ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1546

ਕੀ ਤੁਹਾਨੂੰ ਇਹ ਕੰਮ ਇਨਬਿਨ ਨਿਯਮਾਂ ਦੀ ਕਿਤਾਬ ਅਨੁਸਾਰ ਕਰਨਾ ਚਾਹੀਦਾ ਹੈ? ਤੁਸੀਂ ਚਾਹੋ ਤਾਂ ਕਰ ਸਕਦੇ ਹੋ – ਪਰ ਤੁਹਾਨੂੰ ਯਾਦ ਰੱਖਣਾ ਚਾਹੀਦੈ ਕਿ ਉਹ ਕਿਤਾਬ ਲੇਖਕਾਂ ਦੁਆਰਾ ਲਿਖੀ ਗਈ ਹੈ। ਸਹੀ ਮਾਇਨੇ ‘ਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਤਾਂ ਕਾਰਜਸ਼ੀਲ ਹੋਣ ‘ਚ ਵਧੇਰੇ ਵਿਸ਼ਵਾਸ ਰੱਖਦੇ ਨੇ। ਪਰ ਕੁਝ ਲੋਕ ਕਾਇਦੇ-ਕਾਨੂਨਾਂ ਨੂੰ ਬਹੁਤ ਪਿਆਰ ਕਰਦੇ ਹਨ। ਨਿਯਮਾਂ ਦੀ ਪਾਲਣਾ ਕਰਨ, ਕਾਨੂੰਨ ਨੂੰ ਲਾਗੂ ਕਰਨ ਅਤੇ ਦੂਜਿਆਂ ਦੇ ਮੋਢਿਆਂ ਤੋਂ ਝਾਤ ਮਾਰ ਕੇ ਇਹ ਦੇਖਣ ‘ਚ ਕਿ ਕੀ ਦੂਸਰੇ ਲੋਕ ਵੀ ਕਾਨੂੰਨਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ, ਉਨ੍ਹਾਂ ਨੂੰ ਇੱਕ ਤਰ੍ਹਾਂ ਦਾ ਅਸ਼ਲੀਲ, ਗ਼ੈਰ-ਸਿਹਤਮੰਦ ਰੋਮਾਂਚ ਪ੍ਰਾਪਤ ਹੁੰਦਾ ਹੈ। ਅਜਿਹੇ ਲੋਕਾਂ ‘ਤੇ ਤਰਸ ਕੀਤਾ ਜਾਣਾ ਚਾਹੀਦੈ, ਉਨ੍ਹਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ – ਅਤੇ ਨਿਸ਼ਚਤ ਤੌਰ ‘ਤੇ ਉਨ੍ਹਾਂ ਦੀ ਨਕਲ ਤਾਂ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ! ਤੁਹਾਨੂੰ ਇਸ ਵਕਤ ਇੱਕ ਸਾਹਸ ਭਰਪੂਰ ਕਾਰਜ ਨੇਪਰੇ ਚਾੜ੍ਹਨ ਦਾ ਮੌਕਾ ਮਿਲ ਰਿਹਾ ਹੈ। ਉਸ ਦੇ ਸੰਦਰਭ ‘ਚ ਆਪਣੀਆਂ ਸੰਭਾਵਨਾਵਾਂ ਤਲਾਸ਼ੋ!
ਅਸੀਂ ਕੀ ਸੋਚਦੇ ਹਾਂ ਕਿ ਅਸੀਂ ਕੌਣ ਹਾਂ? ਅਸੀਂ ਇੱਥੇ ਇੰਝ ਵਿੱਚਰਦੇ ਹਾਂ ਜਿਵੇਂ ਅਸੀਂ ਇਸ ਧਰਤੀ ਦੇ ਮਾਲਕ ਹੋਈਏ। ਇੱਥੋਂ ਤਕ ਕਿ ਜਦੋਂ ਸਾਨੂੰ ਸਪਸ਼ਟ ਤੌਰ ‘ਤੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਕੁਦਰਤ ਦੀ ਸ਼ਕਤੀ ਸਾਡੀ ਆਪਣੀ ਤਾਕਤ ਨਾਲੋਂ ਕਿਤੇ ਵੱਧ ਹੈ ਤਾਂ ਵੀ ਸਾਡੇ ਹੰਕਾਰ ‘ਚ ਬਹੁਤ ਘੱਟ ਹੀ ਕਮੀ ਆਉਂਦੀ ਹੈ। ਪ੍ਰਤੱਖ ਸੱਚ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ, ਅਸੀਂ ਆਪਣੇ ਆਪ ਬਾਰੇ ਫ਼ੈਸਲੇ ਸੁਣਾਉਂਦੇ ਹਾਂ – ਅਤੇ ਦੂਜਿਆਂ ਬਾਰੇ ਵੀ। ਅਸੀਂ ਸੋਚਦੇ ਹਾਂ ਕਿ, ਕਿਸੇ ਤਰ੍ਹਾਂ, ਅਸੀਂ ਅਧਿਕਾਰਾਂ ਦੀ ਸਹੀ ਪਛਾਣ ਕਰ ਸਕਦੇ ਹਾਂ ਅਤੇ ਬਿਨਾ ਕਿਸੇ ਦਿੱਕਤ ਦੇ ਉਨ੍ਹਾਂ ਨੂੰ ਗ਼ਲਤੀਆਂ ਤੋਂ ਨਿਖੇੜ ਸਕਦੇ ਹਾਂ। ਤੁਹਾਡੇ ਸੰਸਾਰ ‘ਚ ਕੋਈ ਵਿਅਕਤੀ ਇਸ ਵੇਲੇ ਕੁਝ ਸਖ਼ਤ ਗੱਲਾਂ ਕਰ ਰਿਹੈ ਕਿਉਂਕਿ ਉਹ ਅਸਲ ‘ਚ ਬਹੁਤ ਕਮਜ਼ੋਰ ਮਹਿਸੂਸ ਕਰ ਰਿਹੈ – ਅਤੇ ਵੱਡਾ ਬਣਨ ਦਾ ਨਾਟਕ ਕਰ ਰਿਹਾ ਹੈ ਕਿਉਂਕਿ ਉਹ ਅੰਦਰੋਂ-ਅੰਦਰ ਬਹੁਤ ਛੋਟਾ ਮਹਿਸੂਸ ਕਰ ਰਿਹੈ। ਉਸ ਨਾਲ ਥੋੜ੍ਹੀ ਨਰਮੀ ਵਰਤੋ!
ਤੁਹਾਡੇ ਵੱਲ ਕੌਣ ਹੈ? ਅਤੇ ਤੁਸੀਂ ਕਿਸ ਦੇ ਪੱਖ ‘ਚ ਹੋ? ਇਹ ਸਵਾਲ ਹਮੇਸ਼ਾ ਆਸਾਨ ਨਹੀਂ ਹੁੰਦੇ। ਇੱਥੋਂ ਤਕ ਕਿ ਜੋ ਲੋਕ ਸਾਨੂੰ ਸਭ ਤੋਂ ਵੱਧ ਜ਼ੋਰਦਾਰ ਢੰਗ ਨਾਲ ਸਮਰਥਨ ਦਿੰਦੇ ਹਨ, ਉਹ ਵੀ ਸਮੇਂ ਸਮੇਂ ‘ਤੇ ਸਾਡੇ ਨਾਲ ਅਸਹਿਮਤ ਹੋ ਸਕਦੇ ਹਨ। ਅਤੇ, ਭਾਵੇਂ ਅਸੀਂ ਆਪਣੇ ਦੋਸਤਾਂ ਜਾਂ ਪਿਆਰਿਆਂ ਪ੍ਰਤੀ ਕਿੰਨੇ ਵੀ ਵਫ਼ਾਦਾਰ ਕਿਓਂ ਨਾ ਹੋਈਏ, ਕਈ ਅਜਿਹੇ ਪਲ ਆਉਣਗੇ ਜਦੋਂ ਅਸੀਂ ਉਨ੍ਹਾਂ ਨਾਲ ਵੀ ਅਸਹਿਮਤ ਹੋਵਾਂਗੇ। ਤੁਸੀਂ ਦੂਸਰਿਆਂ ਵਲੋਂ ਸਮਝੇ ਜਾਣਾ ਅਤੇ ਉਨ੍ਹਾਂ ਤੋਂ ਇੱਜ਼ਤ ਚਾਹੁੰਦੇ ਹੋ, ਪਰ ਤੁਸੀਂ ਖ਼ੁਦ ਕਿਸੇ ਹੋਰ ਦੇ ਦ੍ਰਿਸ਼ਟੀਕੋਣ ਨੂੰ ਸਮਝ ਨਹੀਂ ਪਾ ਰਹੇ – ਅਤੇ ਉਨ੍ਹਾਂ ਨੂੰ ਵੀ ਤੁਹਾਡਾ ਮੁੱਦਾ ਸਮਝਣ ‘ਚ ਮੁਸ਼ਕਿਲ ਆ ਰਹੀ ਹੈ। ਜੇਕਰ ਤੁਸੀਂ ਧੀਰਜ ਰੱਖੋ ਤਾਂ ਇੱਕ ਧੀਮੀ, ਕੋਮਲ ਪ੍ਰਕਿਰਿਆ ਜਾਂ ਸੁਲਾਹ ਅਤੇ ਸੰਵਾਦ ਹਾਲਾਤ ਨੂੰ ਠੀਕ ਕਰ ਸਕਦੇ ਹਨ।
ਤੁਹਾਡੇ ਹੱਕ ‘ਚ ਕੌਣ ਹੈ? ਤੁਸੀਂ ਕਿਸ ‘ਤੇ ਭਰੋਸਾ ਕਰ ਸਕਦੇ ਹੋ – ਅਤੇ ਤੁਹਾਨੂੰ ਕਿਸ ‘ਤੇ ਸ਼ੱਕ ਕਰਨਾ ਚਾਹੀਦੈ? ਇਹ ਉਹ ਸਵਾਲ ਹਨ ਜਿਨ੍ਹਾਂ ਨੂੰ ਪੁੱਛਣ ਲਈ ਤੁਸੀਂ ਬਹੁਤ ਉਤਾਵਲੇ ਹੋ। ਆਪਣਾ ਸਮਾਂ ਜ਼ਾਇਆ ਨਾ ਕਰੋ ਸਗੋਂ ਉਸ ਨੂੰ ਬਚਾ ਕੇ ਰੱਖੋ। ਪਰੇਸ਼ਾਨ ਨਾ ਹੋਵੋ! ਇਹ ਵੀ ਨਾ ਪੁੱਛੋ ਕਿ ਤੁਸੀਂ ਹਾਲ ਹੀ ਵਿੱਚ ਜਿਹੜੇ ਵੱਡੇ ਫ਼ੈਸਲੇ ਲਏ ਹਨ, ਉਨ੍ਹਾਂ ‘ਤੇ ਡਟੇ ਰਹਿਣ ਦੀ ਆਪਣੀ ਯੋਗਤਾ ‘ਤੇ ਤੁਸੀਂ ਭਰੋਸਾ ਕਰ ਸਕਦੇ ਹੋ ਜਾਂ ਨਹੀਂ। ਬਸ ਆਪਣੇ ਆਪ ਸਮੇਤ – ਹਰ ਚੀਜ਼ ਅਤੇ ਵਿਅਕਤੀ ਲਈ ਵਧੀਆ ਸੋਚਣ ਦਾ ਸੰਕਲਪ ਕਰ ਲਓ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਕੀ ਹੋ ਰਿਹੈ, ਇਸ ਬਾਰੇ ਤੁਸੀਂ ਜਿੰਨੀ ਘੱਟ ਚਿੰਤਾ ਕਰੋਗੇ, ਓਨਾ ਹੀ ਜ਼ਿਆਦਾ ਤੁਹਾਡੀ ਸੂਝ ਕੁਦਰਤੀ ਤੌਰ ‘ਤੇ ਤੁਹਾਨੂੰ ਸਹੀ ਰਸਤੇ ‘ਤੇ ਲੈ ਜਾਵੇਗੀ। ਫ਼ਿਰ ਤੁਸੀਂ ਦੇਖੋਗੇ ਕਿ ਕੀ ਜੋ ਗ਼ਲਤ ਹੈ, ਉਹ ਵੀ ਕਿਵੇਂ ਸਹੀ ਹੈ।
ਸਾਰੀਆਂ ਵੱਡੀਆਂ ਅਤੇ ਸਥਾਪਿਤ ਸੰਸਥਾਵਾਂ ‘ਚ ਮਹੰਤਸ਼ਾਹੀ ਜਾਂ ਦਰਜਾਬੰਦੀ ਹੁੰਦੀ ਹੈ। ਇਹ ਬੰਦਾ ਉਸ ਬੰਦੇ ਦਾ ਇੰਚਾਰਜ ਹੈ। ਉਹ ਵਿਅਕਤੀ ਇਸ ਕੰਮ ਦਾ ਇੰਚਾਰਜ ਹੈ। ਅਜਿਹੀਆਂ ਸੰਸਥਾਵਾਂ ‘ਚ ਰੈਂਕ ਹੁੰਦੇ ਹਨ ਜਿਨ੍ਹਾਂ ਤਕ ਪਹੁੰਚਿਆ ਜਾ ਸਕਦੈ ਅਤੇ ਉਪਾਧੀਆਂ ਹੁੰਦੀਆਂ ਹਨ ਜਿਹੜੀਆਂ ਕਮਾਈਆਂ ਜਾ ਸਕਦੀਆਂ ਨੇ। ਇਸ ਸੰਸਾਰ ਦੀ ਬਹੁਗਿਣਤੀ ਲਈ ਰੁਤਬੇ ਦੇ ਅਜਿਹੇ ਚਿੰਨ੍ਹ ਇੰਨੇ ਆਕਰਸ਼ਕ ਕਿਉਂ ਹਨ? ਕਿਉਂਕਿ ਉਹ ਤਰੱਕੀ ਹਾਸਿਲ ਕਰਨ ਦੇ ਸਾਡੇ ਅੰਦਰੂਨੀ ਜਨੂੰਨ ਨੂੰ ਪੱਠੇ ਪਾਉਂਦੇ ਹਨ। ਅਤੇ ਸ਼ਾਇਦ, ਇਹ ਵੀ ਸੱਚ ਹੈ ਕਿ, ਕਿਸੇ ਨੂੰ ਇੱਕ ਸ਼ਾਨਦਾਰ ਅਹੁਦਾ ਦੇਣਾ, ਉਸ ਨੂੰ ਤਨਖ਼ਾਹ ‘ਚ ਕੋਈ ਮਹੱਤਵਪੂਰਣ ਵਾਧਾ ਦੇਣ ਨਾਲੋਂ ਕਿਤੇ ਸਸਤਾ ਹੁੰਦੈ। ਸੋ, ਆਪਣੀ ਭਾਵਨਾਤਮਕ ਜ਼ਿੰਦਗੀ ‘ਚ, ਦਰਜਾਬੰਦੀ ਦੇ ਲਿਹਾਜ਼ ਤੋਂ ਤੁਸੀਂ ਹੁਣ ਕਿੱਥੇ ਖੜ੍ਹੇ ਹੋ? ਬਿਨਾ ਸ਼ੱਕ, ਚੋਟੀ ‘ਤੇ!