ਜ਼ਿੰਦਗੀ ਨਾਲੋਂ ਵੱਧ ਮਹੱਤਵਪੂਰਣ ਕੀ ਹੈ? ਕੁਝ ਵੀ ਨਹੀਂ। ਜੇ ਇਸ ਸੰਸਾਰ ‘ਚ ਗੁੱਸੇ ਰਹਿਣ ਵਾਲੇ ਲੋਕ ਅੰਤ ਨੂੰ ਇਹ ਸਮਝ ਲੈਣ ਕਿ ਉਹ ਘੱਟ ਗੁੱਸੇ ਹੋ ਕੇ ਵੀ ਜਿਊਂਦੇ ਰਹਿ ਸਕਦੇ ਨੇ ਤਾਂ ਗੱਲ ਕੁੱਛ ਹੋਰ ਹੀ ਹੁੰਦੀ। ਅਤੇ ਉਲਝਣ ਵਾਲੇ ਲੋਕ ਘੱਟ ਉਲਝਣ ‘ਚ ਹੋ ਸਕਦੇ ਸਨ। ਅਤੇ ਉਦਾਸ ਘੱਟ ਉਦਾਸੇ। ਜ਼ਿੰਦਗੀ ਨੂੰ ਕਿਸੇ ਖਾਸ ਕਾਰਜ ਲਈ ਖ਼ਤਮ ਕਰਨਾ ਓਨਾ ਹੀ ਘੱਟ ਮਹੱਤਵਪੂਰਣ ਹੈ ਜਿੰਨਾ ਉਸ ਨੂੰ ਖ਼ਾਲੀਪਨ ਜਾਂ ਲਾਲਚ ਲਈ ਬਰਬਾਦ ਕਰਨਾ। ਜੀਵਨ ਇੱਕ ਤੋਹਫ਼ਾ ਹੈ। ਸਭ ਤੋਂ ਕੀਮਤੀ ਅਜਿਹਾ ਤੋਹਫ਼ਾ ਜੋ ਤੁਹਾਨੂੰ ਬਹੁਤ ਘੱਟ ਹੀ ਮਿਲ ਸਕਦਾ ਹੈ। ਇਸ ਦੀ ਤਾਰੀਫ਼ ਕਰੋ। ਲਾਈਫ਼ ਪਲੱਸ ਜਾਂ ਲਾਈਫ਼ ਮਾਈਨਸ ਦੀ ਮੰਗ ਨਾ ਕਰੋ। ਜ਼ਿੰਦਗੀ ਨੂੰ ਉਸ ਲਈ ਪਿਆਰ ਕਰੋ ਜੋ ਉਹ ਹੈ, ਅਤੇ ਜਿੰਨਾ ਜ਼ਿਆਦਾ ਤੁਸੀਂ ਜ਼ਿੰਦਗੀ ਨੂੰ ਪਿਆਰ ਕਰੋਗੇ, ਓਨਾ ਹੀ ਜ਼ਿੰਦਗੀ ਤੁਹਾਨੂੰ ਪਿਆਰ ਕਰੇਗੀ!
ਲੋਕ ਆਪਣੇ ਵਿਸ਼ਵਾਸਾਂ ਨੂੰ ਲੈ ਕੇ ਕਈ ਵਾਰ ਹਾਸੋਹੀਣੇ ਜਾਪਦੇ ਨੇ। ਉਹ ਆਪਣੇ ਯਕੀਨਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਲੈਂਦੇ ਹਨ। ਉਹ ਆਪਣਾ ਜੀਵਨ ਆਪਣੇ ਵਿਸ਼ਵਾਸਾਂ ਦੇ ਆਧਾਰ ‘ਤੇ ਬਤੀਤ ਕਰਦੇ ਨੇ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਉਹ ਕਿੰਨੇ ਤਰਕਹੀਣ ਹੋ ਸਕਦੇ ਹਨ। ਉਹ ਉਨ੍ਹਾਂ ਫ਼ਲਸਫ਼ਿਆਂ ਨਾਲ ਬਹੁਤ ਨੇੜਿਓਂ ਅਤੇ ਮਜ਼ਬੂਤੀ ਨਾਲ ਖ਼ੁਦ ਦੀ ਪਛਾਣ ਕਰਦੇ ਨੇ ਜਿਨ੍ਹਾਂ ਨੂੰ ਉਨ੍ਹਾਂ ਨੇ ਅਪਣਾਇਆ ਹੁੰਦੈ, ਅਤੇ ਉਨ੍ਹਾਂ ਪਰੰਪਰਾਵਾਂ ਲਈ ਵੀ ਜਿਨ੍ਹਾਂ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ ਹੁੰਦੈ। ਆਪਣੀ ਨਿੱਜੀ ਜ਼ਿੰਦਗੀ ‘ਚ ਨਰਮੀ ਨਾਲ ਚੱਲੋ, ਖਾਸ ਕਰ ਕੇ ਓਦੋਂ ਜਦੋਂ ਤੁਸੀਂ ਆਪਣੇ ਆਪ ਨੂੰ ਉਸ ਖੇਤਰ ‘ਚ ਪਾਓ ਜੋ ਸੰਸਾਰ ਬਾਰੇ ਕਿਸੇ ਹੋਰ ਦੇ ਨਜ਼ਰੀਏ ਨੂੰ ਚੁਣੌਤੀ ਦਿੰਦਾ ਹੋਵੇ। ਅਤੇ ਯਾਦ ਰੱਖੋ, ਕਿਸੇ ਵੀ ਚੀਜ਼ ਨੂੰ ਦੇਖਣ ਲਈ ਹਮੇਸ਼ਾ ਇੱਕ ਤੋਂ ਵੱਧ ਨਜ਼ਰੀਏ ਹੁੰਦੇ ਨੇ। ਜਿਸ ਚੀਜ਼ ਬਾਰੇ ਤੁਸੀਂ ਲੋੜੋਂ ਵੱਧ ਸਵਾਲ ਕਰ ਰਹੇ ਹੋ, ਉਹ ਤੁਹਾਡੇ ਤੋਂ ਕਿਤੇ ਵੱਧ ਸਮਝਦਾਰ ਹੈ।
ਜੇ ਤੁਹਾਡੇ ਕੋਲ ਕੋਈ ਅਜਿਹੀ ਯੋਜਨਾ ਹੈ ਜਿਸ ‘ਚ ਤੁਸੀਂ ਸੱਚਮੁੱਚ ਵਿਸ਼ਵਾਸ ਰੱਖਦੇ ਹੋ, ਪਰ ਜਿਸ ਬਾਰੇ ਕੋਈ ਹੋਰ ਸ਼ੱਕੀ ਜਾਪ ਰਿਹੈ, ਤਾਂ ਵੀ ਖ਼ੁਦ ‘ਚ ਵਿਸ਼ਵਾਸ ਕਰਨਾ ਬੰਦ ਨਾ ਕਰਿਓ। ਕਈ ਵਾਰ ਸਾਨੂੰ ਦੂਜਿਆਂ ਨੂੰ ਇਹ ਦਿਖਾਉਣ ਦੀ ਲੋੜ ਹੁੰਦੀ ਹੈ ਕਿ ਸਾਡੇ ਕੋਲ ਆਪਣੇ ਵਿਸ਼ਵਾਸਾਂ ‘ਚ ਯਕੀਨ ਰੱਖਣ ਦੀ ਹਿੰਮਤ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਸਾਡੀ ਪਰਖ ਕਰ ਰਹੇ ਹੋਣ … ਕੇਵਲ ਇਹ ਵੇਖਣ ਲਈ ਕਿ ਕੀ ਅਸੀਂ ਉਨ੍ਹਾਂ ਦੀ ਨਕਾਰਾਤਮਕਤਾ ਦਾ ਸਾਹਮਣਾ ਕਰ ਸਕਦੇ ਹਾਂ ਜਾਂ ਨਹੀਂ। ਸੱਚਮੁੱਚ, ਖ਼ਤਰਨਾਕ ਹੱਦ ਤਕ ਨਾਕਾਰਾਤਮਕ ਤੁਹਾਡੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੋ ਸਕਦਾ। ਇਹ ਤੁਹਾਡੇ ਖ਼ੁਦ ਦੇ ਮਨ ਦੇ ਪਿੱਛੇ ਛੁਪੀ ਤੁਹਾਡੇ ਆਪਣੇ ਸ਼ੱਕ ਦੀ ਇੱਕ ਆਵਾਜ਼ ਹੈ। ਉਸ ‘ਤੇ ਕਾਬੂ ਪਾਓ। ਤੁਹਾਡਾ ਵਿਚਾਰ ਇੱਕ ਚੰਗਾ ਵਿਚਾਰ ਹੈ। ਉਸ ਨਾਲ ਜੁੜੇ ਰਹੋ, ਭਾਵੇਂ ਤੁਸੀਂ ਇਹ ਵੀ ਕਿਓਂ ਨਾ ਮਹਿਸੂਸ ਕਰਦੇ ਹੋਵੋ ਕਿ ਉਸ ਨੂੰ ਇਸ ਵੇਲੇ ਬਹੁਤ ਗੰਭੀਰਤਾ ਨਾਲ ਚੁਣੌਤੀ ਦਿੱਤੀ ਜਾ ਰਹੀ ਹੈ।
ਵਾਇਰਸਾਂ ਵਾਂਗ, ਖ਼ਿਆਲਾਂ ਨਾਲ ਚਿੰਬੜਨਾ ਆਸਾਨ ਹੁੰਦੈ, ਪਰ ਉਨ੍ਹਾਂ ਤੋਂ ਨਿਜਾਤ ਪਾਊਣੀ ਬਹੁਤ ਔਖੀ। ਇੱਕ ਵਾਰ ਜਦੋਂ ਅਸੀਂ ਉਨ੍ਹਾਂ ਨੂੰ ਵਿਕਸਿਤ ਕਰ ਲੈਂਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਸਿਰਫ਼ ਆਪਣੇ ਆਪ ਹੀ ਨਹੀਂ ਝੱਲਦੇ … ਚੁੱਪ ਚੁਪੀਤੇ, ਅਸੀਂ ਉਨ੍ਹਾਂ ਨੂੰ ਦੂਜਿਆਂ ਤਕ ਵੀ ਪਹੁੰਚਾਉਂਦੇ ਹਾਂ, ਦੂਸਰਿਆਂ ਨੂੰ ਸੰਕ੍ਰਮਿਤ ਕਰਦੇ ਹਾਂ। ਕੁਝ ਲੋਕ ਸੰਕ੍ਰਮਣ ਦੇ ਪ੍ਰਭਾਵ ਪ੍ਰਤੀ ਦੂਜਿਆਂ ਤੋਂ ਵੱਧ ਸੰਵੇਦਨਸ਼ੀਲ ਹੁੰਦੇ ਨੇ – ਅਤੇ ਜਿੰਨੀ ਤੇਜ਼ੀ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਦੂਸਰਿਆਂ ਤਕ ਪਹੁੰਚਾਉਂਦੇ ਹਾਂ, ਦੂਸਰੇ ਵੀ ਸਾਡੇ ਤਕ ਆਪਣੇ ਵਿਚਾਰ ਉਸੇ ਸਪੀਡ ‘ਚ ਭੇਜਦੇ ਨੇ। ਤੁਹਾਡੀ ਦੁਨੀਆਂ ‘ਚ ਇਸ ਵੇਲੇ ਵਿਚਾਰਾਂ ਦੀ ਕੋਈ ਕਮੀ ਨਹੀਂ, ਪਰ ਸਖ਼ਤ ਅਤੇ ਤੇਜ਼ ਜਾਣਕਾਰੀ ਦੀ ਘਾਟ ਜ਼ਰੂਰ ਮੌਜੂਦ ਹੈ। ਤੁਹਾਨੂੰ ਤੱਥਾਂ ਦੀ ਲੋੜ ਹੈ, ਅਤੇ ਜੇ ਤੁਸੀਂ ਸਿਧਾਂਤਾਂ ‘ਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕਰੋਗੇ ਤਾਂ ਤੁਹਾਨੂੰ ਉਹ ਪ੍ਰਾਪਤ ਨਹੀਂ ਹੋਣਗੇ।
ਤੁਸੀਂ ਕੌਣ ਹੋ? ਇਸ ਤੋਂ ਮੇਰੀ ਮੁਰਾਦ ਇਹ ਕਹਿਣ ਤੋਂ ਨਹੀਂ ਕਿ ਤੁਸੀਂ ਕੀ ਹੋਣ ਦਾ ਦਿਖਾਵਾ ਕਰ ਰਹੇ ਹੋ। ਨਾ ਹੀ ਤੁਸੀਂ ਕਿੱਥੇ ਰਹਿੰਦੇ ਹੋ, ਤੁਸੀਂ ਆਪਣੇ ਸਮੇਂ ਨਾਲ ਕੀ ਕਰ ਰਹੇ ਹੋ ਜਾਂ ਤੁਹਾਡਾ ਕਿਸ ਨਾਲ ਇੱਕ ਮਹੱਤਵਪੂਰਣ ਭਾਵਨਾਤਮਕ ਸਬੰਧ ਹੈ। ਇਸ ਗੱਲ ਵੱਲ ਵੀ ਧਿਆਨ ਨਾ ਦਿਓ ਕਿ ਤੁਹਾਨੂੰ ਕੀ ਹੋਣ ਚਾਹੀਦਾ ਸੀ ਜਾਂ ਤੁਸੀਂ ਅਤੀਤ ‘ਚ ਵੱਖ-ਵੱਖ ਮੌਕਿਆਂ ‘ਤੇ ਕੀ ਬਣੇ ਰਹੇ ਹੋ। ਸਵਾਲ ਇਹ ਹੈ ਕਿ ਤੁਸੀਂ ਅਸਲ ‘ਚ ਹੋ ਕੌਣ? ਤੁਸੀਂ ਅਸਲ ‘ਚ ਕਿਸ ਦੇ ਯੋਗ ਹੋ? ਕਿਹੜੀ ਸ਼ੈਅ ਤੁਹਾਨੂੰ ਖਾਸ ਬਣਾਉਂਦੀ ਹੈ? ਤੁਹਾਡੇ ਦਿਲ ‘ਚ ਕਿਹੜੀ ਮਹਾਨ ਸ਼ਕਤੀ ਛੁਪੀ ਹੋਈ ਹੈ? ਤੁਸੀਂ ਆਪਣੇ ਆਪ ਨੂੰ – ਅਤੇ ਸਾਰੇ ਸੰਸਾਰ ਨੂੰ – ਕੀ ਪ੍ਰਾਪਤ ਕਰ ਕੇ ਹੈਰਾਨ ਕਰ ਸਕਦੇ ਹੋ?
ਸੰਸਾਰ ਹਰ ਕਿਸੇ ਦਾ ਹੈ, ਅਤੇ ਜ਼ਿੰਦਗੀ ਦੀਆਂ ਸਭ ਤੋਂ ਵਧੀਆ ਚੀਜ਼ਾਂ ਮੁਫ਼ਤ ਹਨ। ਇੱਕ ਜੈਜ਼ ਗਾਇਕ ਲੇ ਪੌਲ ਨੇ ਆਪਣੇ ਇੱਕ ਗੀਤ ਨੂੰ ਇਸੇ ਤਰਜ਼ ‘ਤੇ ਹਿੱਟ ਕਰਵਾਇਆ ਸੀ। ਉਸ ਸਮੇਂ ਇਹ ਇੱਕ ਵੱਖਰੀ ਦੁਨੀਆਂ ਹੁੰਦੀ ਸੀ। ਇੱਕ ਮਾਸੂਮ ਸਮਾਂ ਸੀ ਉਹ। ਅੱਜਕੱਲ੍ਹ, ਪਰ, ਸੰਸਾਰ ਹਾਲੇ ਵੀ ਸਿਧਾਂਤਕ ਤੌਰ ‘ਤੇ ਹਰ ਕਿਸੇ ਦਾ ਹੈ, ਪਰ ਅਸਲ ‘ਚ ਇਹ ਕੁਝ ਚੋਣਵੇਂ ਲੋਕਾਂ ਦਾ ਹੀ ਲੱਗਦੈ। ਬੈਂਕਰਾਂ ਦਾ। ਕਿਸ਼ੋਰਾਂ ਦਾ। ਧਾਰਮਿਕ ਕੱਟੜਪੰਥੀਆਂ ਦਾ। ਅਤੇ ਸਾਡੇ ਬਾਕੀ ਦੇ ਰਹਿ ਗਇਆਂ ਦਾ? ਤੁਹਾਨੂੰ ਯਕੀਨ ਨਹੀਂ ਕਿ ਇਹ ਦੁਨੀਆਂ ਤੁਹਾਡੀ ਹੈ? ਮੁਫ਼ਤ ਹੋਣ ਦੀ ਗੱਲ ਤਾਂ ਦੂਰ, ਵਧੀਆ ਚੀਜ਼ਾਂ ਛੋਟ ‘ਤੇ ਵੀ ਉਪਲਬਧ ਨਹੀਂ। ਜਾਂ ਘੱਟੋਘੱਟ ਸਾਨੂੰ ਅਜਿਹਾ ਲੱਗਦੈ। ਜਲਦੀ ਹੀ, ਜਿਸ ਨੇ ਤੁਹਾਡੇ ਤੋਂ ਬਹੁਤ ਕੁਝ ਲਿਐ, ਉਸ ਨੂੰ ਤੁਹਾਨੂੰ ਕੁਝ ਵਾਪਿਸ ਦੇਣਾ ਸ਼ੁਰੂ ਕਰ ਦੇਣਾ ਚਾਹੀਦੈ। ਜੇ ਉਹ ਨਹੀਂ ਦਿੰਦਾ ਤਾਂ ਤੁਹਾਨੂੰ ਉਸ ਦੀ ਮੰਗ ਕਰਨੀ ਚਾਹੀਦੀ ਹੈ।