ਫ਼੍ਰੈਦਰਿਕ ਨੀਅਚਾ ਨੇ ਇੱਕ ਜਗ੍ਹਾ ਲਿਖਿਆ ਸੀ, ”ਭੈੜੀ ਯਾਦਾਸ਼ਤ ਦਾ ਫ਼ਾਇਦਾ ਇਹ ਹੈ ਕਿ ਬੰਦਾ ਕਈ ਕਈ ਵਾਰ ਚੰਗੀਆਂ ਚੀਜ਼ਾਂ ਦਾ ਆਨੰਦ ਪਹਿਲੀ ਵਾਰ ਮਾਣ ਸਕਦੈ।” ਹਾਲਾਂਕਿ ਇਹ ਜਰਮਨ ਫ਼ਿਲਾਸਫ਼ਰ ਹਰ ਸ਼ੈਅ ਬਾਰੇ ਤਾਂ ਸਹੀ ਨਹੀਂ ਸੀ ਸਾਬਿਤ ਹੋਇਆ, ਪਰ ਉਸ ਦੀ ਇਸ ਗੱਲ ਵਿੱਚ ਵਜ਼ਨ ਜ਼ਰੂਰ ਹੈ ਅਤੇ ਇੱਕ ਚੰਗਾ ਨੁਕਤਾ ਵੀ। ਕੀ ਤੁਸੀਂ ਵੀ ਕੁੱਝ ਭੁੱਲੀ ਬੈਠੇ ਹੋ? ਛੇਤੀ ਹੀ ਤੁਹਾਨੂੰ ਉਸ ਬਾਰੇ ਚੇਤੇ ਕਰਵਾਇਆ ਜਾਵੇਗਾ। ਜਦੋਂ ਉਸ ਦਾ ਚੇਤਾ ਆਇਆ ਤਾਂ ਸ਼ਾਇਦ ਤੁਸੀਂ ਥੋੜ੍ਹਾ ਹੈਰਾਨ ਹੋਵੋ, ਜਾਂ ਇੰਝ ਮਹਿਸੂਸ ਕਰੋ ਕਿ ਉਹ ਤੁਹਾਨੂੰ ਦੇਰ ਨਾਲ ਯਾਦ ਆਇਆ ਜਾ ਦਿਵਾਇਆ ਗਿਆ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ‘ਚ ਗ਼ਲਤੀ ਕਿਸ ਦੀ ਹੈ। ਤੁਹਾਨੂੰ ਕੇਵਲ ਇੰਨਾ ਜਾਣ ਲੈਣ ਦੀ ਲੋੜ ਹੈ ਕਿ ਡੁੱਲ੍ਹੇ ਬੇਰਾਂ ਦਾ ਹਾਲੇ ਕੁੱਝ ਨਹੀਂ ਵਿਗੜਿਆ, ਅਤੇ ਤੁਹਾਡੇ ਕੋਲ ਗ਼ਲਤ ਨੂੰ ਸਹੀ ਕਰਨ ਦਾ ਵਕਤ ਹੈ – ਜਾਂ ਜੋ ਵੀ ਸਹੀ ਹੈ ਉਹ ਕਰਨ ਦਾ। ਚੈਲੇਂਜ ਨੂੰ ਕਬੂਲ ਕਰੋ ਅਤੇ ਆਪਣੇ ਮੌਕੇ ਨੂੰ ਬੋਚੋ।
ਤੁਸੀਂ ਸੁਪਨਾ ਦੇਖ ਸਕਦੇ ਹੋ। ਤੁਹਾਨੂੰ ਇਸ ਦੀ ਪੂਰੀ ਇਜਾਜ਼ਤ ਹੈ। ਪਰ ਜੇਕਰ ਤੁਸੀਂ ਜ਼ਿੰਦਗੀ ‘ਚ ਠਹਿਰਾਅ ਚਾਹੁੰਦੇ ਹੋ, ਤੁਹਾਨੂੰ ਇਸ ਤੋਂ ਕਿਤੇ ਵੱਧ ਕਰਨ ਦੀ ਲੋੜ ਹੈ। ਤੁਹਾਨੂੰ ਇੱਕ ਯੋਜਨਾ ਬਣਾ ਕੇ ਉਸ ਦੀ ਪ੍ਰਾਪਤੀ ਲਈ ਪੂਰੀ ਵਚਨਬੱਧਤਾ ਨਾਲ ਕੋਸ਼ਿਸ਼ ਕਰਨੀ ਪਵੇਗੀ। ਚਲੋ, ਇੱਥੇ ਮੇਰਾ ਲੈਕਚਰ ਮੁਕਦੈ, ਪੇਸ਼ ਹੈ ਹਕੀਕਤ … ਇਸ ਵਕਤ, ਤੁਸੀਂ ਸੁਪਨੇ ਦੇਖਣ ਤੋਂ ਵੱਧ ਹੋਰ ਕੁੱਝ ਕਰ ਵੀ ਨਹੀਂ ਸਕਦੇ। ਤੁਹਾਡੇ ਕੋਲ ਨਾ ਸਿਰਫ਼ ਮੌਕਿਆਂ ਦੀ ਘਾਟ ਹੈ, ਤੁਸੀਂ ਪਹਾੜ-ਹਿਲਾਉਣ ਦੇ ਬਹੁਤੇ ਮੂਡ ‘ਚ ਵੀ ਨਹੀਂ ਹੋ। ਇਸ ਦਾ ਇਹ ਅਰਥ, ਪਰ, ਹਰਗਿਜ਼ ਇਹ ਨਹੀਂ ਕਿ ਪਹਾੜ ਹਿਲਾਏ ਨਹੀਂ ਜਾ ਸਕਦੇ। ਕੁੱਝ ਸੁਪਨੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਨੀ ਹੀ ਨਹੀਂ ਚਾਹੀਦੀ। ਉਹ ਕਲਪਨਾਵਾਂ, ਜਿਨ੍ਹਾਂ ‘ਚ ਅਸੀਂ ਆਪਣਾ ਵਿਹਲਾ ਸਮਾਂ ਵਤੀਤ ਕਰਦੇ ਹਾਂ, ਸਾਡੇ ਮਨ ਨੂੰ ਦਿਲਾਸਾ ਦੇਣ ਜਾਂ ਪ੍ਰਚਾਉਣ ਦਾ ਕਾਰਜ ਤਾਂ ਕਰ ਸਕਦੀਆਂ ਹਨ, ਪਰ ਉਹ ਜੇ ਕਦੇ ਵੀ ਸੱਚ ਹੋ ਜਾਣ ਤਾਂ ਸਾਨੂੰ ਖ਼ੌਫ਼ਜ਼ਦਾ ਕਰ ਸਕਦੀਆਂ ਹਨ। ਜ਼ਰਾ ਸੋਚੋ ਕਿ ਉਸ ਸੂਰਤ ‘ਚ ਨੁਕਸਾਨ ਕਿੰਨਾ ਹੋਵੇਗਾ। ਉਸ ਖ਼ਲਾਅ ਬਾਰੇ ਵੀ ਜਿਹੜਾ ਇਸ ਕਾਰਨ ਤੁਹਾਡੀ ਜ਼ਿੰਦਗੀ ‘ਚ ਪੈਦਾ ਹੋ ਜਾਵੇਗਾ। ਫ਼ਿਰ, ਤੁਸੀਂ ਆਪਣੇ ਮਨ ਨੂੰ ਗੁਪਤ ਤਸੱਲੀ ਦੇਣ ਲਈ ਕਿਸ ਵੱਲ ਰੁਖ਼ ਕਰੋਗੇ? ਹਰ ਹਾਲਤ ‘ਚ, ਆਪਣੀ ਕਲਪਨਾ ਨੂੰ ਅਸਲੀਅਤ ‘ਚ ਤਬਦੀਲ ਕਰਨ ਲਈ ਥੋੜ੍ਹਾ ਖ਼ਤਰਾ ਉਠਾ ਕੇ ਵੀ ਕੋਸ਼ਿਸ਼ ਕਰਨਾ ਠੀਕ ਹੈ। ਪਰ ਕੋਈ ਅਜਿਹਾ ਸੁਪਨਾ ਚੁਣੋ ਜਿਹੜਾ ਹਕੀਕਤ ਬਣਨ ਦੇ ਯੋਗ ਹੋਵੇ, ਸੱਚਮੁੱਚ ਪ੍ਰੇਰਨਾਸ੍ਰੋਤ ਹੋਵੇ ਅਤੇ ਜ਼ਿੰਦਗੀ ਦੇਣ ਦੇ ਕਾਬਿਲ ਹੋਵੇ।
ਤੁਸੀਂ ਹੁਣ ਉਹ ਵਿਅਕਤੀ ਨਹੀਂ ਰਹੇ ਜਿਹੜੇ ਕਿਸੇ ਵੇਲੇ ਹੁੰਦੇ ਸੀ। ਤੁਸੀਂ ਬਹੁਤ ਸਾਰੇ ਸਬਕ ਅਤੇ ਹੁਨਰ ਸਿੱਖ ਚੁੱਕੇ ਹੋ। ਹੁਣ ਤੁਹਾਨੂੰ ਧੀਰਜ ਧਰਨ ਅਤੇ ਸਹੀ ਵਕਤ ਦਾ ਇੰਤਜ਼ਾਰ ਕਰਨ ਦੀ ਸਲਾਹ ਦੀ ਵੀ ਬਹੁਤੀ ਲੋੜ ਨਹੀਂ ਰਹੀ। ਤੁਹਾਨੂੰ ਸੁਭਾਵਿਕ ਤੌਰ ‘ਤੇ ਹੀ ਪਤੈ ਕਿ ਖ਼ੁਦ ਨੂੰ ਦਰਪੇਸ਼ ਚੁਣੌਤੀ ਨਾਲ ਠੀਕ ਢੰਗ ਨਾਲ ਕਿਵੇਂ ਨਜਿੱਠਣੈ। ਤੁਹਾਡਾ ਤਜਰਬਾ ਬੇਸ਼ਕੀਮਤੀ ਅਤੇ ਮੌਜੂਦਾ ਸਥਿਤੀ ‘ਚ ਢੁੱਕਵਾਂ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਸਮਾਂ ਦੇ ਸਕੋ ਅਤੇ ਜੋ ਤੁਹਾਨੂੰ ਪਤੈ ਉਸ ‘ਚ ਵਿਸ਼ਵਾਸ ਰੱਖੋ (ਅਤੇ ਜੋ ਤੁਹਾਨੂੰ ਨਹੀਂ ਪਤਾ ਉਸ ਦਾ ਸਨਮਾਨ ਕਰੋ), ਤੁਸੀਂ ਬਿਹਤਰੀਨ ਚੋਣ ਕਰਨ ‘ਚ ਕਾਮਯਾਬ ਹੋਵੇਗੇ।
ਇੱਕ ਉਸਾਰੂ ਗੱਲਬਾਤ ਇੱਕ ਚੰਗੇ ਹਫ਼ਤੇ ਅਤੇ ਇੱਕ ਮਾੜੇ ਹਫ਼ਤੇ ਵਿਚਲਾ ਫ਼ਰਕ ਬਣ ਸਕਦੀ ਹੈ। ਛੇਤੀ ਹੀ, ਕੁਦਰਤੀ ਤੌਰ ‘ਤੇ ਇੱਕ ਮਹੱਤਵਪੂਰਨ ਸੰਵਾਦ ਉਪਜੇਗਾ। ਜੇਕਰ ਅਜਿਹਾ ਆਪਣੇ ਆਪ ਨਾ ਹੋਇਆ ਤਾਂ ਤੁਸੀਂ ਖ਼ੁਦ ਕੋਸ਼ਿਸ਼ ਕਰ ਲਿਓ। ਜਿਸ ਕਿਸੇ ਨਾਲ ਵੀ ਤੁਹਾਨੂੰ ਲੱਗਦੈ ਗੱਲਬਾਤ ਸ਼ੁਰੂ ਕਰਨ ਦੀ ਲੋੜ ਹੈ, ਉਸ ਨਾਲ ਵਾਰਤਾਲਾਪ ਸ਼ੁਰੂ ਕਰੋ। ਚੇਤੇ ਰੱਖੋ, ਤੁਹਾਨੂੰ ਹਰ ਵਿਸ਼ੇ ‘ਤੇ ਦੂਸਰੇ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਦੇਖਣ ਦੀ ਲੋੜ ਨਹੀਂ। ਤੁਹਾਨੂੰ ਕੇਵਲ ਇੱਕ ਮਹੱਤਵਪੂਰਣ ਨੁਕਤੇ ‘ਤੇ ਰਜ਼ਾਮੰਦੀ ਚਾਹੀਦੀ ਹੈ। ਉਸ ਨੂੰ ਹਾਸਿਲ ਕਰੋ, ਅਤੇ ਤੁਸੀਂ ਆਪਸੀ ਸਨਾਮਾਨ ਦਾ ਬੀਜ ਬੀਜ ਦੇਵੋਗੇ। ਫ਼ਿਰ, ਜੇਕਰ ਪਹਿਲਾਂ ਵਿਸ਼ਵਾਸ ਮੌਜੂਦ ਸੀ ਪਰ ਹੁਣ ਨੁਕਸਾਨਿਆ ਜਾ ਚੁੱਕੈ, ਉਹ ਬੀਜ ਇੱਕ ਦਿਨ ਵੱਡਾ ਦਰਖ਼ਤ ਬਣ ਜਾਵੇਗਾ ਜਿਸ ‘ਤੇ ਅਤਿ-ਲੋੜੀਂਦੇ ਫ਼ਲ ਉੱਗਣਗੇ।