ਖ਼ਲੀਲ ਜਿਬਰਾਨ ਦਾ ਕਥਨ ਸੀ, ”If you love somebody, let them go, for if they return, they were always yours. And if they dont, they never were, ਭਾਵ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਉਨ੍ਹਾਂ ਨੂੰ ਜਾਣ ਦਿਓ, ਕਿਉਂਕਿ ਜੇਕਰ ਉਹ ਤੁਹਾਡੇ ਕੋਲ ਮੁੜ ਕੇ ਵਾਪਿਸ ਆ ਗਏ, ਉਹ ਹਮੇਸ਼ਾ ਤੁਹਾਡੇ ਹੀ ਸਨ। ਅਤੇ ਜੇ ਉਹ ਨਾ ਆਏ, ਉਹ ਕਦੇ ਵੀ ਤੁਹਾਡੇ ਸੀ ਹੀ ਨਹੀਂ!” ਉਸ ਦੇ ਕਈ ਮਹਾਨ ਕਥਨਾਂ ‘ਚੋਂ, ਇਹ ਮੇਰਾ ਪਸੰਦੀਦਾ ਹੈ, ਸਿਰਫ਼ ਇਸ ਲਈ ਨਹੀਂ ਕਿ ਇਸੇ ‘ਤੇ ਆਧਾਰਿਤ ਇੱਕ ਅੰਗ੍ਰੇਜ਼ੀ ਗੀਤ ਨੂੰ ਮਸ਼ਹੂਰ ਗਾਇਕ ‘ਸਟਿੰਗ’ ਨੇ ਆਪਣੇ ਹੀ ਅੰਦਾਜ਼ ਵਿੱਚ ਹਿੱਟ ਬਣਾਇਆ ਹੈ। ਇਸ ਲਈ ਵੀ ਕਿ ਇਹ ਕੇਵਲ ਲੋਕ ਹੀ ਨਹੀਂ ਜਿਨ੍ਹਾਂ ਨੂੰ ਸਾਨੂੰ ਕਦੇ ਕਦੇ ਜਾਣ ਦੇਣਾ ਪੈਂਦੈ। ਕਈ ਵਾਰ, ਸਥਿਤੀਆਂ ਦੀ ਵੀ ਸਥਿਤੀ ਇਹੋ ਜਿਹੀ ਹੀ ਹੁੰਦੀ ਹੈ। ਵਾਅਦਿਆਂ, ਸੰਭਾਵਨਾਵਾਂ, ਪ੍ਰਬੰਧਾਂ, ਸਮਝੌਤਿਆਂ, ਸ਼ਮੂਲੀਅਤਾਂ, ਆਦਿ, ਦੇ ਨਾਲ ਨਾਲ। ਇਸ ਵੇਲੇ ਕੋਈ ਸ਼ੈਅ ਤੁਹਾਡੇ ਜੀਵਨ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਟੋਲਣ ਦੀ ਕੋਸ਼ਿਸ਼ ਕਰਦੀ ਲਗਦੀ ਹੈ। ਉਸ ਨੂੰ ਪਿਆਰ-ਸਤਿਕਾਰ ਨਾਲ ਜਾਣ ਦਿਓ, ਅਤੇ ਉਹ ਉਸੇ ਭਾਵਨਾ ਵਿੱਚ ਵਾਪਿਸ ਵੀ ਪਰਤ ਸਕਦੀ ਹੈ!
ਕੁਦਰਤ ਨੂੰ ਖ਼ਲਾਅ ਪਸੰਦ ਨਹੀਂ, ਪਰ ਕੁਦਰਤਨ ਮਨੁੱਖ ਸੁਭਾਅ ਤੋਂ ਹੀ ਭਰੀਆਂ ਹੋਈਆਂ ਚੀਜ਼ਾਂ ਤੇ ਥਾਵਾਂ ਨੂੰ ਨਾਪਸੰਦ ਕਰਦਾ ਹੈ। ਜਦੋਂ, ਉਦਾਹਰਣ ਦੇ ਤੌਰ ‘ਤੇ, ਅਸੀਂ ਕਿਸੇ ਹੋਟਲ ਜਾਂ ਅਪਾਰਟਮੈਂਟ ਬਿਲਡਿੰਗ ‘ਤੇ ‘ਨੋ ਵੇਕੈਂਸੀ’ (ਕੋਈ ਜਗ੍ਹਾ ਨਹੀਂ ਹੈ) ਦਾ ਸਾਈਨ ਲੱਗਾ ਦੇਖਦੇ ਹਾਂ ਤਾਂ ਅਸੀਂ ਫ਼ੌਰਨ ਉਸ ਵਲੋਂ ਆਪਣਾ ਮੂੰਹ ਮੋੜ ਲੈਂਦੇ ਹਾਂ। ਸਾਡੇ ‘ਚੋਂ ਕੋਈ ਵੀ ਉਸ ਜਗ੍ਹਾ ਨੂੰ ਪੁਰ ਨਹੀਂ ਕਰਨਾ ਚਾਹੁੰਦਾ ਜਿਹੜੀ ਕਿਸੇ ਹੋਰ ਦੀ ਮਲਕੀਅਤ ਹੋਵੇ – ਜਾਂ ਕੋਈ ਅਜਿਹੀ ਸੀਟ ਨਹੀਂ ਮੱਲਣੀ ਚਾਹੁੰਦਾ ਜਿਹੜੀ ਪਹਿਲਾਂ ਤੋਂ ਹੀ (ਭਾਵੇਂ ਦੂਰੋਂ ‘ਬੋਲ ਕੇ’ ਹੀ) ਰਾਖਵੀਂ ਕਰ ਲਈ ਗਈ ਹੋਵੇ। ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਾਲ ਹੀ ਵਿੱਚ ਗ਼ਲਤ ਸੰਕੇਤ ਤਾਂ ਨਹੀਂ ਦਿੰਦੇ ਰਹੇ? ਕੀ ਤੁਸੀਂ ਆਪਣੇ ਐਕਸ਼ਨਾਂ ਨਾਲ ਅਣਜਾਣੇ ਵਿੱਚ ਇਹ ਤਾਂ ਨਹੀਂ ਸੁਝਾਉਂਦੇ ਰਹੇ ਕਿ ਤੁਹਾਡੀ ਕੋਈ ਜ਼ਰੂਰੀ ਲੋੜ ਪੂਰੀ ਹੋ ਰਹੀ ਹੈ ਜਦੋਂ ਕਿ ਗੁਪਤ ਤੌਰ ‘ਤੇ, ਅੰਦਰੋਂ ਅੰਦਰ, ਤੁਸੀਂ ਇੱਕ ਤਬਦੀਲੀ ਲਈ ਮਚਲ ਰਹੇ ਸੀ? ਜੇਕਰ ਤੁਸੀਂ ਸੱਚਮੁੱਚ ਕਿਸੇ ਨਵੀਂ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਦਾਖ਼ਲ ਹੋਣ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਇਦ ਹੋਰ ਸਪੱਸ਼ਟਵਾਦੀ ਬਣਨ ਦੀ ਲੋੜ ਹੋਵੇਗੀ।
ਚਲੋ ਆਪਣੀ ਸ਼ਕਤੀ ਦੇ ਇਮਤਿਹਾਨ ਲਈ ਤਿਆਰ ਰਹੋ, ਸਹਿਣਸ਼ਕਤੀ ਦੀ ਪਰਖ, ਮਨੋਵਿਗਿਆਨਕ ਜੰਗ, ਦਿਮਾਗ਼ਾਂ ਦੇ ਯੁੱਧ, ਕੁਸ਼ਤੀ, ਦਵੰਦ, ਝੜਪ, ਅਤੇ ਅੰਤਮ ਭੇੜ ਲਈ। ਜਿਸਮਾਨੀ ਤੌਰ ‘ਤੇ ਨਹੀਂ ਸਗੋਂ ਜ਼ਹਿਨੀ, ਭਾਵਨਾਤਮਕ, ਮਨੋਵਿਗਿਆਨਕ ਤੌਰ ‘ਤੇ। ਇਸ ਵਕਤ ਸੱਚਮੁੱਚ ਜੋ ਚੱਲ ਰਿਹੈ ਉਹ ਹੈ ਦੋ ਤਾਕਤਵਰ ਇੱਛਾਸ਼ਕਤੀਆਂ ਦਰਮਿਆਨ ਵਿਵਾਦ। ਇੱਕ ਤਾਂ ਤੁਹਾਡੀ ਖ਼ੁਦ ਦੀ ਹੈ। ਦੂਜੀ … ਖ਼ੈਰ, ਜੇਕਰ ਤੁਹਾਨੂੰ ਇੱਕਦਮ ਇਹ ਪਤਾ ਨਹੀਂ ਚਲਿਆ ਕਿ ਮੈਂ ਕਿਸ ਦੀ ਇੱਛਾਸ਼ਕਤੀ ਦੀ ਗੱਲ ਕਰ ਰਿਹਾਂ ਤਾਂ ਛੇਤੀ ਹੀ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਅਤੇ ਤੁਹਾਨੂੰ ਜਾਪੇਗਾ ਜਿਵੇਂ ਕਾਰਵਾਈ ਕਰਨ ਦਾ ਤੁਹਾਡੇ ‘ਤੇ ਦਬਾਅ ਹੁਣ ਤੁਹਾਡੀ ਬਰਦਾਸ਼ਤ ਤੋਂ ਬਾਹਰ ਹੋ ਰਿਹੈ। ਸੋ ਕਾਰਵਾਈ ਜ਼ਰੂਰ ਕਰੋ, ਪਰ ਗੁੱਸੇ ਵਿੱਚ ਆ ਕੇ ਕੋਈ ਵੀ ਕੰਮ ਨਾ ਕਰੋ … ਸੋਚ ਸਮਝ ਕੇ ਕਰੋ। ਤੁਸੀਂ ਕੋਈ ਵੀ ਲੜਾਈ ਜਾਂ ਮੁਕਾਬਲਾ ਜਿੱਤ ਸਕਦੇ ਹੋ ਬਸ਼ਰਤੇ ਤੁਹਾਡਾ ਦਿਲ ਹਮਦਰਦੀ ਨਾਲ ਭਰਿਆ ਹੋਵੇ ਨਾ ਕਿ ਗੁੱਸੇ ਨਾਲ।
ਤੁਸੀਂ ਕਿਸੇ ਹੋਰ ਦਾ ਆਪਣੇ ਫ਼ੈਸਲੇ ‘ਤੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਹੋ। ਤੁਹਾਨੂੰ ਹਾਲ ਦੀ ਘੜੀ ਥੋੜ੍ਹਾ ਇੰਤਜ਼ਾਰ ਕਰਦੇ ਰਹਿਣਾ ਪੈ ਸਕਦਾ ਹੈ। ਹਾਂ, ਜੇਕਰ ਤੁਸੀਂ ਆਪਣਾ ਖ਼ੁਦ ਦਾ ਕੋਈ ਫ਼ੈਸਲਾ ਕਰ ਸਕੋ ਤਾਂ ਫ਼ਿਰ ਗੱਲ ਦੂਜੀ ਹੈ। ਤੁਹਾਨੂੰ ਆਪਣਾ ਮੁਕੱਦਰ ਰੱਬਾਂ ਦੀ ਝੋਲੀ ‘ਚ ਜਾਂ ਉਨ੍ਹਾਂ ਦੇ ਆਸਰੇ ‘ਤੇ ਛੱਡਣ ਦੀ ਕੋਈ ਲੋੜ ਨਹੀਂ। ਤੁਸੀਂ ਉਸ ਨੂੰ ਉਨ੍ਹਾਂ ਦੀ ਗੋਦ ਵਿੱਚੋਂ ਕੱਢ ਕੇ ਆਪਣੀ ਖ਼ੁਦ ਦੀ ਗੋਦ ਵਿੱਚ ਵੀ ਪਾ ਸਕਦੇ ਹੋ। ਕੀ ਤੁਸੀਂ ਕੋਈ ਗ਼ਲਤ ਜਾਂ ਨਾ-ਸਮਝ ਚੋਣ ਕਰ ਸਕਦੇ ਹੋ? ਇਹ ਇਸ ਗੱਲ ‘ਤੇ ਨਿਰਭਰ ਕਰਦੈ ਕਿ ਤੁਸੀਂ ਉਨ੍ਹਾਂ ਰੱਬਾਂ ‘ਤੇ ਕਿੰਨਾ ਵਿਸ਼ਵਾਸ ਕਰਦੇ ਹੋ। ਜੇਕਰ ਤੁਸੀਂ ਉਨ੍ਹਾਂ ਦਾ ਸਤਿਕਾਰ ਕਰਨ ਲਈ ਤਿਆਰ ਹੋ, ਅਤੇ ਉਸ ਤੋਂ ਬਾਅਦ ਫ਼ਿਰ ਜੋ ਮਰਜ਼ੀ ਵਾਪਰੇ ਉਸ ਨੂੰ ਕਬੂਲਣ ਲਈ ਵੀ, ਤੁਸੀਂ ਨਿਕਲਣ ਵਾਲੇ ਨਤੀਜਿਆਂ ਨੂੰ ਜ਼ਰੂਰ ਪਸੰਦ ਕਰੋਗੇ। ਅਤੇ ਜੇਕਰ ਤੁਹਾਨੂੰ ਉਨ੍ਹਾਂ ਰੱਬਾਂ ‘ਤੇ ਇਸ ਵਕਤ ਸ਼ੱਕ ਹੈ ਤਾਂ ਬਾਅਦ ਵਿੱਚ ਜਾ ਕੇ ਵੀ ਰਹਿਣ ਵਾਲਾ ਹੈ। ਜਿਸ ਸੂਰਤ ਵਿੱਚ, ਜਿਹੜਾ ਵੀ ਮੌਕਾ ਤੁਹਾਡੇ ਸਾਹਮਣੇ ਆਉਂਦੈ, ਉਸ ਨੂੰ ਫ਼ੌਰਨ ਬੋਚੋ!
ਕੁਝ ਚੀਜ਼ਾਂ ਜਿਵੇਂ ਆਪਸ ਵਿੱਚ ਰਲਣ ਲਈ ਬਣੀਆਂ ਹੀ ਨਹੀਂ ਹੁੰਦੀਆਂ। ਉਹ ਹਮੇਸ਼ਾ ਆਪੋ ਵਿੱਚ ਖਹਿੰਦੀਆਂ ਤੇ ਟਕਰਾਉਂਦੀਆਂ ਹਨ। ਉਹ ਲੜਦੀਆਂ ਹਨ, ਆਪਣੀ ਹੋਂਦ ਦੇ ਆਖ਼ਰੀ ਕਣ ਤਕ, ਆਪਣੀ ਨਿੱਜੀ ਪਛਾਣ ਲਈ। ਉਦਾਹਰਣ ਦੇ ਤੌਰ ‘ਤੇ, ਜ਼ਰਾ ਜਾਮਨੀ ਤੇ ਹਰੇ ਰੰਗ ਬਾਰੇ ਸੋਚੋ। ਜਾਂ ਖੰਡ ਤੇ ਲੂਣ ਬਾਰੇ। ਜਾਂ ਰਿਪਬਲੀਕਨਾਂ ਤੇ ਡੈਮੋਕਰੈਟਾਂ ਬਾਰੇ। ਤੁਸੀਂ, ਨਿਰਸੰਦੇਹ, ਇਨ੍ਹਾਂ ਸ਼ੈਵਾਂ ਨੂੰ ਇੱਕ ਜਗ੍ਹਾ ਸਫ਼ਲਤਾਪੂਰਵਕ ਇਕੱਠਿਆਂ ਕਰ ਸਕਦੇ ਹੋ, ਪਰ ਇਸ ਸਫ਼ਲਤਾ ਦਾ ਬਹੁਤਾ ਸਬੰਧ ਉਸ ਢੰਗ ਨਾਲ ਹੋਵੇਗਾ ਜਿਸ ਢੰਗ ਨਾਲ ਉਹ ਇੱਕ ਦੂਸਰੇ ਤੋਂ ਭਿੰਨ ਹਨ, ਨਾ ਕਿ ਜਿਵੇਂ ਉਹ ਇੱਕ ਦੂਸਰੇ ਵਿੱਚ ਰਚੇਮਿਚੇ ਹਨ ਜਾਂ ਮਿਲਗੋਭਾ ਹਨ। ਹੁਣ ਇਹ ਵਿਚਾਰੋ ਕਿ ਤੁਹਾਡੇ ਸੰਸਾਰ ਵਿਚਲੇ ਦੋ ਖ਼ਾਸ ਪ੍ਰਾਣੀ ਕਿਵੇਂ ਇੱਕ ਦੂਸਰੇ ਨਾਲ ਰਲ਼ ਕੇ ਕੰਮ ਕਰਦੇ ਹਨ। ਫ਼ਿਰ ਚੇਤੇ ਰੱਖਿਓ ਕਿ ਬਹੁਤ ਸੁਧਾਰ ਹੋ ਸਕਦਾ ਹੈ ਜੇਕਰ ਕਿਸੇ ਉਮੀਦ ਵਿੱਚ ਥੋੜ੍ਹੀ ਲਚਕ ਲਿਆਂਦੀ ਜਾਵੇ ਜਾਂ ਕਿਸੇ ਦਾ ਥੋੜ੍ਹਾ ਲਿਹਾਜ਼ ਰੱਖ ਲਿਆ ਜਾਵੇ।
ਜਦੋਂ ਜ਼ਿੰਦਗੀਆਂ ਦੇ ਸਾਗਰ ਅਸ਼ਾਂਤ ਹੁੰਦੇ ਨੇ ਤਾਂ ਲੋਕ, ਕਿਸ਼ਤੀਆਂ ਵਾਂਗ ਹੀ, ਕਿਸੇ ਸੁਰੱਖਿਅਤ ਸਥਾਨ ‘ਤੇ ਮਜ਼ਬੂਤ ਲੰਗਰ ਪਾ ਕੇ ਇੰਤਜ਼ਾਰ ਕਰਨਾ ਪਸੰਦ ਕਰਦੇ ਹਨ। ਤਬਦੀਲੀ ਦੀਆਂ ਹਵਾਵਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਵਿੱਚ, ਅਸੀਂ ਅਕਸਰ ਆਪਣੇ ਆਪ ਨੂੰ ਕਿਸੇ ਡੂੰਘੇ ਵਿਸ਼ਵਾਸ ਨਾਲ ਜੋੜ ਲੈਂਦੇ ਹਾਂ – ਇਸ ਉਮੀਦ ਵਿੱਚ ਕਿ ਉਹ ਸਾਨੂੰ ਜੀਵਨ ਵਿੱਚ ‘ਰੁੜ੍ਹ ਕੇ’ ਕਿਤੇ ਦੂਰ ਚਲੇ ਜਾਣ ਤੋਂ ਰੋਕ ਲਵੇਗਾ। ਇਹ ਸਭ ਕੁਝ ਉਸ ਹਾਲਤ ਵਿੱਚ ਬਿਲਕੁਲ ਠੀਕ ਹੈ ਜਿੱਥੇ ਸਾਡੀ ਜ਼ਿੰਦਗੀ ਦੀ ਕਿਸ਼ਤੀ ਦਾ ਲੰਗਰ ਕਿਸੇ ਮਜ਼ਬੂਤ ਆਧਾਰ ਨਾਲ ਬੰਨ੍ਹਿਆ ਹੋਵੇ। ਅਕਸਰ, ਪਰ, ਅਸੀਂ ਆਪਣੇ ਆਪ ਨੂੰ ਅਜਿਹੇ ਵਿਚਾਰਾਂ ਨਾਲ ਬੰਨ੍ਹ ਬੈਠਦੇ ਹਾਂ ਜਿਨ੍ਹਾਂ ਦਾ ਆਧਾਰ ਦੇਖਣ ਨੂੰ ਤਾਂ ਬਹੁਤ ਮਜ਼ਬੂਤ ਲਗਦੈ, ਪਰ ਦਰਅਸਲ ਉਹ ਵੀ ਸਾਡੇ ਜਿੰਨੀ ਹੀ ਸੁਤੰਤਰਤਾ ਨਾਲ ਤੈਰ ਰਹੇ ਹੁੰਦੇ ਹਨ। ਜੇਕਰ ਤੁਹਾਡੇ ਜੀਵਨ ਵਿੱਚ ਹਾਲ ਹੀ ਵਿੱਚ ਤੂਫ਼ਾਨ ਸ਼ੂਕਦੇ ਰਹੇ ਸਨ ਤਾਂ ਉਹ ਹੁਣ ਸ਼ਾਂਤ ਹੋ ਰਹੇ ਹਨ। ਤੁਹਾਨੂੰ ਸੁਰੱਖਿਆ ਦੀ ਓਨੀ ਲੋੜ ਨਹੀਂ ਜਿੰਨੀ ਤੁਸੀਂ ਸੋਚਦੇ ਹੋ।