ਇਸਤਰੀ ਦੀ ਆਜ਼ਾਦੀ ਤੇ ਚਿਤਰਕਾਰ ਦੀ ਤੂਲਿਕਾ

gurbachan-300x150ਗੁਰਬਚਨ ਸਿੰਘ ਭੁੱਲਰ
ਜ਼ਿਲਾ ਸੰਗਰੂਰ ਦੇ ਪਿੰਡ ਟਿੱਬਾ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਦਰਸ਼ਨ ਨੂੰ ਕਲਾ ਕੁਦਰਤੀ ਦਾਤ ਵਜੋਂ ਮਿਲੀ। ਬਚਪਨ ਵਿੱਚ ਹੀ ਉਹ ਗਿੱਲੀ ਮਿੱਟੀ ਦੇ ਬਲ੍ਹਦ-ਬੋਤੇ ਬਣਾਉਣ ਲੱਗ ਪਿਆ ਸੀ। ਟਿੱਬਿਆਂ ਦੇ ਕੱਕੇ ਰੇਤੇ ਉੱਤੇ ਉਂਗਲਾਂ ਨਾਲ ਮੂਰਤਾਂ ਵਾਹੁਣ ਦਾ ਉਹਦਾ ਸ਼ੌਕ ਜਦੋਂ ਸਕੂਲ ਦੀਆਂ ਕਾਪੀਆਂ ਦੇ ਪੰਨਿਆਂ ਉੱਤੇ ਪੈਨਸਿਲ ਰਾਹੀਂ ਉਤਰਨ ਲਗਿਆ ਤਾਂ ਡਰਾਇੰਗ ਮਾਸਟਰ ਮਹਿੰਦਰ ਸਿੰਘ ਦੀ ਪਾਰਖੂ ਅੱਖ ਨੇ ਉਹਦੀ ਭਵਿੱਖੀ ਪ੍ਰਤਿਭਾ ਨੂੰ ਪਛਾਣ ਲਿਆ। ਉਹਦੀ ਹੱਲਾਸ਼ੇਰੀ ਨਾਲ ਕਲਾ ਦੇ ਰਾਹ ਤੁਰਿਆ ਦਰਸ਼ਨ ਆਖ਼ਰ ਨਾਭੇ ਤੋਂ ਆਰਟ ਐਂਡ ਕਰਾਫ਼ਟ ਟੀਚਰ ਵਜੋਂ ਟਰੇਨਿੰਗ ਲੈ ਕੇ ਚਿਤਰਕਲਾ ਤੇ ਮੂਰਤੀਕਾਰੀ ਦਾ ਸਾਧਕ ਬਣ ਗਿਆ। ਇਹਦੇ ਨਾਲ ਹੀ ਉਹ ਸਾਹਿਤ ਦਾ ਰਸੀਆ ਪਾਠਕ ਤਾਂ ਹੈ ਹੀ, ਕਦੀ ਕਦੀ ਸਾਹਿਤ ਰਚਣ ਵਾਸਤੇ ਕਲਮਕਾਰ ਦਾ ਰੂਪ ਵੀ ਧਾਰ ਲੈਂਦਾ ਹੈ। ਆਯੂ ਦੇ ਸੱਤਵੇਂ ਦਹਾਕੇ ਵਿੱਚ ਦਾਖ਼ਲ ਹੋ ਚੁੱਕਿਆ ਦਰਸ਼ਨ ਸਿੰਘ ਹੁਣ ਬਰਨਾਲੇ ਦਾ ਵਾਸੀ ਹੈ। ਉਹਨੇ ਸਾਧਾਰਨ ਮਨੁੱਖ ਦੇ, ਖ਼ਾਸ ਕਰ ਕੇ ਇਸਤਰੀ ਦੇ ਮੁਸ਼ੱਕਤੀ ਜੀਵਨ ਨੂੰ ਆਪਣੀਆਂ ਬਹੁਤੀਆਂ ਕਿਰਤਾਂ ਦਾ ਵਿਸ਼ਾ ਬਣਾਇਆ ਹੈ। ਇਸ ਪਿੱਛੇ ਭਾਵਨਾ ਤੇ ਪ੍ਰੇਰਨਾ ਬਚਪਨ ਤੋਂ ਥੁੜ੍ਹਾਂ ਤੇ ਤੰਗੀਆਂ-ਤੁਰਸ਼ੀਆਂ ਨਾਲ ਘੁਲਦਿਆਂ ਉਸ ਸਮਾਜਕ ਆਲ਼ੇ-ਦੁਆਲ਼ੇ ਵਿੱਚ ਅੱਗੇ ਵਧਿਆ ਉਹਦਾ ਆਪਣਾ ਜੀਵਨ ਹੈ ਜਿਸ ਵਿੱਚ ਪੁਰਸ਼ ਦੇ ਮੁਕਾਬਲੇ ਇਸਤਰੀ ਬਹੁਤ ਵੱਧ ਕੁਝ ਸਹਿੰਦੀ-ਭੋਗਦੀ ਹੈ। ਉਹ ਸੱਚੀ ਤੇ ਖਰੀ ਕਲਾ ਉਸੇ ਨੂੰ ਮੰਨਦਾ ਹੈ ਜੋ ਸਾਧਾਰਨ ਮਨੁੱਖ ਦੇ ਜੀਵਨ ਦਾ ਅਕਸ ਹੋਵੇ ਅਤੇ ਨਰੋਈਆਂ ਮਨੁੱਖੀ ਤੇ ਸਮਾਜਕ ਕਦਰਾਂ-ਕੀਮਤਾਂ ਦੀ ਪ੍ਰੇਰਕ ਬਣੇ।
ਮਨੁੱਖਜਾਤੀ ਨੂੰ ਹਨੇਰੇ ਤੋਂ ਚਾਨਣ ਤਕ ਪੁੱਜਣ ਲਈ ਬੜਾ ਲੰਮਾ ਪੰਧ ਤੈਅ ਕਰਨਾ ਪਿਆ ਹੈ। ਆਪਣੇ ਆਰੰਭਕ ਕਾਲ ਵਿੱਚ, ਕੀ ਪੁਰਸ਼ ਤੇ ਕੀ ਇਸਤਰੀ, ਸਮੁੱਚੀ ਮਾਨਵਜਾਤੀ ਹੀ ਕੁਦਰਤੀ ਸ਼ਕਤੀਆਂ ਸਾਹਮਣੇ ਬੇਵੱਸਤਾ ਤੇ ਅਧੀਨਗੀ ਦਾ ਜੰਗਲੀ ਜੀਵਨ ਬਤੀਤ ਕਰਦੀ ਸੀ। ਕੁਝ ਸੋਝੀ ਆਉਣ ਨਾਲ ਜਦੋਂ ਮਨੁੱਖ ਹੌਲ਼ੀ ਹੌਲ਼ੀ ਕੁਝ ਪੱਖਾਂ ਤੋਂ ਕੁਦਰਤ ਉੱਤੇ ਭਾਰੂ ਹੋਣ ਲੱਗ ਪਿਆ, ਪੁਰਸ਼ ਨੇ ਆਪਣੇ ਬਾਹੂਬਲ ਦਾ ਅਤੇ ਇਸਤਰੀ ਦੇ ਮਾਂ-ਰੂਪੀ ਫ਼ਰਜ਼ਾਂ ਤੇ ਰੁਝੇਵਿਆਂ ਦਾ ਲਾਹਾ ਲੈ ਕੇ ਉਹਨੂੰ ਅਧੀਨਗੀ ਵੱਲ ਧੱਕਣਾ ਸ਼ੁਰੂ ਕਰ ਦਿੱਤਾ। ਇਸ ਕਰ ਕੇ ਜਿਥੇ ਪੁਰਸ਼ ਨੂੰ ਕੇਵਲ ਕੁਦਰਤ ਨਾਲ ਹੀ ਲੜਨਾ ਪਿਆ, ਇਸਤਰੀ ਨੂੰ ਇਸ ਲੜਾਈ ਦੇ ਸਮਾਨੰਤਰ ਪੁਰਸ਼ ਤੋਂ ਆਪਣੇ ਅਧਿਕਾਰ ਖੋਹਣ ਦੀ ਲੰਮੀ ਲੜਾਈ ਵੀ ਲੜਨੀ ਪਈ ਜੋ ਅੱਜ ਤਕ ਵੀ ਅਧੂਰੀ ਹੋਣ ਕਰ ਕੇ ਜਾਰੀ ਹੈ। ਆਪਣੇ ਸਥਾਨ ਅਤੇ ਅਧਿਕਾਰ ਦੀ ਲੜਾਈ ਦੇ ਲੰਮੇ ਇਤਿਹਾਸ ਵਿੱਚ ਇਸਤਰੀ ਨੇ ਅਨੇਕ ਮੋਰਚੇ ਫ਼ਤਿਹ ਕੀਤੇ ਹਨ। ਭਾਵੇਂ ਪੁਰਸ਼ ਨਾਲ ਪੂਰੀ ਸਮਾਜਕ-ਆਰਥਕ ਬਰਾਬਰੀ ਅਜੇ ਵੀ ਦੂਰ ਦਾ ਸੁਫ਼ਨਾ ਲਗਦੀ ਹੈ ਤਾਂ ਵੀ ਇਸਤਰੀ ਦੀ ਸਫ਼ਲਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦਰਸ਼ਨ ਸਿੰਘ ਟਿੱਬਾ ਦਾ ਇਥੇ ਪੇਸ਼ ਸੱਜਰਾ, 2015 ਦਾ ਸਿਰਜਿਆ ਚਿੱਤਰ ਇਸੇ ਸਫ਼ਲਤਾ ਦੀ ਹੀ ਬਾਤ ਪਾਉਂਦਾ ਹੈ। ਉਹਨੇ ਡੂੰਘੇ ਹਨੇਰੇ ਅਤੀਤ ਤੋਂ ਜਾਗਰਿਤ ਵਰਤਮਾਨ ਤਕ ਦੀ ਇਸ ਸੰਗਰਾਮੀ ਯਾਤਰਾ ਦੇ ਸੱਤ ਪੜਾਅ ਦਿਖਾਏ ਹਨ ਅਤੇ ਹਰ ਪੜਾਅ ਨੂੰ ਇਸਤਰੀ ਦੀ ਉਸ ਸਮੇਂ ਦੀ ਹਾਲਤ ਰਾਹੀਂ ਪੇਸ਼ ਕੀਤਾ ਹੈ।
ਸੁਭਾਵਿਕ ਸੀ ਕਿ ਪਹਿਲੇ ਪੜਾਅ ਨੂੰ ਵਿਸਤਾਰ ਵਿੱਚ ਚਿਤਰਿਆ ਜਾਂਦਾ। ਇਥੇ ਨਿੰਮੋਝੂਨ ਇਸਤਰੀ ਗੋਡਿਆਂ ਵਿੱਚ ਸਿਰ ਦੇ ਕੇ ਸੁੰਗੜੀ ਬੈਠੀ ਹੈ। ਦਰਸ਼ਕ ਵੱਲ, ਖੁੱਲ੍ਹੀ-ਡੁੱਲ੍ਹੀ ਉਤਸਾਹੀ ਜ਼ਿੰਦਗੀ ਵੱਲ ਉਹਦੀ ਪਿੱਠ ਹੈ। ਸਾਹਮਣੇ ਨਿਪੱਤਰਾ ਬਿਰਛ ਹੈ ਜੋ ਇਸਤਰੀ ਦੀ ਖ਼ੁਸ਼ੀਉਂ ਵਿਰਵੀ ਨਿਹਫ਼ਲ ਜ਼ਿੰਦਗੀ ਨੂੰ ਪੇਸ਼ ਕਰਦਾ ਹੈ। ਬਿਰਛ ਦੇ ਪੋਰੇ ਦੇ ਅੱਧ ਵਿੱਚ, ਪਹਿਲਾਂ ਕਦੀ ਡਾਹਣੀ ਦੇ ਟੁੱਟਣ ਨਾਲ ਬਣੀ ਹੋਈ, ਅੰਨ੍ਹੀ ਅੱਖ ਹੈ ਜੋ ਸਮਾਜ ਦੀ ਦ੍ਰਿਸ਼ਟੀਹੀਣਤਾ ਦੀ ਲਖਾਇਕ ਹੈ। ਖੱਬੇ ਹੱਥ ਬਿਰਛ ਦੀ ਟੁੱਟੀ ਹੋਈ ਨਿਪੱਤਰੀ ਡਾਹਣੀ ਪਈ ਹੈ ਜੋ ਮਾਹੌਲ ਦੀ ਨੀਰਸਤਾ ਤੇ ਬੰਜਰਤਾ ਵਿੱਚ ਵਾਧਾ ਕਰਦੀ ਹੈ। ਕੋਲ ਮਰਦਾਵੇਂ ਜੁੱਤੇ ਦੇ ਦੋਵੇਂ ਪੈਰ ਅੱਗੜ-ਪਿੱਛੜ ਪਏ ਹਨ। ਜੁੱਤਾ ਸ਼ੁਰੂ ਤੋਂ ਹੀ ਪੁਰਸ਼ ਦੀ ਨਜ਼ਰ ਵਿੱਚ ਬਣੀ ਹੋਈ ਪੈਰ ਦੀ ਜੁੱਤੀ ਵਾਲ਼ੀ ਇਸਤਰੀ ਦੀ ਹੈਸੀਅਤ ਦਾ ਪ੍ਰਤੀਕ ਹੈ ਤੇ ਜਦੋਂ ਵੀ ਪੁਰਸ਼ ਦੇ ਮਨ ਦੀ ਮੌਜ ਹੋਵੇ, ਉਹਨੂੰ ਦੁਸ਼ਾਂਦਾ ਦੇਣ ਲਈ ਸੌਖਾ ਸ਼ਸਤਰ ਵੀ ਬਣਦਾ ਰਿਹਾ ਹੈ। ਜੁੱਤੇ ਦੇ ਦੋਵਾਂ ਪੈਰਾਂ ਵਿਚਕਾਰ ਪੁਲਾਂਘ ਜਿੰਨੀ ਵਿੱਥ ਹੈ। ਉਹਨਾਂ ਦਾ ਰੁਖ਼ ਇਸਤਰੀ-ਯਾਤਰਾ ਦੇ ਸਮਾਨੰਤਰ ਹੈ। ਇਉਂ ਲਗਦਾ ਹੈ ਜਿਵੇਂ ਉਹ ਪੁਰਸ਼ ਦੇ ਅਨਦਿਸਦੇ ਪੈਰਾਂ ਨੇ ਪਾਏ ਹੋਏ ਹੋਣ ਜਿਸ ਨੇ ਇਸਤਰੀ ਦੇ ਨਾਲ ਨਾਲ ਚੱਲਣ ਦੀ ਧਾਰੀ ਹੋਈ ਹੋਵੇ। ਪਰ ਸੰਘਰਸ਼ੀ ਇਸਤਰੀ ਅੱਗੇ ਨਿਕਲ ਜਾਂਦੀ ਹੈ, ਜੁੱਤੇ ਮਾਤ ਖਾ ਕੇ ਥਾਂ ਦੀ ਥਾਂ ਰਹਿ ਜਾਂਦੇ ਹਨ। ਉਹਦੇ ਪੈਰੀਂ, ਗ਼ੁਲਾਮੀ ਦਾ ਚਿੰਨ੍ਹ, ਮੋਟਾ-ਲੰਮਾ ਸੰਗਲ ਹੈ। ਉਹ ਵੀ ਉਹਦਾ ਸਾਥ ਛੱਡਣ ਵਾਲ਼ਾ ਨਹੀਂ ਲਗਦਾ। ਉਹ ਵੀ ਉਸੇ ਸੇਧ ਵਿੱਚ ਦੂਰ ਤਕ ਵਧਿਆ-ਵਿਛਿਆ ਹੋਇਆ ਹੈ। ਪਰ ਆਖ਼ਰ ਇਸਤਰੀ ਦੀ ਛੁਹਲ਼ੀ ਤੋਰ ਤੋਂ ਪਛੜ ਕੇ ਉਸ ਨਾਲੋਂ ਵਿੱਥ ਪਾਉਂਦਾ ਤੇ ਦੂਰ ਹੁੰਦਾ ਔਝੜ ਵਿੱਚ ਮੁੱਕ ਜਾਂਦਾ ਹੈ।
ਬਿਰਛ ਹੇਠ ਕੁੰਡਲੀਆ ਸੱਪ ਇਸਤਰੀ ਵੱਲ ਫ਼ਨ ਚੁੱਕ ਕੇ ਫ਼ੁੰਕਾਰੇ ਮਾਰ ਰਿਹਾ ਹੈ। ਫ਼ੁੰਕਾਰਦੇ ਫ਼ਨ ਵਾਲ਼ਾ ਸੱਪ ਗੁੱਟ ਤੋਂ ਕੁਝ ਉਤਾਂਹ ਤਕ ਦਿਸਦੇ ਡਾਂਗ ਵਾਲੇ ਖੱਬੇ ਹੱਥ ਦੇ ਰੂਪ ਵਿੱਚ ਹਾਜ਼ਰ ਅਦਿਸਦੇ ਪੁਰਸ਼ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਸਗੋਂ ਸੱਪ ਤੇ ਪੁਰਸ਼ ਇਸਤਰੀ ਵੱਲ ਰਵਈਏ ਦੇ ਪੱਖੋਂ ਇੱਕ ਦੂਜੇ ਦੇ ਪੂਰਕ ਤੇ ਅਰਥਾਵੇ ਹਨ। ਚਿਤਰਕਾਰ ਦਾ ਪੁਰਸ਼ ਦੀ ਇਸ ਤੋਂ ਵਧੀਕ ਕਾਇਆ ਨੂੰ ਚਿਤਰਨ ਦੇ ਮੋਹ ਵਿੱਚ ਨਾ ਪੈਣਾ ਡੂੰਘੀ ਰਮਜ਼ ਦਿੰਦਾ ਹੈ। ਚਿਤਰ ਦੇ ਚੌਖ਼ਟੇ ਤੋਂ ਬਾਹਰ ਰੱਖੇ ਗਏ ਪੁਰਸ਼ ਦਾ ਸਰੂਪ ਕੋਈ ਅਰਥ ਤੇ ਅਹਿਮੀਅਤ ਨਹੀਂ ਰਖਦਾ। ਉਹ ਕੋਈ ਵੀ ਹੋਵੇ, ਕਿਹੋ ਜਿਹਾ ਵੀ ਹੋਵੇ, ਇਸਤਰੀ ਜ਼ਾਤ ਲਈ ਉਹਦੀ ਪੁਰਸ਼ੀ ਹਉਂ ਤੇ ਹੈਂਕੜ ਹੱਥ ਵਿੱਚ ਫ਼ੜੀ ਹੋਈ ਮੋਟੀ ਡਾਂਗ ਦਾ ਰੂਪ ਧਾਰ ਕੇ ਹੀ ਪ੍ਰਗਟ ਹੁੰਦੀ ਹੈ। ਚਿਤਰ ਵਿੱਚ ਉਹਦੀ ਏਨੀ, ਟੋਟਾ ਹੋਂਦ ਹੀ ਪੂਰੀ ਇਸਤਰੀ ਦੇ ਮੁਕਾਬਲੇ ਭਾਰੂ ਅਤੇ ਕਾਬਜ਼ ਹੈ। ਇਹ ਚਿਤਰਕਾਰ ਦੀ ਕਲਾ ਦਾ ਕਮਾਲ ਹੀ ਹੈ ਕਿ ਕੂਹਣੀ ਤੇ ਗੁੱਟ ਦੇ ਵਿਚਕਾਰ ਤਕ ਦਿਸਦੀ ਡਾਂਗ ਵਾਲ਼ੀ ਬਾਂਹ ਰਾਹੀਂ ਉਹਨੇ ਉਹ ਸਭ ਕੁਝ ਕਹਿ ਤੇ ਦਰਸਾ ਦਿੱਤਾ ਹੈ ਜੋ ਕਿਹਾ-ਦਰਸਾਇਆ ਜਾਣਾ ਚਾਹੀਦਾ ਸੀ। ਕੁੜਤੇ ਦੀ ਬਾਂਹ ਦਾ ਜੋ ਥੋੜ੍ਹਾ ਜਿਹਾ ਅਗਲਾ ਗੋਲ਼ ਸਿਰਾ ਦਿਸਦਾ ਹੈ, ਉਹਦੇ ਕੱਪੜੇ ਦੀ ਬਣਤ-ਬੁਣਤ ਤੇ ਸਿਲਾਈ ਤੋਂ ਪੁਰਾਤਨਤਾ ਦੀ ਦੱਸ ਪੈਂਦੀ ਹੈ। ਕੁੜਤੇ ਦੀ ਬਾਂਹ ਤੋਂ ਦੋ ਕੁ ਉਂਗਲਾਂ ਪਿੱਛੇ ਤਕ ਕੋਟ ਦੀ ਬਾਂਹ ਦਾ ਅਜਿਹਾ ਹੀ ਪੁਰਾਤਨੀ ਖੁਰਦਰਾ ਸਿਰਾ ਦਿਖਾਈ ਦਿੰਦਾ ਹੈ। ਇਹ ਕੋਟ ਸੱਤਾ, ਅਧਿਕਾਰ, ਦਬਦਬੇ ਤੇ ਦਾਬੇ ਦਾ ਚਿੰਨ੍ਹ ਹੈ ਕਿਉਂਕਿ ਉਸ ਜ਼ਮਾਨੇ ਵਿੱਚ ਸਾਧਾਰਨ ਜਨਮਾਨਸ ਲਈ ਅਜਿਹਾ ਬਾਣਾ ਪਹੁੰਚ ਵਿੱਚ ਨਾ ਹੋਣ ਤੋਂ ਇਲਾਵਾ ਸਮਾਜਕ ਦਰਜੇਬੰਦੀ ਦੇ ਪੱਖੋਂ ਪਹਿਨਣਾ ਵੀ ਸੰਭਵ ਨਹੀਂ ਸੀ ਸਗੋਂ ਵਰਜਿਤ ਸੀ। ਗਿੱਠ ਕੁ ਬਾਂਹ ਤੋਂ ਬਿਨਾਂ ਚਿਤਰ ਵਿੱਚੋਂ ਪੁਰਸ਼ ਦੀ ਗ਼ੈਰਹਾਜ਼ਰੀ ਇਸ ਦਸਦੀ ਹੈ ਕਿ ਪੁਰਸ਼ ਗ਼ੈਰ-ਹਾਜ਼ਰ ਵੀ ਹੋਵੇ, ਇਸਤਰੀ ਉੱਤੇ ਉਹਦਾ ਦਾਬਾ ਹਾਜ਼ਰ ਰਹਿੰਦਾ ਹੈ।
ਪੁਰਸ਼ ਦੀ ਬਾਂਹ ਦੇ ਏਨੇ ਕੁ ਹਿੱਸੇ ਵਾਂਗ ਡਾਂਗ ਵੀ ਬਹੁਤ ਕੁਝ ਕਹਿੰਦੀ-ਦਿਖਾਉਂਦੀ ਹੈ। ਡਾਂਗ ਮੋਟੀ ਤੇ ਮਜ਼ਬੂਤ ਤਾਂ ਹੈ ਹੀ, ਪੋਰੀਦਾਰ ਵੀ ਹੈ। ਪੋਰੀਆਂ ਸਮਾਜ ਵਿੱਚ ਸੱਤਾ ਦੀ ਪਰਤਬੰਦੀ ਦੀਆਂ ਪ੍ਰਤੀਕ ਹਨ। ਇਸਤਰੀ ਤਾਂ ਸਭ ਤੋਂ ਹੇਠਾਂ ਹੈ ਹੀ, ਪੁਰਸ਼-ਪ੍ਰਧਾਨ ਸਮਾਜ ਵਿੱਚ ਛੋਟੇ ਸੱਤਾਧਾਰੀ ਪੁਰਸ਼ ਦੇ ਉੱਤੇ ਉਸ ਤੋਂ ਵੱਡਾ ਸੱਤਾਧਾਰੀ ਤੇ ਉਸ ਤੋਂ ਉੱਤੇ ਹੋਰ ਵੱਡਾ ਸੱਤਾਧਾਰੀ ਹੋਣ ਦਾ ਸਿਲਸਿਲਾ ਡਾਂਗ ਦੀਆਂ ਪੋਰੀਆਂ ਵਾਂਗ ਕਈ ਪਰਤਾਂ ਵਾਲ਼ਾ ਰਿਹਾ ਹੈ। ਡਾਂਗ ਦਾ ਸੱਜੇ ਦੀ ਥਾਂ ਖੱਬੇ ਹੱਥ ਵਿੱਚ ਹੋਣਾ ਪੁਰਸ਼ ਦੀ ਇਸ ਮਾਨਸਿਕਤਾ ਦਾ ਲਖਾਇਕ ਹੈ ਕਿ ਇਸਤਰੀ ਨੂੰ ਉਹਦੀ ਗ਼ੁਲਾਮ ਹੈਸੀਅਤ ਵਿੱਚ ਰੱਖਣਾ ਉਹਦੇ ਖੱਬੇ ਹੱਥ ਦੀ ਖੇਡ ਹੈ। ਡਾਂਗ ਉੱਤੇ ਪੰਜਾਂ ਉਂਗਲਾਂ ਦੀ ਮਜ਼ਬੂਤ ਪਕੜ ਰਾਹੀਂ ਉਜਾਗਰ ਹੁੰਦਾ ਇਸਤਰੀ-ਜੀਵਨ ਉੱਤੇ ਪੁਰਸ਼ੀ ਵਸੀਕਾਰ ਡਾਂਗ ਦਾ ਹੇਠਲਾ ਸਿਰਾ ਇਸਤਰੀ ਦੇ ਐਨ ਮੂਹਰੇ ਟਿਕਣ ਨਾਲ ਸੰਪੂਰਨ ਹੋ ਜਾਂਦਾ ਹੈ। ਡਾਂਗ ਦੇ ਉੱਪਰਲੇ ਸਿਰੇ ਉੱਤੇ ਸੋਨੇ ਦਾ ਪੋਲਰਾ ਮਜਬੂਰ, ਮਜ਼ਲੂਮ ਤੇ ਹੱਥਲ ਇਸਤਰੀ ਦੇ ਮੁਕਾਬਲੇ ਪੁਰਸ਼ ਦੀ ਜਾਇਦਾਦ-ਮਾਲਕੀ ਤੇ ਆਰਥਕ ਸਰਦਾਰੀ ਦਾ ਪ੍ਰਤੀਕ ਹੈ।
ਨਿਪੱਤਰਾ ਬਿਰਛ, ਫ਼ਨਦਾਰ ਨਾਗ ਅਤੇ ਡਾਂਗੂ ਪੁਰਸ਼ ਮਿਲ ਕੇ ਧੌਂਸ-ਭਰੇ ਵਿਸ਼ੈਲੇ ਪੁਰਸ਼-ਪ੍ਰਧਾਨ ਮਾਹੌਲ ਵਿੱਚ ਇਸਤਰੀ ਦੇ ਹਿੱਸੇ ਆਈ ਨਿਪੱਤਰੀ-ਨਿਹਫ਼ਲ ਜ਼ਿੰਦਗੀ ਦੀ ਤਸਵੀਰ ਮੁਕੰਮਲ ਕਰ ਦਿੰਦੇ ਹਨ!
ਦੂਜੇ ਪੜਾਅ ਉੱਤੇ ਇਸਤਰੀ ਬੈਠੀ ਉਸੇ ਪਹਿਲੀ ਨਿੰਮੋਝੂਨ ਸਰੀਰਕ-ਮਾਨਸਿਕ ਹਾਲਤ ਵਿੱਚ ਹੈ, ਪਰ ਉਹਨੇ ਲੰਮਾ ਘੁੰਡ ਕੱਢਿਆ ਹੋਇਆ ਹੈ। ਜਿਥੇ ਪਹਿਲਾਂ ਵਾਲ਼ਾ ਨੰਗਾ ਸਿਰ ਕਾਮੁਕ ਪੱਖੋਂ ਕਿਸੇ ਤੇਰ-ਮੇਰ ਤੋਂ ਪੂਰਵਲੇ ਇੱਜੜੀ ਦੌਰ ਦੀ ਸੋਚ ਦੀ ਦੱਸ ਪਾਉਂਦਾ ਸੀ ਜਦੋਂ ਇਸਤਰੀ ਉੱਤੇ ਪੁਰਸ਼ ਦੇ ਕਾਇਆ-ਕਬਜ਼ੇ ਦੇ ਵਿਚਾਰ ਦੀ ਅਨਹੋਂਦ ਕਾਰਨ ਅਜੇ ਲਾਜ-ਸ਼ਰਮ ਦਾ ਸੰਕਲਪ ਉਸ ਨਾਲ ਜੋੜਿਆ ਨਹੀਂ ਸੀ ਗਿਆ, ਇਹ ਘੁੰਡ ਇਸਤਰੀ ਉੱਤੇ ਇੱਕ ਪੁਰਸ਼ ਦੀ ਹੋ ਕੇ ਰਹਿਣ ਦਾ ਤੇ ਲਾਜ-ਸ਼ਰਮ ਦਾ ਨੇਮ ਲਾਗੂ ਤੇ ਲਾਦੂ ਕਰ ਦਿੱਤੇ ਜਾਣ ਦਾ ਸੂਚਕ ਹੈ। ਅਗਲੇ ਦੌਰ ਦੀ ਇਸਤਰੀ ਨੇ ਗਰਦਨ ਕੁਝ ਕੁਝ ਉੱਚੀ ਕਰ ਲਈ ਹੈ। ਬੁੱਕਲ ਵਿੱਚ ਟਿਕੇ ਹੋਣ ਕਰ ਕੇ ਪਹਿਲਾਂ ਦੇ ਅਦਿਸਦੇ ਹੱਥਾਂ ਦੀ ਥਾਂ ਉਹਨੇ ਖੱਬਾ ਹੱਥ ਧਰਤੀ ਉੱਤੇ ਟੇਕ ਲਿਆ ਹੈ ਜੋ ਹੰਭਲਾ ਮਾਰਨ ਦੀ ਤਿਆਰੀ ਦਾ ਸੰਕੇਤ ਹੈ। ਅਸਲ ਮੋੜ ਉਸ ਤੋਂ ਅਗਲਾ ਹੈ ਜਿਥੇ ਇਸਤਰੀ ਨੇ ਚਿਹਰਾ ਸਾਹਮਣੇ ਵੱਲ ਕਰਨ ਵਾਸਤੇ ਪਾਸਾ ਤਾਂ ਮੋੜ ਲਿਆ ਹੈ ਪਰ ਸੰਗਲ ਲਹਿ ਜਾਣ ਦੇ ਬਾਵਜੂਦ ਬਚੀ-ਖੁਚੀ ਗੁਲ਼ਾਮੀ ਦਾ ਚਿੰਨ੍ਹ, ਮੋਟਾ ਕੜਾ, ਖੱਬੇ ਗਿੱਟੇ ਕੋਲ ਬਾਕੀ ਹੋਣ ਕਾਰਨ ਉਹ ਅੱਧਾ ਘੁੰਡ ਚੁੱਕਣ ਦਾ ਸਾਹਸ ਹੀ ਕਰ ਸਕੀ ਹੈ। ਅਗਲੀ ਇਸਤਰੀ ਪੂਰਾ ਘੁੰਡ ਚੁੱਕ ਕੇ ਚਿਹਰਾ ਤਾਂ ਸਾਹਮਣੇ ਕਰ ਲੈਂਦੀ ਹੈ ਪਰ ਉਹ ਚਿਹਰਾ ਹੁਣ ਤਕ ਦੀ ਲੰਮੀ ਔਖੀ ਯਾਤਰਾ ਦੀ ਥਕਾਵਟ ਤੇ ਪੀੜ ਕਾਰਨ ਅਤੇ ਭਵਿੱਖ ਵਿੱਚ ਲੜਨੀ ਪੈਣੀ ਲੜਾਈ ਦੀ ਫ਼ਿਕਰਮੰਦੀ ਕਾਰਨ ਖੇੜੇ-ਖ਼ੁਸ਼ੀ ਦੇ ਕਿਸੇ ਵੀ ਸੰਕੇਤ ਤੋਂ ਸੱਖਣਾ ਹੈ। ਇਹ ਅਗਲਾ ਪੜਾਅ ਹੈ ਜਿਸ ਵਿੱਚ ਫ਼ੈਸਲਾਕੁਨ ਮੋੜ ਆਉਂਦਾ ਹੈ। ਇਥੇ ਗੋਡਿਆਂ-ਭਾਰ ਹੋਈ ਇਸਤਰੀ ਦੇ ਛੇਤੀ ਹੀ ਖੜ੍ਹੀ ਹੋ ਜਾਣ ਵਿੱਚ ਕੋਈ ਸੰਦੇਹ ਨਹੀਂ ਰਹਿ ਜਾਂਦਾ। ਉਹਨੇ ਘੁੰਡ ਪੂਰੀ ਤਰ੍ਹਾਂ ਲਾਹ ਮਾਰਿਆ ਹੈ। ਸਿਰ ਉੱਤੇ ਟਿਕੇ ਹੋਏ ਸੱਜੇ ਹੱਥ ਤੋਂ ਅਤੇ ਦੂਰ ਦੁਮੇਲ ਵੱਲ ਟਿਕੀਆਂ ਹੋਈਆਂ ਇਕਾਗਰ ਨਜ਼ਰਾਂ ਤੋਂ ਆਪਣੀ ਹਾਲਤ-ਹੈਸੀਅਤ ਬਾਰੇ ਸੋਚ-ਵਿਚਾਰ ਦੀ ਅਤੇ ਅਗਲੇ ਪੰਧ ਬਾਰੇ ਚਿੰਤਨ-ਮੰਥਨ ਦੀ ਦੱਸ ਪੈਂਦੀ ਹੈ। ਘੁੰਡ ਸਾਂਭਣ ਤੋਂ ਮੁਕਤ ਹੋ ਚੁਕਿਆ ਖੱਬਾ ਹੱਥ ਉਹਦੀ ਸੋਚ ਨੂੰ ਅਮਲ ਵਿੱਚ ਸਾਕਾਰ ਕਰਨ ਵਾਸਤੇ ਤਿਆਰ-ਬਰ-ਤਿਆਰ ਦਿਸਦਾ ਹੈ।
ਅੰਤ ਵਿੱਚ ਅਜੋਕੀ ਜਾਗਰਿਤ ਤੇ ਚੇਤੰਨ ਮੁਟਿਆਰ ਹੈ। ਉਹਦਾ ਬਾਣਾ ਆਧੁਨਿਕ ਹੈ ਜੋ ਕਿਸੇ ਘੁੰਡ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੰਦਾ। ਬਾਣਾ ਆਧੁਨਿਕ ਹੋਣ ਦੇ ਨਾਲ ਨਾਲ ਸਾਊ-ਸੁਚੱਜਾ ਹੈ, ਕੁਚੱਜਾ ਅੰਗ-ਪ੍ਰਦਰਸ਼ਕ ਤੇ ਅਖੌਤੀ ਨਾਰੀਵਾਦੀ ਆਧੁਨਿਕ ਨਹੀਂ। ਖੁੱਲ੍ਹੇ ਭਰਪੂਰ ਕੇਸ ਸਭ ਬੰਧਨਾਂ ਤੋਂ ਉਹਦੀ ਮੁਕਤੀ ਦਾ ਜੈਕਾਰਾ ਹਨ। ਉੱਚੇ ਚੁੱਕੇ ਹੋਏ ਖੱਬੇ ਹੱਥ ਵਿਚ ਲਟਲਟ ਬਲਦੀ ਮਸ਼ਾਅਲ ਹੈ ਜਿਸ ਦੀ ਲਾਟ ਦੀ ਨੋਕ ਦੂਰ ਦੁਮੇਲ ਉੱਤੇ ਉਦੈ ਹੋਏ ਚੰਦਰਮਾ ਤੋਂ ਵੀ ਉੱਚੀ ਦਿਸਦੀ ਹੈ। ਸੱਜੇ ਹੱਥ ਵਿੱਚ ਅਕਲ ਦਾ ਸਾਕਾਰ ਰੂਪ ਪੁਸਤਕ ਹੈ ਜੋ ਉਹਨੇ ਹਿੱਕ ਨਾਲ ਲਾਈ ਹੋਈ ਹੈ। ਮਸ਼ਾਅਲ ਤੇ ਪੁਸਤਕ, ਦੋਵੇਂ ਸੰਪੂਰਨਤਾਵਾਂ ਮਿਲ ਕੇ ਇੱਕ ਨਵੀਂ ਵਡੇਰੀ ਸੰਪੂਰਨਤਾ, ਚਾਨਣ ਦੀ ਵਿਆਪਕਤਾ ਸਿਰਜਦੀਆਂ ਹਨ ਅਤੇ ਇਉਂ ਇੱਕ ਦੂਜੀ ਦੀਆਂ ਪੂਰਕ ਬਣ ਜਾਂਦੀਆਂ ਹਨ। ਮਸ਼ਾਅਲ ਬਾਹਰ ਚੁਫ਼ੇਰੇ ਚਾਨਣ ਕਰਦੀ ਹੈ ਤਾਂ ਪੁਸਤਕ ਚਿੱਤ-ਚੇਤੇ ਨੂੰ ਰੌਸ਼ਨ ਕਰਦੀ ਹੈ। ਅੱਖਾਂ ਵਿੱਚ ਕਿਸੇ ਵੀ ਡਰ-ਭੈ ਜਾਂ ਦੁਬਿਧਾ ਦੀ ਥਾਂ ਦ੍ਰਿੜ੍ਹਤਾ ਹੈ। ਪੈਰਾਂ ਵਿੱਚ ਲੰਮੀਆਂ ਵਾਟਾਂ ਤੈਅ ਕਰਨ ਦੀ ਤਾਂਘ ਤੇ ਹਿੰਮਤ ਹੈ ਅਤੇ ਉਸੇ ਅਨੁਸਾਰ ਤਿੱਖੀ ਹਰਕਤ ਹੈ। ਚਿਹਰੇ ਉੱਤੇ ਪ੍ਰਾਪਤੀ, ਜਿੱਤ, ਖ਼ੁਸ਼ੀ ਤੇ ਤਸੱਲੀ ਦੀ ਮੋਨਾਲਿਜ਼ੀ ਮੁਸਕਾਨ ਹੈ। ਚਿਹਰੇ ਉੱਤੋਂ ਹੀ ਨਹੀਂ, ਸਮੁੱਚੀ ਕਾਇਆ ਵਿੱਚੋਂ ਆਤਮ-ਵਿਸ਼ਵਾਸ ਅਤੇ ਨਾਰੀ-ਸ਼ਕਤੀ ਦਾ ਤੇਜ ਤੇ ਜਲੌਅ ਝਲਕਦਾ, ਡਲ੍ਹਕਦਾ ਤੇ ਛਲਕਦਾ ਹੈ। ਜਿਥੇ ਪਹਿਲੀ, ਗ਼ੁਲਾਮ ਇਸਤਰੀ ਨੇੜਲਾ ਬਿਰਛ ਉਹਦੀ ਹਾਲਤ ਨਾਲ ਮੇਲ ਖਾਂਦਿਆਂ ਖੜਸੁਕ ਨਿਪੱਤਰਾ ਸੀ, ਉਹਦੇ ਮੁਕਾਬਲ ਆਜ਼ਾਦ ਇਸਤਰੀ ਨੇੜਲਾ ਬਿਰਛ ਉਹਦੀ ਹੈਸੀਅਤ ਅਨੁਸਾਰ ਖ਼ੂਬ ਫ਼ੁੱਲਿਆ-ਫ਼ਲਿਆ ਹੋਇਆ ਹੈ। ਉਸ ਇਕੱਲੇ ਦਾ ਫ਼ੁਟਾਰਾ ਤੇ ਪਸਾਰਾ ਪੂਰੇ ਵਣ ਦਾ ਪ੍ਰਤੀਨਿਧ ਬਣ ਜਾਂਦਾ ਹੈ। ਵਣ-ਪਰਬਤ ਇਸਤਰੀ ਦੀਆਂ ਪੁਲਾਂਘਾਂ ਤੋਂ ਬਹੁਤ ਹੇਠ ਰਹਿ ਗਏ ਹਨ। ਉਹਦਾ ਦਾਈਆ ਉੱਚੇ ਅੰਬਰਾਂ ਨਾਲ ਹੈ।
ਇਸਤਰੀ ਦੀ ਬੰਧਨ-ਬੱਝੀ ਹਾਲਤ ਤੋਂ ਖੰਭ ਖੋਲ੍ਹਣ ਤੇ ਤੋਲਣ ਤੱਕ ਦੀ ਇਸ ਸੱਤ-ਪੜਾਵੀ ਯਾਤਰਾ ਨੂੰ ਕਲਾਕਾਰ ਨੇ ਆਕਾਸ਼ ਵਿਚ ਸਫ਼ੈਦ ਪੰਛੀ ਦੀ ਸਮਾਨੰਤਰ ਉਡਾਨ ਰਾਹੀਂ ਦੂਹਰਾ ਪ੍ਰਗਟਾਉ ਦਿੱਤਾ ਹੈ। ਪੰਛੀ ਨੇ ਆਪਣੇ ਪੋਟੇ-ਪੋਟੇ ਤੇ ਖੰਭ-ਖੰਭ ਵਿੱਚ ਬਲ ਜਗਾਇਆ ਹੋਇਆ ਹੈ ਜੋ ਦੂਰ ਮੰਜ਼ਿਲ ਵੱਲ ਟਿਕੀ ਹੋਈ ਸੁਰਤੀ, ਲੰਮੀ ਉਡਾਨ ਲਈ ਤਤਪਰ ਸੂਤਵੇਂ ਸਰੀਰ ਅਤੇ ਵਿਰੋਧੀ ਪੌਣਾਂ ਨੂੰ ਚੀਰਨ ਲਈ ਖੁੱਲ੍ਹੇ ਹੋਏ ਖੰਭਾਂ ਵਿੱਚ ਉਜਾਗਰ ਹੁੰਦਾ ਹੈ। ਚਿਤਰ ਦੇ ਖੱਬੇ ਹੇਠਲੇ ਕੋਨੇ ਤੋਂ ਸੱਜੇ ਉਪਰਲੇ ਕੋਨੇ ਵੱਲ ਦਾ ਕੇਂਦਰੀ ਸਥਾਨ, ਕੁਦਰਤੀ ਗੱਲ ਹੈ, ਮੁੱਖ ਵਿਸ਼ੇ, ਗ਼ੁਲਾਮੀ ਤੋਂ ਆਜ਼ਾਦੀ ਵੱਲ ਦੀ ਇਸਤਰੀ ਦੀ ਯਾਤਰਾ ਨੇ ਮੱਲਿਆ ਹੋਇਆ ਹੈ। ਪਹਿਲੀ ਇਸਤਰੀ ਦੇ ਹਨੇਰੇ ਪਿਛਵਾੜੇ ਤੋਂ ਅੱਗੇ ਦੂਜੀ ਇਸਤਰੀ ਦੇ ਪਿਛਵਾੜੇ ਵਿੱਚ ਫ਼ੁੱਟਿਆ ਚਾਨਣ ਵਧਦਾ-ਵਧਦਾ, ਫ਼ੈਲਦਾ-ਫ਼ੈਲਦਾ ਅਜੋਕੀ ਇਸਤਰੀ ਦੇ ਪਿਛਵਾੜੇ ਤਕ ਪਹੁੰਚ ਕੇ ਚਾਨਣ ਦਾ ਛਲਕਾਰਾ ਬਣ ਜਾਂਦਾ ਹੈ। ਅੰਦਰਲਾ ਤੇ ਬਾਹਰਲਾ ਚਾਨਣ ਘੁਲਮਿਲ ਕੇ ਇੱਕ ਹੋ ਜਾਂਦੇ ਹਨ। ਸੱਜੀ ਹੇਠਲੀ ਥਾਂ ਜੰਗਲ-ਪਰਬਤ ਨੇ ਰੋਕੀ ਹੋਈ ਹੈ। ਉੱਪਰ ਪਿਛਵਾੜੇ ਵਿੱਚ ਖੱਬਿਉਂ ਸ਼ੁਰੂ ਹੁੰਦੇ ਅੰਬਰ ਉੱਤੇ, ਨਿਪੱਤਰੇ ਬਿਰਛ ਦੇ ਪਿੱਛੇ, ਧੁੰਦਲਾ-ਹਨੇਰਾ ਹੈ। ਸੱਜੇ ਵੱਲ ਬੱਦਲਾਂ ਤੇ ਹਨੇਰੇ ਦੀ ਸੰਘਣੀ ਮਿੱਸ ਹੈ ਜੋ ਸਹਿਜੇ ਸਹਿਜੇ ਪਤਲੀ ਤੇ ਛਿਦਰੀ ਹੁੰਦੀ ਜਾਂਦੀ ਹੈ ਅਤੇ ਅੰਤ ਨੂੰ ਮਸ਼ਾਅਲ ਵਾਲੀ ਨਾਇਕਾ ਦੇ ਪਿਛਵਾੜੇ ਤਕ ਪਹੁੰਚਦਿਆਂ ਚਿੱਟੇ ਚਾਨਣ ਵਿੱਚ ਪਲਟ ਕੇ ਉਹਦੇ ਦੁਆਲ਼ੇ ਦੇ ਚਾਨਣੇ ਜਲੌਅ ਵਿੱਚ, ਸਾਗਰ ਪਹੁੰਚੀ ਨਦੀ ਵਾਂਗ, ਲੀਨ ਹੋ ਜਾਂਦੀ ਹੈ।
ਕਲਾਕਾਰ ਨੇ ਇਸਤਰੀ ਦੇ ਔਖੇ ਤੇ ਲੰਮੇ ਆਜ਼ਾਦੀ-ਸੰਗਰਾਮ ਨੂੰ ਚਿਤਰਨ ਦੇ ਜਿਸ ਦਾਈਏ ਨਾਲ ਪਹਿਲੀ ਛੋਹ ਦੀ ਕਲਪਨਾ ਕਰਦਿਆਂ ਕੈਨਵਸ ਅੱਗੇ ਖਲੋ ਕੇ ਰੰਗ ਵਿੱਚ ਆਪਣੀ ਤੂਲਿਕਾ ਡੁਬੋਈ ਸੀ, ਉਹ ਉਸ ਦਾਈਏ ਉੱਤੇ ਪੂਰਾ ਉਤਰਿਆ ਹੈ।
(011-91-42502364)

LEAVE A REPLY