ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 842

ajit_weeklyਇੰਝ ਲਗਦਾ ਹੈ ਕਿ ਜਿਵੇਂ ਸਾਡੇ ਨਿਆਣੇ ਸਾਡਾ ਇਮਤਿਹਾਨ ਲੈਣ ਲਈ ਇਸ ਸੰਸਾਰ ਵਿੱਚ ਭੇਜੇ ਜਾਂਦੇ ਹੋਣ। ਜਦੋਂ ਕਿ ਅਸੀਂ ਕਦੇ ਵੀ ਆਪਣੀ ਮਰਜ਼ੀ ਨਾਲ ਅਜਿਹੇ ਵਿਅਕਤੀਆਂ ਨਾਲ ਕੋਈ ਰਿਸ਼ਤਾ ਨਾ ਬਣਾਇਆ ਹੁੰਦਾ ਜਿਹੜੇ ਸਾਡੀਆਂ ਸਾਰੀਆਂ ਬੁਰੀਆਂ ਆਦਤਾਂ (ਜਾਂ ਉਨ੍ਹਾਂ ਤੋਂ ਵੀ ਕੁਝ ਵੱਧ) ਦੀ ਇੱਕ ਜਿਊਂਦੀ ਜਾਗਦੀ ਤਸਵੀਰ ਹੋਣ, ਕੁਦਰਤ ਸਾਨੂੰ ਅਜਿਹੀ ਹੀ ਚੁਣੌਤੀ ਨਾਲ ਓਦੋਂ ਦੋ ਚਾਰ ਕਰਾਉਂਦੀ ਹੈ ਜਦੋਂ ਅਸੀਂ ਕਿਸੇ ਬੱਚੇ ਨੂੰ ਜਨਮ ਦਿੰਦੇ ਹਾਂ! ਜੇਕਰ ਅਸੀਂ ਆਪਣੇ ਵੰਸ਼ ਨੂੰ ਅੱਗੇ ਤੋਰਨ ਦੀ ਆਪਣੀ ਇੱਛਾ ਨੂੰ ਕਿਸੇ ਢੰਗ ਜਾਂ ਕਾਰਨ ਮਾਰ ਵੀ ਲਈਏ ਤਾਂ ਵੀ ਅਸੀਂ ਉਨ੍ਹਾਂ ਲੋਕਾਂ ਨਾਲ ਵਿਵਾਦ ਵਿੱਚ ਪੈਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਜਿਨ੍ਹਾਂ ਨਾਲ ਸਾਡਾ ਪੈਤ੍ਰਿਕ ਜੀਵਾਣੂਆਂ ਦਾ ਤਲਾਅ ਸਾਂਝਾ ਹੈ। ਤੁਹਾਡੇ ਪਰਿਵਾਰਕ ਜੀਵਨ ਵਿੱਚ ਇਸ ਵੇਲੇ ਕੁਝ ਗੁੱਸਾ ਜ਼ਰੂਰ ਪੰਨਪ ਰਿਹਾ ਹੋ ਸਕਦਾ ਹੈ, ਪਰ ਇਸ ਦੇ ਬਾਵਜੂਦ ਉੱਥੇ ਡੂੰਘੀ ਨਿਸਬਤ ਅਤੇ ਗੂੜ੍ਹੀ ਵਫ਼ਾਦਾਰੀ ਵੀ ਮੌਜੂਦ ਹੈ। ਚੇਤੇ ਰੱਖਿਓ, ਇਸ ਦਾ ਮਹੱਤਵ ਸਭ ਚੀਜ਼ਾਂ ਤੋਂ ਵੱਧ ਹੈ।
ਪਰੀਆਂ ਦੇ ਕਿੱਸੇ ਅਕਸਰ ‘ਫ਼ਿਰ ਅੰਤ ਵਿੱਚ ਸਾਰੇ ਖ਼ੁਸ਼ੀ ਖ਼ੁਸ਼ੀ ਰਹਿਣ ਲੱਗ ਪਏ’ ਦੀ ਸਤਰ ਨਾਲ ਖ਼ਤਮ ਹੁੰਦੇ ਹਨ। ਕਿਉਂਕਿ ਇਨ੍ਹਾਂ ‘ਚੋਂ ਬਹੁਤੀਆਂ ਕਹਾਣੀਆਂ ਵਿੱਚ ਰੋਮਾਂਚਕ ਅਤਿਕਥਨੀ ਦੇ ਅੰਸ਼ ਵੀ ਮੌਜੂਦ ਹੁੰਦੇ ਹਨ, ਬੱਚੇ, ਜੋ ਕਿ ਕੁਦਰਤਨ ਬਹੁਤ ਜ਼ਿਆਦਾ ਸੰਵੇਦਨਸ਼ੀਲ ਮਨਾਂ ਦੇ ਮਾਲਕ ਹੁੰਦੇ ਹਨ, ਆਪਣੇ ਬਚਪਨ ਤੋਂ ਹੀ ਇਹ ਆਸ ਕਰਨ ਲਗ ਪੈਂਦੇ ਹਨ ਕਿ ਵੱਡੇ ਹੋਣ ‘ਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਵੀ ਇਨ੍ਹਾਂ ਕਹਾਣੀਆਂ ਵਾਂਗ ਹੀ ਉਨ੍ਹਾਂ ਲਈ ਬੇਅੰਤ ਸੰਤੁਸ਼ਟੀ ਲਿਆਉਣਗੀਆਂ। ਪਰ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਹਕੀਕਤ ਇਸ ਦੇ ਕਾਫ਼ੀ ਉਲਟ ਹੈ। ਚਾਹੇ ਤੁਸੀਂ ਇਕੱਲੇ ਹੋ ਜਾਂ ਕਿਸੇ ਭਾਈਵਾਲ ਦੇ ਨਾਲ, ਤੁਹਾਡੇ ਲਈ ਜ਼ਿੰਦਗੀ ਕਿਸੇ ਪੇਚੀਦਾ ਖੇਤਰ ਨੂੰ ਪਾਰ ਕਰਦੇ ਰਹਿਣ ਦੇ ਇੱਕ ਲਗਾਤਾਰ ਸੰਘਰਸ਼ ਦਾ ਨਾਮ ਹੈ। ਹੋ ਸਕਦਾ ਹੈ ਕਿ ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿੱਚ ਹਰ ਸ਼ੈਅ ਉਸ ਤਰ੍ਹਾਂ ਨਾ ਹੋਵੇ ਜਿਵੇਂ ਤੁਸੀਂ ਕਾਮਨਾ ਕੀਤੀ ਸੀ, ਪਰ ਇਹ ਤੁਹਾਨੂੰ ਇੱਕ ਖ਼ੁਸ਼ਗਵਾਰ ਭਵਿੱਖ ਵੱਲ ਲਿਜਾ ਰਹੀ ਹੈ।
ਅਸੀਂ ਸਾਰੇ ਹੀ ਆਦਰਸ਼ਵਾਦੀ ਹਾਂ। ਇਸ ਬਾਰੇ ਅਸੀਂ ਕੁਝ ਕਰ ਵੀ ਨਹੀਂ ਸਕਦੇ ਚਾਹੇ ਅਸੀਂ ਜਿੰਨੇ ਮਰਜ਼ੀ ਸਰਲ ਦਿਖਣ ਦਾ ਯਤਨ ਕਿਉਂ ਨਾ ਕਰੀਏ। ਸਾਡੇ ਸੁਪਨੇ ਕਦੇ ਵੀ ਸਾਡਾ ਪਿੱਛਾ ਨਹੀਂ ਛੱਡਦੇ ਅਤੇ ਜੇ ਅਸੀਂ ਉਨ੍ਹਾਂ ਨੂੰ ਅਣਗੌਲਿਆ ਕਰ ਦੇਈਏ ਤਾਂ ਹੋ ਸਕਦਾ ਹੈ ਕਿ ਉਹ ਸਾਨੂੰ ਠਗਣ ਦਾ ਫ਼ੈਸਲਾ ਕਰ ਲੈਣ। ਉਹ ਭੇਸ ਵਟਾ ਕੇ ਤਰਕਸ਼ੀਲ ਸਪਸ਼ਟੀਕਰਣਾਂ ਦੇ ਕਪੜੇ ਪਹਿਨ ਕੇ ਸਾਡੇ ਸਾਹਮਣੇ ਆ ਜਾਂਦੇ ਹਨ। ਉਹ ਬੜੀ ਚਲਾਕੀ ਨਾਲ ਆਪਣੀਆਂ ਊਣਤਾਈਆਂ ਸਾਡੇ ਮਨੋਵਿਗਿਆਨਕ ‘ਬਲਾਈਂਡ ਸਪੌਟ’ ਵਿੱਚ ਲੁਕਾ ਲੈਂਦੇ ਹਨ। ਫ਼ਿਰ ਆਹਿਸਤਾ ਆਹਿਸਤਾ ਅਸੀਂ ਇਸ ਗੱਲ ਪ੍ਰਤੀ ਸੁਚੇਤ ਹੁੰਦੇ ਹਾਂ ਕਿ ਹੋ ਸਕਦਾ ਹੈ ਅਸੀਂ ਆਪਣੇ ਆਪ ਨੂੰ ਧੋਖਾ ਦੇ ਬੈਠੇ ਹੋਈਏ। ਕੁਦਰਤ ਤੁਹਾਨੂੰ ਛੇਤੀ ਹੀ ਇਸ ਗੱਲ ਨੂੰ ਸਿਆਣਨ, ਲੋੜ ਪੈਣ ‘ਤੇ ਉਸ ਨੂੰ ਦਰੁੱਸਤ ਕਰਨ ਤੇ ਇਹ ਸੁਨਿਸ਼ਚਿਤ ਕਰਨ ਦਾ ਮੌਕਾ ਦੇਵੇਗੀ ਕਿ ਸਭ ਕੁਝ ਠੀਕ ਠਾਕ ਹੈ।
ਤੁਹਾਨੂੰ ਕਿਸੇ ਬੰਦੇ ਵਿੱਚ ਕੀ ਦਿਖਾਈ ਦਿੰਦਾ ਹੈ? ਉਨ੍ਹਾਂ ਨੂੰ ਤੁਹਾਡੇ ਵਿੱਚ ਕੀ ਦਿਖਾਈ ਦਿੰਦਾ ਹੈ? ਮੈਂ ਇਹ ਸਵਾਲ ਤੁਹਾਡੇ ਕਿਸੇ ਰਿਸ਼ਤੇ ਦੀ ਮਹੱਤਤਾ ਬਾਰੇ ਤੁਹਾਡੇ ਮੰਨ ਵਿੱਚ ਸ਼ੰਕੇ ਖੜ੍ਹੇ ਕਰਨ ਜਾਂ ਉਸ ਦੀ ਨੁਕਤਾਚੀਨੀ ਕਰਨ ਲਈ ਨਹੀਂ ਪੁੱਛ ਰਿਹਾ। ਇਹ ਤਾਂ ਮੈਂ ਇਸ ਗੱਲ ਵੱਲ ਇਸ਼ਾਰਾ ਕਰਨ ਲਈ ਪੁੱਛ ਰਿਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਵਿੱਚ ਕੁਝ ਨਾ ਕੁਝ ਜ਼ਰੂਰ ਦਿਖਾਈ ਦਿੰਦਾ ਹੈ ਤਾਂ ਹੀ ਅਸੀਂ ਇੱਕ ਦੂਜੇ ਨਾਲ ਰਹਿੰਦੇ ਹਾਂ। ਇਹ ਦੇਖਣ ਵਿੱਚ ਕੁਝ ਗ਼ਲਤ ਵੀ ਨਹੀਂ, ਪਰ ਕਈ ਵਾਰ ਅਸੀਂ ਕਿਸੇ ਇੱਕ ਚੀਜ਼ ਨੂੰ ਅਣਗੌਲਿਆਂ ਕਰ ਕੇ ਕੋਈ ਦੂਜੀ ਚੀਜ਼ ਦੇਖਣ ਦੀ ਗ਼ਲਤੀ ਵੀ ਕਰ ਲੈਂਦੇ ਹਾਂ। ਭਵਿੱਖ ਵਿੱਚ ਵਾਪਰਣ ਵਾਲੀਆਂ ਕੁਝ ਘਟਨਾਵਾਂ ਤੁਹਾਨੂੰ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦਾ ਉਹ ਪੱਖ ਦਿਖਾਉਣਗੀਆਂ ਜਿਸ ਦੀ ਹੁਣ ਤਕ ਤੁਸੀਂ ਕਦਰ ਹੀ ਨਹੀਂ ਸੀ ਪਾ ਸਕੇ। ਉਸ ਨੂੰ ਦੇਖਣ ਤੇ ਸਮਝਣ ਤੋਂ ਬਾਅਦ ਹੀ ਤੁਹਾਡੇ ਭਾਵਨਾਤਮਕ ਜੀਵਨ ਵਿੱਚ ਬਿਹਤਰੀ ਆਵੇਗੀ। ਸੱਚੇ ਦਿਲੋਂ ਕੋਸ਼ਿਸ਼ ਕਰਿਓ।
ਕੀ ਅਸੀਂ ਆਪਣੇ ਗੁਜ਼ਰੇ ਹੋਏ ਕੱਲ੍ਹ ਦੇ ਅਭੀਲਾਖੀ ਸੁਪਨਿਆਂ ਦਾ ਖ਼ਮਿਆਜ਼ਾ ਆਪਣੇ ਵਰਤਮਾਨ ਵਿੱਚ ਭੁਗਤਦੇ ਹਾਂ? ਕੀ ਸਾਨੂੰ ਇੱਕ ਆਰਾਮਦਾਇਕ ਭਵਿੱਖ ਸਿਰਜਣ ਲਈ ਵਧੇਰੇ ਸਾਵਾਧਾਨੀ ਨਾਲ ਇਹ ਸੋਚਣ ਦੀ ਲੋੜ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਸੱਚਮੁੱਚ ਕੀ ਚਾਹੀਦਾ ਹੈ ਜਾਂ ਕੀ ਨਹੀਂ? ਜੀਵਨ ਵਿੱਚ ਤੁਸੀਂ ਆਪਣੇ ਆਪ ਨੂੰ ਪਰੇਸ਼ਾਨ ਕਰਨ ਵਾਲੇ ਅਜਿਹੇ ਵਿਚਾਰਾਂ ਨਾਲ ਜੂਝਦੇ ਹੋਏ ਪਾਓਗੇ ਅਤੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦਿਆਂ ਜਿਹੜੇ ਹਰ ਕੋਸ਼ਿਸ਼ ਨਾਲ ਵਧੇਰੇ ਪੇਚੀਦਾ ਬਣ ਜਾਂਦੇ ਹਨ। ਕਿਸੇ ਅਜਿਹੀ ਪ੍ਰਕਿਰਿਆ ਨੂੰ ਲੋੜੋਂ ਵੱਧ ਸਰਲ ਬਣਾਉਣ ਦੀ ਕੋਸ਼ਿਸ਼ ਨਾ ਕਰੋ ਜਿਸ ਬਾਰੇ ਗੰਭੀਰਤਾ ਨਾਲ ਡੂੰਘਾ ਵਿਚਾਰ ਕਰਨ ਦੀ ਲੋੜ ਹੋਵੇ। ਇਹ ਤੁਹਾਡੇ ਲਈ ਇੱਕ ਚਮਕਦਾਰ ਭਵਿੱਖ ਵੱਲ ਇੱਕ ਵੱਡਾ ਕਦਮ ਪੁੱਟਣ ਦਾ ਮੌਕਾ ਹੈ।
ਪ੍ਰੇਮ ਗੀਤ ਅਕਸਰ ਸੁਪਨਿਆਂ ਬਾਰੇ ਹੁੰਦੇ ਨੇ। ਪ੍ਰੇਮ ਗੀਤਾਂ ਦੇ ਉਹ ਗਵੱਈਏ ਕਦੇ ਵੀ ਸੁਪਨਿਆਂ ਦੀਆਂ ਕਿਸ਼ਤੀਆਂ, ਸੁਨਿਆਂ ਦੇ ਪ੍ਰੇਮੀਆਂ ਅਤੇ ਸੁਪਨਿਆਂ ਦੇ ਉਨ੍ਹਾਂ ਵਕਤਾਂ ਦਾ ਲਾਲਚ ਨਹੀਂ ਤਿਆਗ ਸਕਦੇ ਜਦੋਂ ਲਗਦਾ ਹੈ ਕਿ ਸਾਡੇ ਜੀਵਨ ਦੇ ਸਾਰੇ ਸੁਪਨੇ ਬੱਸ ਸੱਚ ਹੋਣ ਵਾਲੇ ਹੋਣ। ਬਹੁਤ ਘੱਟ ਹੀ ਸਮੇਂ ਦੀਆਂ ਮਸ਼ਹੂਰ ਧੁਨ੍ਹਾਂ, ਉਨ੍ਹਾਂ ਡਰਾਉਣੇ ਸੁਪਨਿਆਂ ਜਾਂ ਭੈੜੇ ਤਜਰਬਿਆਂ ਦੀ ਕੋਈ ਗੱਲ ਕਰਦੀਆਂ ਹਨ ਜਿਨ੍ਹਾਂ ਵਿੱਚੋਂ ਮਿਲੀ ਕਿਸੇ ਕਿਸਮ ਦੀ ਵੀ ਜਾਗ੍ਰਤੀ ਨੂੰ ਇੱਕ ਵਰਦਾਨ ਸਮਝਿਆ ਜਾਣਾ ਚਾਹੀਦਾ ਹੈ। ਚਿੰਤਾ ਨਾ ਕਰੋ। ਮੈਂ ਇਹ ਨਹੀਂ ਸੁਝਾਅ ਰਿਹਾ ਕਿ ਕੁਦਰਤ ਤੁਹਾਨੂੰ ਇੰਝ ਮਹਿਸੂਸ ਕਰਾਏਗੀ ਕਿ ਜਿਵੇਂ ਤੁਸੀਂ ਅਜਿਹੇ ਹੀ ਕਿਸੇ ਸੁਪਨੇ ਨੂੰ ਹੰਢਾ ਰਹੇ ਹੋਵੋ। ਪਰ ਤੁਹਾਡੇ ਕੋਲ ਛੇਤੀ ਹੀ ਆਪਣੇ ਇੱਕ ਸੁਪਨੇ ਨੂੰ ਕਿਸੇ ਦੂਜੇ ਨਾਲ ਵਟਾਉਣ ਦਾ ਇੱਕ ਸੱਚਾ ਮੌਕਾ ਹੋਵੇਗਾ।

LEAVE A REPLY