ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1540

ਕਦੇ-ਕਦੇ ਜਾਪਦਾ ਹੈ ਕਿ ਸਾਡਾ ਸੰਸਾਰ ਉਨ੍ਹਾਂ ਚੀਜ਼ਾਂ ਨਾਲ ਭਰਿਆ ਪਿਐ ਜੋ ਹੋ ਨਹੀਂ ਸਕਦੀਆਂ, ਜਿਨ੍ਹਾਂ ਨੂੰ ਕਰਨ ਦੀ ਆਗਿਆ ਨਹੀਂ, ਜਿਹੜੀਆਂ ਕੰਮ ਨਹੀਂ ਕਰਨਗੀਆਂ ਅਤੇ ਸ਼ਾਇਦ ਉਨ੍ਹਾਂ ਨੂੰ ਕਰ ਪਾਉਣਾ ਬਹੁਤ ਮਹਿੰਗਾ ਪਵੇਗਾ! ਪਰ ਕੀ ਸੱਚਮੁੱਚ ਇਹੀ ਸਥਿਤੀ ਹੈ ਸਾਡੇ ਸੰਸਾਰ ਦੀ? ਜਾਂ ਫ਼ਿਰ ਕੀ ਇਹ ਸਿਰਫ਼ ਸਾਡੇ ਮਨ ਦੀ ਇੱਕ ਅਵਸਥਾ ਹੈ ਜਿਸ ਵਿੱਚ ਅਕਸਰ ਬਹੁਤ ਸਾਰੇ ਲੋਕ ਪਹੁੰਚ ਜਾਂਦੇ ਹਨ? ਅਸੀਂ ਬਹੁਤ ਜਲਦੀ ਨਕਾਰਾਤਮਕ, ਸੰਦੇਹਵਾਦੀ, ਇੱਥੋਂ ਤਕ ਕਿ ਸਨਕੀ ਬਣ ਜਾਂਦੇ ਹਾਂ – ਜਦੋਂ ਕਿ ਇਸ ਸਾਰੀ ਪ੍ਰਕਿਰਿਆ ਦੌਰਾਨ ਅਸੀਂ ਖ਼ੁਦ ਨੂੰ ਇਹ ਸਮਝਾਉਂਦੇ ਹਾਂ ਕਿ ਅਸੀਂ ਦਰਅਸਲ ਯਥਾਰਥਵਾਦੀ ਵਿਹਾਰ ਕਰ ਰਹੇ ਹਾਂ। ਸਾਡੇ ਜੀਵਨ ‘ਚ ਅਸਲ ਵਿੱਚ ਉਨ੍ਹਾਂ ਚੀਜ਼ਾਂ ਨਾਲ ਭਰਪੂਰ ਹੋਣ ਦੀ ਸੰਭਾਵਨਾ ਮੌਜੂਦ ਹੈ ਜੋ ਹੋ ਸਕਦੀਆਂ ਹਨ, ਕੰਮ ਕਰਨ ਦੇ ਯੋਗ ਹਨ, ਸਫ਼ਲ ਹੋਣਗੀਆਂ ਅਤੇ ਬਹੁਤ ਚੰਗੀ ਤਰ੍ਹਾਂ ਸਾਡੀ ਪਹੁੰਚ ਵਿੱਚ ਹਨ!
ਕਲਪਨਾ ਕਰੋ ਕਿ ਹਰ ਫ਼ਿਲਮ ਦੀ ਸ਼ੁਰੂਆਤ ‘ਚ ਉਹ ਇਹ ਘੋਸ਼ਣਾ ਕਰਦੇ: “ਦੇਵੀਓ ਅਤੇ ਸੱਜਣੋ … ਇਹ ਇਸ ਫ਼ਿਲਮ ਦਾ ਹੀਰੋ ਹੈ, ਅਤੇ ਇਹ ਹੈ ਹੀਰੋਇਨ। ਫ਼ਿਲਮ ਦੇ ਅੰਤ ‘ਚ ਇਹ ਦੋਹੇਂ ਸਫ਼ਲ ਹੋਣਗੇ/ਅਸਫ਼ਲ ਹੋਣਗੇ/ਮਰ ਜਾਣਗੇ/ਇੱਕ ਵੱਡਾ ਸਬਕ ਸਿੱਖਣਗੇ।” ਖੈਰ, ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਇੱਥੇ ਕੀ ਕਹਿਣਾ ਚਾਹੁੰਦਾਂ। ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਅਸੀਂ ਬਹੁਤ ਪਹਿਲਾਂ ਤੋਂ ਬਹੁਤ ਜ਼ਿਆਦਾ ਨਹੀਂ ਜਾਣਨਾ ਚਾਹੁੰਦੇ। ਉਨ੍ਹਾਂ ਬਾਰੇ ਆਹਿਸਤਾ-ਆਹਿਸਤਾ ਪਤਾ ਲਗਾਉਣ ‘ਚ ਹੀ ਤਾਂ ਸਾਰਾ ਮਜ਼ਾ ਹੈ। ਮੈਨੂੰ ਇਸ ਬਾਰੇ ਸੋਚ ਕੇ ਹੀ ਕਾਫ਼ੀ ਮੁਸ਼ਕਿਲ ਪੇਸ਼ ਆ ਰਹੀ ਹੈ ਕਿ ਮੈਂ ਤੁਹਾਨੂੰ ਕੀ ਕਹਾਂ ਕਿ ਜਲਦੀ ਹੀ ਤੁਹਾਨੂੰ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਕਾਹਦੀ ਉਮੀਦ ਰੱਖਣੀ ਚਾਹੀਦੀ ਹੈ। ਮੈਂ ਤੁਹਾਡੀ ਚੁਣੌਤੀ ਦੀ ਭਾਵਨਾ ਨੂੰ ਤੁਹਾਡੇ ਤੋਂ ਖੋਹਣਾ ਨਹੀਂ ਚਾਹੁੰਦਾ, ਪਰ ਆਓ ਇਸ ਗੱਲ ਨੂੰ ਇੰਝ ਕਹਿ ਲੈਂਦੇ ਹਾਂ: ਜੇ ਤੁਸੀਂ ਇਸ ਵਕਤ ਥੋੜ੍ਹੀ ਦਿਲਾਸਾ ਭਾਲ ਰਹੇ ਹੋ ਤਾਂ ਤੁਸੀਂ ਉਹ ਲੈ ਸਕਦੇ ਹੋ!
ਅਸੀਂ ਜਿਸ ਸੰਸਾਰ ‘ਚ ਰਹਿ ਰਹੇ ਹਾਂ, ਉਹ ਇੱਕ ਅਜਿਹਾ ਸਮਾਜ ਹੈ ਜਿੱਥੇ ਚੀਜ਼ਾਂ ਬਣਾਉਣ ਲਈ ਬਸ ਉਨ੍ਹਾਂ ‘ਚ ਥੋੜ੍ਹਾ ਜਿੰਨਾ ਪਾਣੀ ਮਿਲਾ ਲਓ ਜਾਂ ਕੋਈ ਬਟਣ ਦੱਬ ਦਿਓ ਅਤੇ ਉਹ ਤਿਆਰ। ਫ਼ਿਰ ਵੀ, ਅਜੀਬ ਗੱਲ ਹੈ ਕਿ, ਅਸੀਂ ਸੱਚਮੁੱਚ ਫ਼ੌਰੀ ਸੰਤੁਸ਼ਟੀ ਹਾਸਿਲ ਕਰਨ ਲਈ ਤਰਸਣ ਵਾਲਿਆਂ ‘ਚੋਂ ਨਹੀਂ। ਅਸੀਂ ਜਾਣਦੇ ਹਾਂ, ਸੁਭਾਵਕ ਤੌਰ ‘ਤੇ, ਜ਼ਿੰਦਗੀ ਦੀਆਂ ਸਭ ਤੋਂ ਵਧੀਆ ਚੀਜ਼ਾਂ ਦੇ ਤਿਆਰ ਹੋਣ ‘ਚ ਕੁਝ ਸਮਾਂ ਲੱਗ ਜਾਂਦੈ। ਵਧੀਆ ਵਾਈਨ ਅਤੇ ਪਨੀਰ ਨੂੰ ਪਕਣ ਲਈ ਸਮਾਂ ਚਾਹੀਦੈ। ਰੁੱਖਾਂ ਨੂੰ ਵਧਣ ‘ਚ ਕਈ ਸਾਲ ਲੱਗ ਜਾਂਦੇ ਨੇ। ਅਤੇ ਤੁਸੀਂ ਪਿਆਰ ‘ਚ ਤਾਂ ਸੱਚਮੁੱਚ ਜਲਦਬਾਜ਼ੀ ਨਹੀਂ ਕਰ ਸਕਦੇ। ਕਈ ਵਾਰ, ਪਰ, ਜਦੋਂ ਅਸੀਂ ਕਿਸੇ ਅਧੂਰੀ ਚੀਜ਼ ਨੂੰ ਦੇਖਦੇ ਹਾਂ ਤਾਂ ਇਹ ਸੋਚਣ ਤੋਂ ਖ਼ੁਦ ਨੂੰ ਰੋਕ ਨਹੀਂ ਸਕਦੇ ਕਿ ਕੀ ਸਾਨੂੰ ਉਸ ਨੂੰ ਜਲਦੀ ਨਾਲ ਨਿਪਟਾ ਲੈਣਾ ਚਾਹੀਦਾ ਹੈ, ਭਾਵੇਂ ਉਹ ਥੋੜ੍ਹੀ ਜਿੰਨੀ ਘੱਟ ਸੰਤੁਸ਼ਟੀਜਨਕ ਵੀ ਕਿਓਂ ਨਾ ਹੋਵੇ। ਇਸ ਵਕਤ ਅਜਿਹੇ ਸ਼ੌਰਟ ਕੱਟ ਨਾ ਭਾਲੋ। ਤੁਹਾਡਾ ਇੰਤਜ਼ਾਰ ਬਹੁਤ ਹੀ ਸਾਰਥਕ ਸਾਬਿਤ ਹੋਣ ਵਾਲਾ ਹੈ।
ਬਹੁਤ ਸਾਰੇ ਵਿਸ਼ਿਆਂ ‘ਤੇ ਹਵਾਲਾ ਪੁਸਤਕਾਂ ਮੌਜੂਦ ਹਨ। ਬੁੱਧੀ ਦੇ ਅਜਿਹੇ ਮਹਾਨ ਭੰਡਾਰ ਜਿਨ੍ਹਾਂ ਤੋਂ ਅਸੀਂ ਸੇਧ ਲੈ ਸਕਦੇ ਹਾਂ। ਵਿਆਖਿਆਵਾਂ ਅਤੇ ਚਿੱਤਰ। ਉਹ ਹਰ ਸ਼ੈਅ ਜਾਂ ਮੁੱਦੇ ਨੂੰ ਵਾਜਬ ਅਤੇ ਸਮਝਣ ‘ਚ ਬਹੁਤ ਆਸਾਨ ਬਣਾ ਦਿੰਦੇ ਹਨ ਬਸ਼ਰਤੇ ਤੁਸੀਂ ਉਨ੍ਹਾਂ ਪ੍ਰਤੀ ਮੁਕੰਮਲ ਇਕਾਗਰਤਾ ਰੱਖ ਸਕੋ। ਇਸ ਦੇ ਮੱਦੇਨਜ਼ਰ, ਤੁਸੀਂ ਪਿਆਰ ਬਾਰੇ ਕੀ ਕਹਿਣਾ ਚਾਹੋਗੇ? ਜਜ਼ਬਾਤ ਬਾਰੇ? ਪ੍ਰੇਰਨਾ ਬਾਰੇ? ਗੁੱਸੇ ਬਾਰੇ? ਕੀ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਿਸੇ ਇੱਕ ਤੱਥ ਜਾਂ ਫ਼ਾਰਮੂਲੇ ‘ਚ ਸੁੰਗੇੜ ਸਕਦੇ ਹਾਂ? ਜੇ ਤੁਹਾਡਾ ਮੂਡ ਇਸ ਵਕਤ ਕੁਝ ਅਜਿਹਾ ਹੈ ਜਿਸ ਤੋਂ ਤੁਸੀਂ ਪਿੱਛਾ ਨਹੀਂ ਛੁਡਾ ਸਕਦੇ ਤਾਂ ਇਹ ਸ਼ਾਇਦ ਇਸ ਲਈ ਕਿਉਂਕਿ ਤੁਹਾਨੂੰ ਉਸ ਅਹਿਸਾਸ ਨੂੰ ਮਹਿਸੂਸ ਕਰਨ ਦੀ ਲੋੜ ਹੈ, ਘੱਟੋ-ਘੱਟ ਕੁਝ ਸਮੇਂ ਲਈ ਜਦੋਂ ਤਕ ਤੁਸੀਂ ਉਸ ਤੋਂ ਕੁਝ ਸਿੱਖ ਨਹੀਂ ਲੈਂਦੇ।
ਕੋਈ ਵੀ ਮੂਰਖ ਜ਼ਿੰਦਗੀ ਭਰ ਓਹੀ ਕਰਦਾ ਰਹਿ ਸਕਦੈ ਜੋ ਉਸ ਨੇ ਹਮੇਸ਼ਾ ਕੀਤਾ ਹੁੰਦੈ। ਟਕਰਾਅ ਤੋਂ ਬਚੋ, ਚੁਣੌਤੀ ਤੋਂ ਦੂਰ ਰਹੋ, ਬਦਲਾਅ ਨੂੰ ਖ਼ੁਦ ਤੋਂ ਦੂਰ ਰੱਖੋ, ਅਜ਼ਮਾਏ ਅਤੇ ਪਰਖੇ ਹੋਏ ਨਾਲ ਜੁੜੇ ਰਹੋ, ਹਮੇਸ਼ਾ ਜ਼ਿੰਦਗੀ ਦੇ ਆਰਾਮਦਾਇਕ ਜ਼ੋਨ ‘ਚ ਵਿੱਚਰੋ; ਪੁਰਾਣੀਆਂ ਆਦਤਾਂ ਅਤੇ ਪੈਟਰਨਾਂ ‘ਚ ਮੁੜ-ਮੁੜ ਵੜ ਜਾਣਾ … ਇਨ੍ਹਾਂ ‘ਚੋਂ ਕਿਹੜੀ ਚੀਜ਼ ਮੁਸ਼ਕਿਲ ਹੈ? ਪਰ ਅਸੀਂ ਇੱਥੇ, ਇਸ ਗ੍ਰਹਿ ‘ਤੇ, ਜਾਣ-ਪਛਾਣ ਦੇ ਚਿੱਕੜ ‘ਚ ਡੁੱਬੇ ਰਹਿਣ ਲਈ ਨਹੀਂ ਆਏ। ਅਸੀਂ ਇੱਥੇ ਵਧਣ, ਸਿੱਖਣ, ਆਪਣੀਆਂ ਸੀਮਾਵਾਂ ਤੋਂ ਪਾਰ ਜਾਣ ਅਤੇ ਆਪਣੀ ਜ਼ਿੰਦਗੀ ਨੂੰ ਜਾਦੂ ਨਾਲ ਭਰਨ ਲਈ ਆਏ ਹਾਂ। ਇਹ ਬਿਲਕੁਲ ਓਹੀ ਹੈ ਜੋ ਤੁਸੀਂ ਹੁਣ ਕਰਨ ਦੀ ਪ੍ਰਕਿਰਿਆ ‘ਚ ਹੋ। ਬੁੱਧੀਮਾਨ ਬਣਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਜਲਦੀ ਹੀ ਬੂਰ ਪੈਣਗੇ।