ਕਲਪਨਾ ਕਰੋ ਕਿ ਤੁਸੀਂ ਆਪਣੇ ਘਰੋਂ ਬਾਹਰ ਗੇੜਾ ਮਾਰਨ ਗਏ ਦੂਰ ਕਿਤੇ ਕਿਸੇ ਪੇਂਡੂ ਇਲਾਕੇ ਵੱਲ ਨੂੰ ਨਿਕਲ ਗਏ ਹੋ। ਤੁਸੀਂ ਤੁਰਦੇ ਤੁਰਦੇ ਇੱਕ ਅਜਿਹੇ ਖੇਤ ਵਿੱਚ ਪਹੁੰਚ ਜਾਂਦੇ ਹੋ ਜਿੱਥੇ ਹਿੰਸਾਤਮਕ ਹੋਇਆ ਇੱਕ … ਸੱਚ ਕੀ ਸ਼ੈਅ ਸੀ ਉਹ? … ਕੋਈ ਸਾਨ੍ਹ ਸੀ ਜਾਂ ਕੋਈ ਹੋਰ ਵਿਸ਼ਾਲ ਤੇ ਖ਼ੂੰਖ਼ਾਰ ਜਾਨਵਰ? ਖ਼ੈਰ, ਤੁਹਾਨੂੰ ਇਹ ਕਿੱਥੇ ਪਤਾ ਹੋਣੈ? ਤੁਹਾਨੂੰ ਤਾਂ ਸਿਰਫ਼ ਐਨਾ ਪਤੈ ਕਿ ਤੁਸੀਂ ਉਸ ਵਕਤ ਉੱਥੋਂ ਕੇਵਲ ਆਪਣੀ ਜਾਨ ਬਚਾ ਕੇ ਨਿਕਲਣਾ ਚਾਹੁੰਦੇ ਸੀ, ਪਰ ਲਾਗੇ ਤੁਹਾਨੂੰ ਕੋਈ ਗੇਟ ਹੀ ਦਿਖਾਈ ਨਹੀਂ ਦਿੱਤਾ। ਫ਼ਿਰ ਤੁਹਾਡੀਆਂ ਪਰਾਰਥਨਾਵਾਂ ਸੁਣੀਆਂ ਗਈਆਂ। ਆਖ਼ਿਰ, ਤੁਹਾਨੂੰ ਲਾਗੇ ਹੀ ਕੰਡਿਆਂ ਦੀ ਇੱਕ ਝਾੜੀ ਵਿੱਚ ਇੱਕ ਮੋਰਾ ਲੱਭ ਗਿਆ। ਉਸ ਵਿੱਚੋਂ ਦੀ ਲੰਘਣ ਦੀ ਕੋਸ਼ਿਸ਼ ਕਰਦਿਆਂ ਤੁਸੀਂ ਆਪਣੇ ਜਿਸਮ ਨੂੰ ਵਾਹਵਾ ਝਰੀਟਾਂ ਵੀ ਲਗਵਾ ਲਈਆਂ। ਇਸ ਕਾਰਨ ਤੁਹਾਨੂੰ ਕਾਫ਼ੀ ਦਿਨ ਬਹੁਤ ਪੀੜ ਬਰਦਾਸ਼ਤ ਕਰਨੀ ਪਈ। ਸੋ, ਕੀ ਤੁਹਾਡੀ ਇਸ ਮਾਮਲੇ ਬਾਰੇ ਸ਼ਿਕਾਇਤ ਕਰਨੀ ਬਣਦੀ ਹੈ ਜਾਂ ਉਸ ਬਾਰੇ ਸ਼ੁਕਰਗ਼ੁਜ਼ਾਰ ਹੋਣਾ ਸਹੀ ਹੈ? ਜਾਇਜ਼ ਤੇ ਚੰਗੀ ਗੱਲ ਤਾਂ ਇਹੀ ਹੈ ਕਿ ਤੁਸੀਂ ਉਸ ਜਾਂ ਕਿਸੇ ਵੀ ਘਟਨਾ ਦੇ ਚਮਕਦਾਰ ਪੱਖ ਨੂੰ ਦੇਖੋ।
ਇੱਕ ਬੱਸ ਇੱਕ ਦਮ ਬਰੇਕ ਲਗਾਉਂਦੀ ਹੈ ਕਿਉਂਕਿ ਕੋਈ ਖ਼ਰਗੋਸ਼ ਅਚਾਨਕ ਸੜਕ ਪਾਰ ਕਰਨ ਲਈ ਉਸ ਦੇ ਮੋਹਰਿਓਂ ਦੀ ਦੌੜ ਪੈਂਦਾ ਹੈ। ਬਰੇਕਾਂ ਅਜਿਹੀਆਂ ਲੱਗੀਆਂ ਕਿ ਬੱਸ ਬਿਲਕੁਲ ਹੀ ਗਤੀਹੀਨ ਹੋ ਕੇ ਸੜਕ ਦੇ ਐਨ ਵਿਚਕਾਰ ਰੁੱਕ ਗਈ ਜਿਸ ਕਾਰਨ ਸੜਕ ‘ਤੇ ਟਰੈਫ਼ਿਕ ਜਾਮ ਹੋ ਗਿਆ। ਜਾਮ ਕਾਰਨ ਬੱਸ ਵਿੱਚ ਸਵਾਰ ਇੱਕ ਇੰਜੀਨੀਅਰ ਆਪਣੇ ਪ੍ਰੋਜੈਕਟ ‘ਤੇ ਪਹੁੰਚਣ ਵਿੱਚ ਪੱਛੜ ਗਿਆ ਜਿੱਥੇ ਜਾ ਕੇ ਉਸ ਨੇ ਇੱਕ ਟੁੱਟੀ ਹੋਈ ਕੇਬਲ ਠੀਕ ਕਰ ਕੇ ਸ਼ਹਿਰ ਦੇ ਉਸ ਹਿੱਸੇ ਤੋਂ ਦੂਰਸੰਚਾਰ ਵਿਵਸਥਾ ਬਾਕੀ ਦੇ ਸ਼ਹਿਰ ਨਾਲ ਮੁੜ ਬਹਾਲ ਕਰਨੀ ਸੀ। ਇਸ ਵਿਘਨ ਕਾਰਨ ਪ੍ਰਸ਼ਾਸਨ ਦੀ ਇੱਕ ਬਹੁਤ ਹੀ ਮਹੱਤਵਪੂਰਨ ਫ਼ੋਨ ਕਾਲ ਰੌਂਗ ਨੰਬਰ ‘ਤੇ ਡਾਇਵਰਟ ਹੋ ਗਈ। ਇਸ ਕਾਰਨ ਰਾਸ਼ਟਰਪਤੀ ਦਾ ਆਪਣੇ ਫ਼ੌਜੀਆਂ ਨੂੰ ਇਹ ਸੁਨੇਹਾ, ‘ਉਏ ਮਿਜ਼ਾਈਲਾਂ ਨਾ ਦਾਗਿਓ,’, ਕਿਸੇ ਨੂੰ ਸੁਣਾਈ ਹੀ ਨਾ ਦਿੱਤਾ। ਅਤੇ ਫ਼ਿਰ ਇਸ ਤਰ੍ਹਾਂ ‘ਤੀਸਰੀ ਵਿਸ਼ਵ ਜੰਗ’ ਸ਼ੁਰੂ ਹੋ ਗਈ! ਚਲੋ ਛੱਡੋ, ਅਜਿਹਾ ਕੁਝ ਵੀ ਨਹੀਂ ਹੋਇਆ ਤੇ ਨਾ ਹੀ ਹੋਣ ਦੇ ਇਮਕਾਨ ਹਨ। ਆਪਣਾ ਦਿਨ ਅਜਿਹੀਆਂ ਅਸ਼ੁਭ (ਅਤੇ ਨਾਮੁਮਕਿਨ) ਘਟਨਾਵਾਂ ਦੇ ਹੋਣ ਦੀ ਕਲਪਨਾ ਕਰਦੇ ਰਹਿਣ ਵਿੱਚ ਜ਼ਾਇਆ ਨਾ ਕਰੋ।
ਬਹੁਤ ਹੀ ਛੋਟੀ ਉਮਰ ਤੋਂ, ਅਸੀਂ ਸਾਰੇ ਨਿਰਪੱਖਤਾ ਦੇ ਮੁਰੀਦ ਬਣ ਜਾਂਦੇ ਹਾਂ। ”ਉਸ ਨਿਆਣੇ ਨੂੰ ਉਹ ਸਭ ਕੁਝ ਕਰਨ ਦੀ ਇਜਾਜ਼ਤ ਕਿਉਂ ਹੈ ਜਦੋਂ ਕਿ ਸਾਨੂੰ ਅਜਿਹੀ ਕੋਈ ਖੁਲ੍ਹ ਨਹੀਂ?,” ਅਸੀਂ ਪੁੱਛਦੇ ਹਾਂ। ”ਭਲਾ ਅਜਿਹਾ ਕਿਵੇਂ ਕਿ ਉਹ ਉਹੀ ਕੰਮ ਕਰ ਕੇ ਫ਼ੱਸ ਗਈ ਜਿਹੜੇ ਉਸ ਦੇ ਦੋਸਤ ਹਮੇਸ਼ਾ ਕਰ ਕੇ ਸਾਫ਼ ਬੱਚ ਜਾਂਦੇ ਹਨ?” ਜਿਉਂ ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਸ਼ਾਇਦ ਅਸੀਂ ਮੁਕਾਬਲੇਬਾਜ਼ੀ ਦੇ ਇਨਸਾਫ਼ ਦੇ ਆਪਣੇ ਮੁਲਾਂਕਣ ਵਿੱਚ ਕੁਝ ਵਧੇਰੇ ਵਿਵੇਕ ਦਾ ਮੁਜ਼ਾਹਰਾ ਕਰਨ ਲੱਗ ਜਾਂਦੇ ਹੋਈਏ, ਪਰ ਇਨ੍ਹਾਂ ਵਿਸ਼ਿਆਂ ਦਾ ਮਹੱਤਵ ਸਾਡੇ ਲਈ ਕਦੇ ਵੀ ਘੱਟਦਾ ਨਹੀਂ। ਸਿਆਣੀ ਅਵੱਸਥਾ ਵਿੱਚ ਪਹੁੰਚ ਕੇ ਵੀ ਅਸੀਂ ਕਿਸੇ ਕਿਸਮ ਦਾ ਵਿਤਕਰਾ ਬਰਦਾਸ਼ਤ ਨਹੀਂ ਕਰਦੇ, ਅਤੇ ਜੇ ਕਿਤੇ ਅਸੀਂ ਉਸ ਨੂੰ ਨੋਟਿਸ ਕਰ ਲਈਏ ਤਾਂ ਅਸੀਂ ਕਿਸੇ ਹੋਰ ਚੀਜ਼ ਬਾਰੇ ਸੋਚ ਹੀ ਨਹੀਂ ਸਕਦੇ। ਪਰ ਹੋ ਸਕਦਾ ਹੈ ਕਿ ਇਸ ਵੇਲੇ ਕੋਈ ਸਥਿਤੀ ਓਨੀ ਸੰਗੀਨ ਨਾ ਹੋਵੇ ਜਿੰਨੀ ਤੁਹਾਨੂੰ ਜਾਪ ਰਹੀ ਹੈ।
ਲੋਕ ਕਹਿੰਦੇ ਹਨ ਕਿ ਜੇ ਅਸੀਂ ਕੇਵਲ ਕੋਸ਼ਿਸ਼ ਕਰਨ ਲਈ ਤਿਆਰ ਹੋਈਏ ਤਾਂ ਅਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ। ਪਰ ਫ਼ਿਰ ਕੀ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਹੋਏ ਨਹੀਂ ਸੁਣੇ ਜਾਂਦੇ ਕਿ ਲੋੜੋਂ ਵੱਧ ਕੋਸ਼ਿਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ? ਕਈ ਅਜਿਹੇ ਵੇਲੇ ਹੁੰਦੇ ਹਨ ਜਦੋਂ ਅਸੀਂ ਸਾਰੇ ਜ਼ਰੂਰਤ ਤੋਂ ਵੱਧ ਜ਼ੋਰ ਲਗਾ ਬੈਠਦੇ ਹਾਂ ਜਾਂ ਅਜਿਹੇ ਮਾਮਲਿਆਂ ਬਾਰੇ ਚਿੰਤਿਤ ਹੋ ਜਾਂਦੇ ਹਾਂ ਜਿਨ੍ਹਾਂ ਬਾਰੇ ਸ਼ਾਂਤ ਰਹਿਣ ਵਿੱਚ ਹੀ ਸਿਆਣਪ ਹੁੰਦੀ ਹੈ। ਤੁਹਾਡੀ ਜ਼ਿੰਦਗੀ ਵਿੱਚ ਜਿੱਥੇ ਕਿਤੇ ਵੀ ਤਨਾਅ ਜਾਂ ਬੇਚੈਨੀ ਹੈ, ਉਸ ਨੂੰ ਠੀਕ ਕਰਨ ਦੇ ਚੱਕਰ ਵਿੱਚ ਆਪਣੇ ਆਪ ਨੂੰ ਖ਼ਾਹਮਖ਼ਾਹ ਪਰੇਸ਼ਾਨ ਨਾ ਕਰੋ। ਆਪਣੇ ਆਪ ਨੂੰ ਇਹ ਚੇਤੇ ਕਰਾ ਕੇ ਹੌਸਲਾ ਦਿਓ ਕਿ ਕਦੇ ਕਦੇ, ਕੁਝ ਚੀਜ਼ਾਂ, ਖ਼ੁਦ-ਬ-ਖ਼ੁਦ, ਕੁਦਰਤਨ ਹੀ ਉਹੋ ਜਿਹੀਆਂ ਹੋ ਜਾਂਦੀਆਂ ਹਨ ਜਿਹੋ ਜਿਹੀਆਂ ਉਹ ਹੋਣੀਆਂ ਚਾਹੀਦੀਆਂ ਹਨ।
ਕੀ ਤੁਹਾਨੂੰ ਕਿਸੇ ਸ਼ੈਅ ਬਾਰੇ ਚਿੰਤਿਤ ਨਹੀਂ ਹੋਣਾ ਚਾਹੀਦਾ? ਕੀ ਕੋਈ ਅਜਿਹਾ ਮਸਲਾ ਨਹੀਂ ਜਿਸ ਵੱਲ ਤੁਹਾਨੂੰ ਫ਼ੌਰਨ ਧਿਆਨ ਦੇਣ ਦੀ ਲੋੜ ਹੈ? ਤੁਹਾਡੇ ਕੋਲ ਖ਼ੁਸ਼ੀ ਮਹਿਸੂਸ ਕਰਨ ਦਾ ਤਾਂ ਵਕਤ ਹੀ ਨਹੀਂ ਹੋਣਾ! ਜਿਊਂਦੇ ਹੋਣ ਲਈ ਸ਼ੁਕਰਗ਼ੁਜ਼ਾਰ ਜਾਂ ਖ਼ੁਸ਼ ਹੋਣਾ ਤਾਂ ਠੀਕ ਹੈ, ਪਰ ਕੀ ਤੁਹਾਡੇ ਕੋਲ ਅਦਾ ਕਰਨ ਲਈ ਹਾਲੇ ਕਈ ਸਾਰੇ ਬਿਲ ਨਹੀਂ ਪਏ ਜਾਂ ਪੂਰੀਆਂ ਕਰਨ ਨੂੰ ਜ਼ਿੰਮੇਵਾਰੀਆਂ ਜਾਂ ਦਖ਼ਲ ਦੇਣ ਨੂੰ ਵਿਵਾਦ, ਆਦਿ ਮੌਜੂਦ ਨਹੀਂ? ਮੈਨੂੰ ਪੂਰਾ ਯਕੀਨ ਹੈ ਕਿ ਜ਼ਰੂਰ ਹੋਣਗੇ ਪਰ, ਇਸ ਵੇਲੇ, ਕੇਵਲ ਕੁਝ ਕੁ ਪਲਾਂ ਲਈ ਰੁੱਕ ਕੇ, ਜ਼ਿੰਦਗੀ ਦੇ ਕੀਮਤੀ ਤੇ ਖ਼ੂਬਸੂਰਤ ਤੋਹਫ਼ੇ ਦੀ ਖ਼ੁਸ਼ੀ ਹੀ ਕਿਉਂ ਨਾ ਮਨਾ ਲਈ ਜਾਵੇ? ਇਸੇ ਨੂੰ ਆਪਣੀ ਪ੍ਰਾਥਮਿਕਤਾ ਬਣਾਓ ਅਤੇ ਬਾਕੀ ਸਭ ਕੁਝ ਆਪਣੇ ਆਪ ਹੀ ਆਪਣੀ ਜਗ੍ਹਾ ‘ਤੇ ਫ਼ਿੱਟ ਹੋ ਜਾਵੇਗਾ।
ਸਿਆਣੇ, ਵਿਵੇਕੀ, ਪ੍ਰੋੜ੍ਹ ਤੇ ਬਾਲਗ ਲੋਕ ਆਪਣੀ ‘ਵੱਖਰੀ ਰਾਏ ਰੱਖਣ’ ਲਈ ਤਿਆਰ ਰਹਿਣ ਦੇ ਕਾਬਿਲ ਹੁੰਦੇ ਹਨ। ਜਾਂ ਘੱਟ-ਘੱਟ ਸਾਨੂੰ ਇਹ ਦੱਸਿਆ ਜਾਂਦਾ ਹੈ। ਸਾਡੇ ਵਿੱਚੋਂ ਕੁਝ ਲਈ, ਇੰਝ ਲਗਦਾ ਹੈ, ਇਹ ਗੱਲ ਕਬੂਲਣੀ ਬਹੁਤ ਮੁਸ਼ਕਿਲ ਹੁੰਦੀ ਹੈ ਕਿ ਦੂਸਰੇ ਲੋਕਾਂ ਦੇ ਵਿਚਾਰ ਉਨ੍ਹਾਂ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ, ਚਾਹੇ ਅਸੀਂ ਉਨ੍ਹਾਂ ਸਾਹਮਣੇ ਜਿੰਨੇ ਮਰਜ਼ੀ ਸਿਆਣੇ ਜਾਂ ਸਮਝਦਾਰ ਬਣਨ ਦੀ ਕੋਸ਼ਿਸ਼ ਕਿਉਂ ਨਾ ਕਰੀਏ। ਅਤੇ ਕੀ ਕਿਸੇ ਅਜਿਹੇ ਕਥਨ ਜਾਂ ਵਿਸ਼ਵਾਸ ਨੂੰ ਕਬੂਲ ਕਰਨ ਵਿੱਚ ਵਾਕਈ ਕੋਈ ਸਿਆਣਪ ਹੋ ਸਕਦੀ ਹੈ ਜਿਹੜਾ ਤੁਹਾਨੂੰ ਸਿਰੇ ਤੋਂ ਹੀ ਅਪ੍ਰਵਾਨਿਤ ਹੋਵੇ? ਬਹੁਤਾ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਦਾਅ ‘ਤੇ ਲੱਗਾ ਕੀ ਹੋਇਐ। ਕਿਸੇ ਬਹੁਤ ਹੀ ਵੱਡੀ ਚੀਜ਼ ਲਈ ਤੁਹਾਨੂੰ ਕਿਸੇ ਅਜਿਹੀ ਚੀਜ਼ ਨੂੰ ਨਕਾਰਣ ਦੀ ਇੱਛਾ ਤਿਆਗਣੀ ਪੈਣੀ ਹੈ ਜਿਹੜੀ ਲਗਭਗ ਓਨੀ ਹੀ ਵੱਡੀ ਹੈ ਪਰ ਸੱਚਮੁੱਚ ਓਨੀ ਵੱਡੀ ਨਹੀਂ!