ ਤਿਆਰ ਹੋ ਗਏ। ਸਿੱਧੂ ਦੀ ਭੈਣ ਸੰਦੀਪ ਕੌਰ ਨੇ ਆਪਣੇ ਗਹਿਣ ਵੇਚ ਕਿਸੇ ਤਰ੍ਹਾਂ ਦੁਬਈ ’ਚ ਹਵਾਲਾ ਰਾਹੀਂ ਫ਼ਿਰੌਤੀ ਦਿੱਤੀ। ਇਸ ਦੇ ਬਾਵਜੂਦ ਅਗਵਕਾਰਾਂ ਨੇ ਸਿੱਧੂ ਨੂੰ ਨਹੀਂ ਛੱਡਿਆ। 24 ਮਈ ਨੂੰ ਸਿੱਧੂ ਕਿਸੇ ਤਰ੍ਹਾਂ ਨਾਲ ਬਿਨਾਂ ਪੈਸੇ ਦੇ ਅਗਵਕਾਰਾਂ ਦੇ ਚੁੰਗਲ ਤੋਂ ਭੱਜ ਨਿਕਲਿਆ। ਉਸ ਤੋਂ ਬਾਅਦ ਉਹ ਪਹਾੜਾਂ ਅਤੇ ਨਦੀਆਂ ਰਾਹੀਂ ਤਹਿਰਾਨ ਪਹੁੰਚਿਆ ਅਤੇ ਰਸਤੇ ’ਚ ਉਸ ਨੇ ਕਈ ਲੋਕਾਂ ਤੋਂ ਲਿਫ਼ਟ ਵੀ ਲਈ।
ਸਿੱਧੂ ਨੇ ਕਿਹਾ ਕਿ ਜਦ ਉਹ ਤਹਿਰਾਨ ’ਚ ਭਾਰਤੀ ਦੂਤਘਰ ਗਿਆ ਤਾਂ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਉਸ ਨੂੰ ਦੋਹਾ ਵਾਪਿਸ ਭੇਜਣ ਲਈ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ। ਸਿੱਧੂ ਦੀ ਮਾਂ ਬਲਵਿੰਦਰ ਕੌਰ ਨੇ ਕਿਹਾ ਕਿ ਤਹਿਰਾਨ ’ਚ ਭਾਰਤੀ ਦੂਤਘਰ ਨੇ ਨਾ ਤਾਂ ਗੱਲਬਾਤ ਕੀਤੀ ਅਤੇ ਨਾ ਹੀ ਉਨ੍ਹਾਂ ਦੇ ਬੇਟੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ PM ਮੋਦੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੇਟੇ ਦੀ ਮਦਦ ਕੀਤੀ ਜਾਵੇ। ਈਰਾਨ ਅਤੇ UAE ਦੀਆਂ ਅਥੌਰਿਟੀਜ਼ ਨਾਲ ਗੱਲਬਾਤ ਕਰ ਕੇ ਇੰਟਰਪੋਲ ਰਾਹੀਂ ਕਿਡਨੈਪਿੰਗ ਕੇਸ ਨੂੰ ਹੱਲ ਕਰਵਾਇਆ ਜਾਵੇ।