ਇਹ ਆਹਾਰ ਕਈ ਬੀਮਾਰੀਆਂ ਕਰਨਗੇ ਦੂਰ

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਲੋਕ ਅਕਸਰ ਪੇਟ ਦੀਆਂ ਬੀਮਾਰੀਆਂ ਨਾਲ ਪਰੇਸ਼ਾਨ ਰਹਿੰਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੇ ਭੋਜਨ ਵਿੱਚ ਫ਼ਾਈਬਰ ਯਾਨੀ ਰੇਸ਼ੇਦਾਰ ਭੋਜਨ ਪਦਾਰਥਾਂ ਨੂੰ ਸ਼ਾਮਿਲ ਨਹੀਂ ਕਰਦੇ। ਅੱਜ ਸਾਡੇ ਕੋਲ ਕਈ ਤਰ੍ਹਾਂ ਦੀਆਂ ਦਵਾਈਆਂ ਮੌਜੂਦ ਰਹਿੰਦੀਆਂ ਹਨ ਜਿਹਨਾਂ ਦੇ ਸੇਵਨ ਨਾਲ ਅਸੀਂ ਆਪਣੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਪਰ ਕਦੇ ਤੁਸੀਂ ਸੋਚਿਆ ਹੈ ਕਿ ਸਾਡੇ ਪੁਰਖੇ ਖ਼ੁਦ ਨੂੰ ਕਿਵੇਂ ਸਿਹਤਮੰਦ ਰੱਖਦੇ ਸਨ? ਉਹ ਫ਼ਾਈਬਰ ਵਾਲੇ ਭੋਜਨ ਪਦਾਰਥ ਖਾ ਕੇ ਆਪਣੀ ਇਮਿਊਨਿਟੀ ਬਣਾਏ ਰੱਖਦੇ ਸਨ। ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਵੀ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਅੱਜ ਤੋਂ 70 ਹਜ਼ਾਰ ਸਾਲ ਪਹਿਲਾਂ ਮਨੁੱਖ ਕਾਰਬੋਹਾਈਡ੍ਰੇਟਸ ਦੀ ਸਹੀ ਮਾਤਰਾ ਵਾਲਾ ਭੋਜਨ ਖਾਂਦੇ ਸਨ।
ਖੋਦਾਈ ਦੌਰਾਨ ਮਿਲੇ ਪੌਦਿਆਂ ਅਵਸ਼ੇਸ਼
ਦੱਖਣ ਅਫ਼ਰੀਕਾ ਵਿੱਚ ਖੋਦਾਈ ਦੌਰਾਨ ਖੋਜਕਾਰਾਂ ਨੇ ਅਜਿਹੇ ਪੌਦਿਆਂ ਦੇ ਅਵਸ਼ੇਸ਼ ਖੋਜੇ ਹਨ ਜੋ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਪ੍ਰਾਚੀਨ ਕਾਲ ‘ਚ ਮਨੁੱਖ ਵਧੇਰੇ ਰੇਸ਼ੇਦਾਰ ਭੋਜਨ ਦੇ ਸ਼ੌਕੀਨ ਸਨ। ਦੱਖਣੀ ਅਫ਼ਰੀਕਾ ਦੀ ਵਿਟਵਾਟਰਸੈਂਡ (ਵਿਟਸ) ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਹਾਈਪੋਕਸਿਸ ਐੱਸਪੀ ਨਾਂ ਦੇ ਪੌਦੇ ਦੀਆਂ ਜੜ੍ਹਾਂ ਮੱਧ ਸਟੋਨਏਜ ਦੇ ਮਨੁੱਖਾਂ ਲਈ ਭੋਜਨ ਦਾ ਸਭ ਤੋਂ ਚੰਗਾ ਸਰੋਤ ਰਹੀ ਹੋਵੇਗੀ ਕਿਉਂਕਿ ਕੰਦ-ਮੂਲ ਆਸਾਨੀ ਨਾਲ ਮੁਹੱਈਆ ਹੋ ਜਾਂਦਾ ਹੈ ਅਤੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਲਈ ਵੀ ਖ਼ਾਸ ਮਿਹਨਤ ਨਹੀਂ ਕਰਨੀ ਪੈਂਦੀ।
ਮੱਧ ਸਟੋਨਏਜ ਯੁੱਗ ਦਾ ਸਮਾਂ ਦੋ ਲੱਖ 80 ਹਜ਼ਾਰ ਤੋਂ ਦੋ ਲੱਖ 25 ਹਜ਼ਾਰ ਸਾਲ ਪਹਿਲਾਂ ਮੰਨਿਆ ਜਾਂਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਪੂਰੇ ਅਫ਼ਰੀਕਾ ਮਹਾਦੀਪ ਵਿੱਚ ਰੇਸ਼ੇਦਾਰ ਜੜ੍ਹਾਂ ਉਸ ਯੁੱਗ ਵਿੱਚ ਆਸਾਨੀ ਨਾਲ ਮਿਲਦੀਆਂ ਹੋਣਗੀਆਂ। ਇਸ ਅਧਿਐਨ ਦੇ ਸਹਿ-ਲੇਖਕ ਅਤੇ ਵਿਟਸ ਨਾਲ ਜੁੜੇ ਲਿਨ ਨੇ ਕਿਹਾ ਕਿ ਇਹ ਅਧਿਐਨ ਹੁਣ ਤਕ ਹੋਈਆਂ ਖੋਜਾਂ ਦੀ ਤੁਲਨਾ ਵਿੱਚ ਸਭ ਤੋਂ ਪੁਰਾਣਾ ਹੈ। ਨਾਲ ਹੀ ਇਹ ਵੀ ਪਤਾ ਲੱਗਦਾ ਹੈ ਕਿ ਉਸ ਕਾਲ ਵਿੱਚ ਆਧੁਨਿਕ ਮਨੁੱਖ ਕਿਸ ਤਰ੍ਹਾਂ ਜ਼ਿੰਦਗੀ ਜਿਊਂਦੇ ਸਨ। ਉਹਨਾਂ ਨੇ ਕਿਹਾ ਕਿ ਜਿਸ ਕਾਲ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦੌਰ ਵਿੱਚ ਨਿਸ਼ਚਿਤ ਰੂਪ ਨਾਲ ਮਨੁੱਖ ਲੱਕੜ ਨਾਲ ਜ਼ਮੀਨ ਖੋਦ ਕੇ ਜੜ੍ਹਾਂ ਕੱਢਦੇ ਹੋਣਗੇ।
ਸਿਹਤਮੰਦ ਰਹਿਣ ਲਈ ਫ਼ਾਇਦੇਮੰਦ ਰੇਸ਼ੇਦਾਰ ਭੋਜਨ
ਖੋਜਕਾਰਾਂ ਦਾ ਕਹਿਣਾ ਹੈ ਕਿ ਫ਼ਲਾਂ ਦੇ ਛਿਲਕਿਆਂ ਸਣੇ ਖਾਣ ਨਾਲ ਵੀ ਸਾਡੇ ਸ਼ਰੀਰ ਨੂੰ ਫ਼ਾਈਬਰ ਮਿਲਦਾ ਹੈ ਜੋ ਸਾਡੀਆਂ ਪੇਟ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਹੋਰ ਅਧਿਐਨ ਮੁਤਾਬਿਕ, ਰੇਸ਼ੇਦਾਰ ਭੋਜਨ ਪਦਾਰਥ ਨਾ ਸਿਰਫ਼ ਕਬਜ਼ ਠੀਕ ਕਰਦੇ ਹਨ ਬਲਕਿ ਡਾਇਬਟੀਜ਼, ਐਜ਼ਮਾ, ਦਿਲ ਸਬੰਧੀ ਬੀਮਾਰੀਆਂ ਅਤੇ ਕੈਂਸਰ ਕੋਸ਼ਿਕਾਵਾਂ ਬਣਨ ਤੋਂ ਬਚਾਉਂਦਾ ਹੈ।
ਸੂਰਜਵੰਸ਼ੀ