ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1552

ਅਸੀਂ ਓਹੀ ਕਿਓਂ ਕਰਦੇ ਰਹਿੰਦੇ ਹਾਂ ਜੋ ਅਸੀਂ ਹਮੇਸ਼ਾ ਕਰਦੇ ਆਏ ਹਾਂ? ਕਿਉਂਕਿ ਓਹੀ ਇੱਕ ਚੀਜ਼ ਹੈ ਜੋ ਅਸੀਂ ਜਾਣਦੇ ਹਾਂ ਕਿ ਕਿਵੇਂ ਕਰਨੀ ਹੈ। ਇਹ ਇੱਕ ਆਦਤ ਬਣ ਚੁੱਕੀ ਹੈ, ਜੀਵਨ ਜਿਊਣ ਦਾ ਇੱਕ ਤਰੀਕਾ, ਇੱਕ ਅਜਿਹੀ ਸ਼ੈਅ ਜਿਹੜੀ ਕਰਨ ਤੋਂ ਪਹਿਲਾਂ ਸਾਨੂੰ ਸੋਚਣ ਦੀ ਵੀ ਲੋੜ ਨਹੀਂ ਪੈਂਦੀ ਅਤੇ ਉਹ ਸਾਡੇ ਤੋਂ ਹੋ ਜਾਂਦੀ ਹੈ। ਗੱਲ ਸਿਰਫ਼ ਇੰਨੀ ਹੈ ਕਿ ਕਦੇ-ਕਦੇ ਸਾਨੂੰ ਸੋਚਣ ਦੀ ਜ਼ਰੂਰਤ ਹੁੰਦੀ ਹੈ। ਸਾਨੂੰ ਆਪਣੇ ਆਪ ਤੋਂ ਪੁੱਛਣਾ ਪੈਂਦਾ ਹੈ ਕਿ ਕੀ ਅਸੀਂ ਸਿਰਫ਼ ਇੱਕ ਟੇਪ ਚਲਾ ਰਹੇ ਹਾਂ ਜਾਂ ਇੱਕ ਅਸਲੀ, ਸੁਚੇਤ ਚੋਣ ਕਰ ਰਹੇ ਹਾਂ। ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਜੇਕਰ ਤੁਸੀਂ ਸਭ ਤੋਂ ਆਸਾਨ ਕੰਮ ਕਰਨਾ ਜਾਂ ਉਸ ਨਾਲ ਨਜਿੱਠਣਾ ਜਾਰੀ ਰੱਖੋਗੇ ਤਾਂ ਵੀ ਕੋਈ ਤੁਹਾਡੀ ਕਾਬਲੀਅਤ ‘ਤੇ ਸ਼ੱਕ ਨਹੀਂ ਕਰੇਗਾ। ਪਰ ਜੇ ਤੁਸੀਂ ਰੁਕ ਕੇ ਸਵਾਲ ਕਰਦੇ ਹੋ ਤਾਂ ਤੁਸੀਂ ਖ਼ੁਦ ਆਪਣੇ ਬਾਰੇ ਵਧੀਆ ਮਹਿਸੂਸ ਕਰੋਗੇ।
ਜ਼ਮੀਨ ਤੁਹਾਡੇ ਸਿਰ ਤੋਂ ਕਾਫ਼ੀ ਉੱਪਰ ਹੈ ਅਤੇ ਟੋਆ ਬਹੁਤ ਡੂੰਘਾ ਜਾਪਦਾ ਹੈ। ਕੀ ਤੁਸੀਂ ਇੱਕ ਜਾਲ ‘ਚ ਫ਼ਸ ਚੁੱਕੇ ਹੋ? ਸ਼ਾਇਦ, ਪਰ ਉਹ ਜਿਹੜੀ ਚੀਜ਼ ਤੁਸੀਂ ਆਪਣੇ ਹੱਥ ‘ਚ ਫ਼ੜੀ ਹੋਈ ਹੈ, ਮੈਨੂੰ ਉਹ ਇੱਕ ਕਹੀ ਵਾਂਗ ਜਾਪ ਰਹੀ ਹੈ। ਬੇਸ਼ੱਕ, ਇਹ ਪੂਰੀ ਤਰ੍ਹਾਂ ਅਪ੍ਰਸੰਗਿਕ ਹੋ ਸਕਦਾ ਹੈ, ਪਰ ਕੀ ਤੁਸੀਂ ਸੋਚਦੇ ਹੋ ਕਿ – ਇਸ ਸਥਿਤੀ ‘ਚ – ਸ਼ਾਇਦ ਤੁਹਾਨੂੰ ਹੁਣ ਹੋਰ ਖੁਦਾਈ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ? ਜੇ ਤੁਸੀਂ ਆਪਣੇ ਆਪ ਨੂੰ ਆਜ਼ਾਦੀ ਅਤੇ ਉਮੀਦ ਦੇਣ ਲਈ ਤਿਆਰ ਹੋ ਤਾਂ ਇਹ ਸੰਸਾਰ ਵੀ, ਜਦੋਂ ਤੁਹਾਡੇ ਵੱਲ ਦੇਖੇਗਾ, ਤੇਜ਼ੀ ਨਾਲ ਤੁਹਾਡੀ ਚੰਗੀ ਮਿਸਾਲ ਦਾ ਅਨੁਸਰਣ ਕਰੇਗਾ। ਤੁਹਾਡੇ ਜੀਵਨ ‘ਚ ਕਿਸੇ ਵੀ ਚੀਜ਼ ਨੂੰ ਇਸ ਵਕਤ ਮੁਸ਼ਕਿਲ ਨਹੀਂ ਹੋਣਾ ਚਾਹੀਦਾ।
ਲੋਕ ਕਈ ਵਾਰ ਡਰਦੇ ਰਹਿੰਦੇ ਹਨ ਕਿ ਉਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਜਾਂ ਚੁੱਕੇ ਹਨ। ਜੇ ਬਹੁਤ ਸਾਰੇ ਲੋਕ ਤੁਹਾਡੇ ਪਤਨ ਦੀ ਸਾਜ਼ਿਸ਼ ਘੜਨ ਲਈ ਗੁਪਤ ਰੂਪ ‘ਚ ਇਕੱਠੇ ਹੋ ਰਹੇ ਹੋਣ ਤਾਂ ਤੁਸੀਂ ਕੀ ਕਰੋਗੇ? ਇਹ ਤੁਹਾਨੂੰ ਕਿੰਨਾ ਮਹੱਤਵਪੂਰਣ ਬਣਾਵੇਗਾ? ਅਤੇ ਜੇ ਇਸ ਬ੍ਰਹਿਮੰਡ ਦਾ ਮਿਸ਼ਨ ਹੀ ਤੁਹਾਡੀ ਤਰੱਕੀ ਨੂੰ ਰੋਕਣਾ ਹੋਵੇ ਤਾਂ ਤੁਸੀਂ ਕੀ ਕਰੋਗੇ? ਸ਼ਾਇਦ ਫ਼ਿਰ ਤੁਸੀਂ ਬਹੁਤ ਹੀ ਮਹੱਤਵ ਵਾਲੇ ਇੱਕ ਵਿਅਕਤੀ ਬਣ ਜਾਵੋਗੇ। ਮੈਂ ਤੁਹਾਡੇ ਹੰਕਾਰ ਨੂੰ ਪੰਕਚਰ ਨਹੀਂ ਕਰਨਾ ਚਾਹੁੰਦਾ, ਪਰ ਇਸ ਗੱਲ ਦੀ ਬਹੁਤੀ ਸੰਭਾਵਨਾ ਨਹੀਂ ਕਿ ਤੁਹਾਡੇ ਇੰਨੇ ਪ੍ਰਭਾਵਸ਼ਾਲੀ ਦੁਸ਼ਮਣ ਹੋਣਗੇ। ਇਸ ਲਈ, ਜੇਕਰ ਕੋਈ ਸ਼ੈਅ ਹੁਣ ਤੁਹਾਡੇ ਰਾਹ ‘ਚ ਖੜ੍ਹੀ ਹੈ ਤਾਂ ਜ਼ਰਾ ਸੋਚੋ ਕਿ ਉਸ ‘ਚ ਕਿੰਨੀ ਕੁ ਸ਼ਕਤੀ ਹੋ ਸਕਦੀ ਹੈ? ਜਿੰਨੀ ਤੁਸੀਂ ਉਸ ਨੂੰ ਦੇਣ ਦੀ ਚੋਣ ਕਰੋਗੇ।
ਸਾਨੂੰ ਪਸੰਦ ਕੀਤਾ ਜਾਣਾ ਪਸੰਦ ਹੈ। ਅਤੇ ਅਸੀਂ ਨਾਪਸੰਦ ਹੋਣ ਨੂੰ ਨਾਪਸੰਦ ਕਰਦੇ ਹਾਂ। ਬੇਸ਼ੱਕ, ਉਪ੍ਰੋਕਤ ਕਥਨਾਂ ਦੇ ਅਪਵਾਦ ਵੀ ਹਨ। ਸਾਡੇ ‘ਚੋਂ ਕੁਝ ਲੋਕ ਥੋੜ੍ਹੇ ਵਿਗੜੇ ਹੋਏ ਹੋ ਸਕਦੇ ਨੇ। ਅਸੀਂ ਆਪਣੇ ਨਵੇਂ ਦੋਸਤਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਸਕਦੇ ਹਾਂ, ਅਤੇ ਦੁਸ਼ਮਣੀ ਨੂੰ ਆਕਰਸ਼ਿਤ ਕਰਨ ‘ਚ ਇੱਕ ਅਜੀਬ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ। ਮੈਂ ਇੱਥੇ ਇਸ ਗੱਲ ਦਾ ਜ਼ਿਕਰ ਸਿਰਫ਼ ਇਸ ਲਈ ਕਰ ਰਿਹਾਂ ਕਿਉਂਕਿ ਇਹ ਪੜਚੋਲ ਕਰਨ ਲਈ ਰੁਕਣਾ ਇਸ ਵੇਲੇ ਮਹੱਤਵਪੂਰਣ ਹੋ ਸਕਦੈ ਕਿ ਤੁਸੀਂ ਇੱਕ ਖਾਸ ਸਥਿਤੀ ਬਾਰੇ ਜਿਵੇਂ ਮਹਿਸੂਸ ਕਰ ਰਹੇ ਹੋ, ਉਸ ਤਰ੍ਹਾਂ ਕਿਓਂ ਮਹਿਸੂਸ ਕਰ ਰਹੇ ਹੋ। ਕੀ ਤੁਹਾਡੀਆਂ ਪ੍ਰਤੀਕਿਰਿਆਵਾਂ ਵਾਜਬ ਹਨ? ਜਾਂ ਕੀ ਉਹ, ਘੱਟੋ-ਘੱਟ, ਵਾਜਬ ਤੌਰ ‘ਤੇ ਗ਼ੈਰ-ਵਾਜਬ ਨੇ? ਜੇ, ਤੁਹਾਡੇ ਸੰਸਾਰ ‘ਚ ਕਿਤੇ ਵੀ ਕੋਈ ਅਜਿਹੀ ਭਾਵਨਾ ਹੈ ਜਿਸ ਨੂੰ ਸਮਝਣਾ ਔਖਾ ਹੈ ਤਾਂ ਤੁਹਾਨੂੰ ਉਸ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪੰਜ-ਸਿਤਾਰਾ ਭੋਜਨ ਦੇ ਮਾਮਲੇ ‘ਚ ਪੇਸ਼ਕਾਰੀ ਹੀ ਸਭ ਕੁਝ ਹੁੰਦੀ ਹੈ। ਤੁਸੀਂ ਉਸ ਨੂੰ ਗਾਰਨਿਸ਼ ਕਿਵੇਂ ਕਰਦੇ ਹੋ ਭਾਵ ਸਜਾਉਂਦੇ ਕਿੰਝ ਹੋ, ਕਿਹੜੀ ਸੌਸ ਵਰਤਦੇ ਹੋ, ਅਤੇ ਪਲੇਟ ‘ਚ ਕਿਹੜੀ ਸ਼ੈਅ ਨੂੰ ਕਿੱਥੇ ਰੱਖਿਆ ਜਾਂਦੈ। ਪਰ ਜੇ ਤੁਸੀਂ ਭੁੱਖ ਨਾਲ ਤੜਫ਼ ਰਹੇ ਹੋਵੋ ਤਾਂ ਤੁਸੀਂ ਸਿਰਫ਼ ਇੰਨਾ ਹੀ ਜਾਣਨਾ ਚਾਹੋਗੇ ਕਿ ਤੁਹਾਡੇ ਕੋਲ ਖਾਣ ਲਈ ਕੁਝ ਹੈ ਕਿ ਨਹੀਂ। ਇਸ ਬਾਰੇ ਨਾ ਸੋਚੋ ਕਿ ਉਹ ਖਾਣਾ ਕਿਹੋ ਜਿਹਾ ਦਿਖਦਾ ਹੈ ਜਾਂ ਉਸ ‘ਤੇ ਕੀ ਪਰੋਸਿਆ ਗਿਐ। ਹੁਣ ਤੁਸੀਂ ਕਿਸ ਹੱਦ ਤਕ ਆਪਣੀ ਕਿਸੇ ਅਸਲ ਲੋੜ ਨੂੰ ਪੂਰਾ ਕਰ ਰਹੇ ਹੋ? ਤੁਸੀਂ ਕਿਸ ਹੱਦ ਤਕ ਕੇਵਲ ਇੱਕ ਰਸਮ ‘ਚ ਹਿੱਸਾ ਲੈ ਰਹੇ ਹੋ ਅਤੇ ਆਪਣੀਆਂ ਨਕਲੀ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਕੁਝ ਕੁਸ਼ਲਤਾ ਦਿਖਾਉਣ ‘ਚ ਕੁਝ ਵੀ ਗ਼ਲਤ ਨਹੀਂ, ਪਰ ਇਹ ਯਾਦ ਰੱਖਣਾ ਵਧੇਰੇ ਮਹੱਤਵਪੂਰਣ ਹੈ ਕਿ ਕੋਈ ਚੀਜ਼ ਆਖਿਰ ਵਾਪਰ ਕਿਓਂ ਰਹੀ ਹੈ।