ਕੀ ਇਹ ਬ੍ਰਹਿਮੰਡ ਤੁਹਾਡਾ ਹੈ? ਜਾਂ ਫ਼ਿਰ ਮੇਰਾ? ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਮੈਨੂੰ ਕਿਤੇ ਕਾਗ਼ਜ਼ ਦਾ ਇੱਕ ਟੁਕੜਾ ਪਿਆ ਮਿਲਿਆ ਸੀ ਜਿਸ ‘ਚ ਪੂਰੀ ਦੁਨੀਆਂ ਦੀ ਮਲਕੀਅਤ ਸਪੱਸ਼ਟ ਅਤੇ ਵਿਸ਼ੇਸ਼ ਤੌਰ ‘ਤੇ ਮੈਨੂੰ ਦਿੱਤੀ ਗਈ ਸੀ। ਮੈਨੂੰ ਹੁਣ ਇਹ ਪੱਕੀ ਤਰ੍ਹਾਂ ਚੇਤੇ ਨਹੀਂ ਕਿ ਮੈਂ ਉਸ ਨੂੰ ਕਿੱਥੇ ਰੱਖ ਦਿੱਤਾ ਹੈ, ਪਰ ਉਹ ਕਿਤੇ ਨਾ ਕਿਤੇ ਤਾਂ ਜ਼ਰੂਰ ਪਿਆ ਹੋਣਾ ਚਾਹੀਦੈ। ਅਜੀਬ ਗੱਲ ਸਿਰਫ਼ ਇਹ ਹੈ ਕਿ ਮੈਂ ਕਈ ਹੋਰ ਲੋਕਾਂ ਨੂੰ ਵੀ ਮਿਲਿਆਂ ਜੋ ਇੱਕ ਅਜਿਹੇ ਹੀ ਇੱਕ ਦਸਤਾਵੇਜ਼ ਦੇ ਉਨ੍ਹਾਂ ਦੇ ਕਬਜ਼ੇ ‘ਚ ਹੋਣ ਦਾ ਦਾਅਵਾ ਕਰ ਰਹੇ ਹਨ। ਕੀ ਤੁਹਾਨੂੰ ਮੇਰੇ ਇਹ ਪੁੱਛਣ ‘ਤੇ ਕੋਈ ਇਤਰਾਜ਼ ਹੈ ਕਿ ਕੀ ਤੁਹਾਡੇ ਕੋਲ ਵੀ ਅਜਿਹਾ ਹੀ ਕੋਈ ਦਸਤਾਵੇਜ਼ ਤਾਂ ਮੌਜੂਦ ਨਹੀਂ? ਇਹ ਅਜੀਬ ਹੈ ਨਾ, ਕਿ ਨਹੀਂ? ਆਖ਼ਿਰ ਇਹ ਦੁਨੀਆਂ ਅਸਲ ‘ਚ ਹੈ ਕਿਸ ਦੀ? ਜਿਵੇਂ ਕਿ ਆਉਣ ਵਾਲੀਆਂ ਘਟਨਾਵਾਂ ਸਾਬਿਤ ਕਰ ਦੇਣਗੀਆਂ, ਇਹ (ਘੱਟੋ-ਘੱਟ ਅੰਸ਼ਕ ਤੌਰ ‘ਤੇ) ਤੁਹਾਡੀ ਹੈ!
ਸਾਰੇ ਵਪਾਰੀ ਮੋਟੇ ਤੌਰ ‘ਤੇ ਇਹ ਜਾਣਦੇ ਹੀ ਹਨ ਕਿ ਜ਼ਿਆਦਾਤਰ ਚੀਜ਼ਾਂ ਦੀ ਕੀਮਤ ਕੀ ਹੋਣੀ ਚਾਹੀਦੀ ਹੈ, ਪਰ ਤਾਂ ਹੀ ਜੇ ਉਨ੍ਹਾਂ ਨੂੰ ਇਹ ਪਤਾ ਹੋਵੇ ਕਿ ਉਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਲਈ ਸਹੀ ਦੁਕਾਨਾਂ ਕਿੱਥੇ ਹਨ। ਅਤੇ ਉਹ ਇਹ ਵੀ ਜਾਣਦੇ ਹਨ ਕਿ ਜ਼ਿਆਦਾਤਰ ਲੋਕ ਉਨ੍ਹਾਂ ਹੀ ਚੀਜ਼ਾਂ ਅਤੇ ਸੇਵਾਵਾਂ ਲਈ ਵਾਧੂ ਭੁਗਤਾਨ ਕਰਨ ਲਈ ਤਿਆਰ ਹੋਣਗੇ – ਖ਼ਾਸ ਕਰ ਕੇ ਜੇ ਉਨ੍ਹਾਂ ਲੋਕਾਂ ਨੂੰ ਇਹ ਨਾ ਪਤਾ ਹੋਵੇ ਕਿ ਉਨ੍ਹਾਂ ਚੀਜ਼ਾਂ ਨੂੰ ਥੋਕ ਦੇ ਭਾਅ ‘ਤੇ ਖ਼ਰੀਦਣ ਲਈ ਸਹੀ ਸਥਾਨ ਕਿੱਥੇ ਹਨ! ਵਪਾਰੀ ਲੋਕ ਇੱਕ ਕੀਮਤ ‘ਤੇ ਇੱਕ ਚੀਜ਼ ਨੂੰ ਖ਼ਰੀਦਦੇ ਹਨ, ਅਤੇ ਉਸ ਇੱਕ ਦੂਸਰੇ ਮੁੱਲ ‘ਤੇ ਗਾਹਕਾਂ ਨੂੰ ਵੇਚ ਦਿੰਦੇ ਹਨ। ਇਸ ਵਿਚਕਾਰਲੇ ਹਿੱਸੇ ਨੂੰ, ਕੁੱਝ ਕੁ ਆਲੇ-ਦੁਆਲੇ ਦੇ ਖ਼ਰਚੇ ਮਨਫ਼ੀ ਕਰਨ ਤੋਂ ਬਾਅਦ, ਪਿਆਰ ਨਾਲ ਸ਼ੁੱਧ ਮੁਨਾਫ਼ੇ ਵਜੋਂ ਜਾਣਿਆ ਜਾਂਦਾ ਹੈ। ਪਰ ਯਾਦ ਰੱਖੋ, ਭਾਵਨਾਤਮਕ ਲੈਣ-ਦੇਣ ਜਾਂ ਮਨੋਵਿਗਿਆਨਕ ਅਦਾਨ-ਪ੍ਰਦਾਨ ‘ਚ ਨਾ ਤਾਂ ਵਸਤਾਂ ਦਾ ਕੋਈ ਵਟਾਂਦਰਾ ਹੁੰਦਾ ਹੈ ਅਤੇ ਨਾ ਹੀ ਕਿਸੇ ਕਿਸ ਦਾ ਡਿਸਕਾਊਂਟ ਹੀ ਮਿਲਦੈ।
ਛੋਟੇ ਹੁੰਦਿਆਂ ਸਕੂਲ ‘ਚ ਜਦੋਂ ਅਧਿਆਪਕ ਨੇ ਕਲਾਸਰੂਮ ‘ਚ ਦਾਖ਼ਲ ਹੋਣਾ ਤਾਂ ਸਾਰੀ ਕਲਾਸ ਨੇ ਖੜ੍ਹੇ ਹੋ ਕੇ ਟੀਚਰ ਦਾ ਸਵਾਗਤ ਕਰਨਾ। ਪਰ ਜੇਕਰ ਕੋਈ ਵਿਦਿਆਰਥੀ ਬਾਅਦ ‘ਚ ਕਲਾਸਰੂਮ ‘ਚ ਆਉਂਦਾ ਸੀ ਤਾਂ ਉਸ ਦਾ ਅਜਿਹਾ ਕੋਈ ਸਵਾਗਤ ਨਹੀਂ ਸੀ ਕੀਤਾ ਜਾਂਦਾ। ਅਜਿਹੇ ਵਿਦਿਆਰਥੀ ਨੂੰ ਬੱਸ ਚੁੱਪਚਾਪ ਜਾ ਕੇ ਆਪਣੀ ਸੀਟ ‘ਤੇ ਬੈਠਣਾ ਪੈਂਦਾ ਸੀ। ਬੇਸ਼ੱਕ ਉਹ ਵਿਦਿਆਰਥੀ ਅੱਗੇ ਭਵਿੱਖ ‘ਚ ਜਾ ਕੇ ਆਪਣੇ ਕਰੀਅਰ ‘ਚ ਚਾਹੇ ਕਿੰਨਾ ਹੀ ਨਾਮਣਾ ਕਿਓਂ ਨਾ ਖੱਟ ਲਵੇ, ਪਰ ਬਚਪਨ ‘ਚ ਉਸ ਨੂੰ ਅਜਿਹਾ ਕੋਈ ਸਤਿਕਾਰ ਨਹੀਂ ਸੀ ਦਿੱਤਾ ਜਾਂਦਾ। ਕੁੱਝ ਲੋਕਾਂ ਨੂੰ ਇੰਨੀ ਇੱਜ਼ਤ ਕਿਓਂ ਮਿਲਦੀ ਹੈ ਅਤੇ ਦੂਜਿਆਂ ਨੂੰ ਅਣਡਿੱਠਾ ਕਿਓਂ ਕਰ ਦਿੱਤਾ ਜਾਂਦੈ? ਤੁਸੀਂ ਨਿਸ਼ਚਤ ਤੌਰ ‘ਤੇ ਉਸ ਨਾਲੋਂ ਵੱਧ ਪ੍ਰਸ਼ੰਸਾ ਦੇ ਹੱਕਦਾਰ ਹੋ ਜਿੰਨੀ ਇਸ ਵੇਲੇ ਤੁਹਾਨੂੰ ਮਿਲ ਰਹੀ ਹੈ। ਪਰ ਉਸ ਦੀ ਉਡੀਕ ‘ਚ ਆਪਣਾ ਸਾਹ ਰੋਕ ਕੇ ਨਾ ਖੜ੍ਹੇ ਰਹਿਓ!
ਸਾਡੇ ‘ਚੋਂ ਕੋਈ ਵੀ ਗ਼ਲਤ ਸਾਬਿਤ ਨਹੀਂ ਹੋਣਾ ਚਾਹੁੰਦਾ। ਅਸੀਂ ਇਹ ਮਹਿਸੂਸ ਕਰਨਾ ਪਸੰਦ ਕਰਦੇ ਹਾਂ ਕਿ ਅਸੀਂ ਚੰਗੇ ਕਾਰਨਾਂ ਕਰ ਕੇ ਸਾਰੇ ਸਹੀ ਫ਼ੈਸਲੇ ਕਰ ਰਹੇ ਹਾਂ। ਅਸੀਂ ਤਰਕਪੂਰਣ ਜਮ੍ਹਾਂ-ਘਟਾਓ ਕਰ ਸਕਣ ਦੀਆਂ ਆਪਣੀਆਂ ਸ਼ਕਤੀਆਂ ‘ਚ ਵਿਸ਼ਵਾਸ ਰੱਖਣ ਨੂੰ ਤਰਜੀਹ ਦਿੰਦੇ ਹਾਂ, ਅਤੇ ਅਸੀਂ ਇਸ ਵਿਚਾਰ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੇ ਹਾਂ ਕਿ ਚੰਗੇ ਅਤੇ ਮਾੜੇ ਵਿਚਕਾਰ ਤਮੀਜ਼ ਕਰਨ ਦੀ ਕਾਬਲੀਅਤ ਸਾਨੂੰ ਗੁੜ੍ਹਤੀ ‘ਚ ਮਿਲੀ ਹੈ, ਅਤੇ ਲਗਭਗ ਇੱਕ ਨਜ਼ਰ ‘ਚ ਹੀ ਅਸੀਂ ਇਹ ਫ਼ਰਕ ਕਰਨ ਦੇ ਯੋਗ ਹਾਂ। ਇਸ ਸਬੰਧ ‘ਚ ਤੁਹਾਡੀਆਂ ਆਪਣੀਆਂ ਸ਼ਕਤੀਆਂ ਕਿੰਨੀਆਂ ਕੁ ਭਰੋਸੇਮੰਦ ਹਨ? ਉਹ ਬਹੁਤ ਚੰਗੀਆਂ ਹਨ ਪਰ ਬੇਮਿਸਾਲ ਨਹੀਂ। ਇੱਕ ਨਵੀਂ ਸਥਿਤੀ ਲਈ ਥੋੜ੍ਹੀ ਜਿਹੀ ਵਾਧੂ ਜਾਂਚ ਕਰਨੀ ਅਕਲਮੰਦੀ ਦੀ ਗੱਲ ਹੋ ਸਕਦੀ ਹੈ।
ਵਿਚਾਰੀ ਸਿੰਡਰੈਲਾ … ਘਰ ਦੇ ਹੋਰ ਬਾਕੀ ਦੇ ਫ਼ਰਜ਼ਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਘਰ ‘ਚ ਮੌਜੂਦ ਸਾਰੇ ਕੱਦੂਕੱਸਾਂ ਨੂੰ ਸਾਫ਼ ਕਰਨਾ ਅਤੇ ਅੰਗੀਠੀਆਂ ਨੂੰ ਅਗਲੇ ਦਿਨ ਲਈ ਤਿਆਰ ਕਰਨਾ … ਦਿਨ ਪ੍ਰਤੀ ਦਿਨ। ਉਸ ਨੂੰ ਧੰਨਵਾਦ ਦਾ ਸ਼ਬਦ ਸੁਣਨ ਨੂੰ ਕਦੋਂ ਮਿਲਦਾ ਸੀ? ਕੀ ਉਸ ਨੇ ਕਦੇ ਵੀ ਅਸਲ ‘ਚ ਉਸ ਸ਼ਾਹੀ ਡਾਂਸ ਪਾਰਟੀ ‘ਤੇ ਜਾਣ ਦਾ ਸੁਪਨਾ ਦੇਖਿਆ ਸੀ? ਉਸ ਦੀਆਂ ਕਲਪਨਾਵਾਂ ਤਾਂ ਸ਼ਾਇਦ ਥੋੜ੍ਹੇ ਜਿਹੇ ਵਧੀਆ ਭੋਜਨ, ਇੱਕ ਆਰਾਮਦਾਇਕ ਬਿਸਤਰੇ, ਅਤੇ ਸਭ ਤੋਂ ਵੱਧ, ਸ਼ੁਕਰੀਆਂ ਵਰਗੇ ਇੱਕ ਕੋਮਲ ਸ਼ਬਦ ਅਤੇ ਆਪਣੀਆਂ ਸੇਵਾਵਾਂ ਬਦਲੇ ਥੋੜ੍ਹੀ ਜਿੰਨੀ ਪ੍ਰਸ਼ੰਸਾ ਕੀਤੇ ਜਾਣ ਦੇ ਦੁਆਲੇ ਘੁੰਮਦੀਆਂ ਸਨ। ਤੁਹਾਡਾ ਇੱਕ ਹਿੱਸਾ ਹੁਣ ਸਿੰਡਰੈਲਾ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ। ਤੁਸੀਂ ਰਾਜਕੁਮਾਰਾਂ ਜਾਂ ਰਾਜਕੁਮਾਰੀਆਂ ਦੀ ਭਾਲ ਨਹੀਂ ਕਰ ਰਹੇ ਪਰ ਸਿਰਫ਼ ਕੁੱਝ ਹੱਦ ਤਕ ਵਾਜਬ ਵਿਹਾਰ ਚਾਹੁੰਦੇ ਹੋ, ਜੋ ਹਾਲੇ ਵੀ ਤੁਹਾਨੂੰ ਮਿਲ ਸਕਦੈ।