ਬਹੁਤ ਕੁਝ ਬਹੁਤ ਆਸਾਨ ਹੋ ਸਕਦਾ ਹੈ। ਫ਼ਿਰ ਸਭ ਕੁਝ ਇੰਨਾ ਗੁੰਝਲਦਾਰ ਕਿਓਂ ਹੈ? ਕੀ ਵਧੇਰੇ ਆਰਾਮਦਾਇਕ ਜੀਵਨ ਜੀਉਣਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕਿਸੇ ਯੋਜਨਾ ਜਾਂ ਨੀਤੀ ਨੂੰ ਮੂਲ ਰੂਪ ‘ਚ ਬਦਲਣਾ ਪਵੇਗਾ? ਦਰਅਸਲ, ਨਹੀਂ। ਤੁਹਾਨੂੰ ਸਿਰਫ਼ ਇਹ ਸਵੀਕਾਰ ਕਰਨਾ ਪਏਗਾ ਕਿ ਇੱਕ ਮਹੱਤਵਪੂਰਣ ਪ੍ਰਕਿਰਿਆ ਆਪਣੀ ਮਨ-ਮਰਜ਼ੀ ਦਾ ਸਮਾਂ ਲੈ ਰਹੀ ਹੈ। ਤੁਸੀਂ ਉਸ ਨੂੰ ਕਾਹਲ ਨਹੀਂ ਪਾ ਸਕਦੇ – ਪਰ, ਫ਼ਿਰ, ਨਾ ਹੀ ਤੁਹਾਨੂੰ ਅਸਲ ‘ਚ ਅਜਿਹਾ ਕਰਨ ਦੀ ਕੋਈ ਲੋੜ ਹੈ। ਤੁਹਾਡੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ‘ਚ ਬਹੁਤ ਹੀ ਸ਼ਾਨਦਾਰ ਵਿਕਾਸਾਂ ਦੀ ਇੱਕ ਲੜੀ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਉਹ ਤੁਹਾਡੇ ਜੀਵਨ ਦੇ ਕਿਸੇ ਹੋਰ ਖੇਤਰ ‘ਚ ਪ੍ਰਗਤੀ ਦੀ ਸਪੱਸ਼ਟ ਘਾਟ ਨੂੰ ਬਹੁਤਾ ਮਹਿਸੂਸ ਨਾ ਕਰਨ ਦਾ ਕਾਰਨ ਬਣੇਗੀ।
ਤੁਸੀਂ ਸ਼ਾਨਦਾਰ ਤਰੱਕੀ ਕਰ ਰਹੇ ਹੋ। ਬੱਸ ਇਹੀ ਉਹ ਕਾਰਨ ਹੈ ਜਿਸ ਲਈ ਤੁਹਾਨੂੰ ਜਿੰਨੀ ਤੇਜ਼ੀ ਨਾਲ ਹੋ ਸਕੇ ਓਨੀ ਤੇਜ਼ੀ ਨਾਲ ਦੌੜਨਾ ਪੈ ਰਿਹਾ ਹੈ। ਤੁਸੀਂ ਥੱਕ ਰਹੇ ਹੋ। ਤੁਸੀਂ ਅੱਗੇ ਵਧਣ ਦਾ ਇੱਕ ਆਸਾਨ ਤਰੀਕਾ ਲੱਭਣਾ ਚਾਹੁੰਦੇ ਹੋ। ਇਹ ਸੰਭਵ ਹੈ – ਪਰ ਜੇਕਰ ਤੁਸੀਂ ਸੱਚਮੁੱਚ ਚੀਜ਼ਾਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਆਪਣੇ ਆਪ ‘ਚ ਕੁਝ ਬਦਲਣਾ ਪਵੇਗਾ। ਤੁਹਾਨੂੰ ਆਪਣੇ ਇੱਕ ਡਰ ਉੱਪਰ ਜਿੱਤ ਪਾਉਣੀ ਪਵੇਗੀ। ਹੁਣ ਆਪਣੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ‘ਚ, ਓਹੀ ਪੁਰਾਣੀ ਘਿਸੀ-ਪਿਟੀ ਰਸਮ ਨੂੰ ਦੋਹਰਾਉਂਦੇ ਰਹਿਣ ਦੀ ਲੋੜ ਤੋਂ ਤੁਸੀਂ ਆਖ਼ਿਰਕਾਰ ਮੁਕਤੀ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਅਸਲ ‘ਚ ਇੱਕ ਬਹੁਤ ਹੀ ਪੇਚੀਦਾ ਕਿਸਮ ਦਾ ਡਾਂਸ ਕਰਨ ਦੀ ਆਦਤ ਪੈ ਚੁੱਕੀ ਹੈ। ਹੁਣ ਉਸ ਨੂੰ ਬਹੁਤ ਹੀ ਸਰਲ ਬਣਾਇਆ ਜਾ ਸਕਦਾ ਹੈ।
ਜਦੋਂ ਵੀ ਕਿਸੇ ਨੂੰ ਕੋਈ ਨਵਾਂ ਫ਼ੁਰਨਾ ਫ਼ੁਰਦਾ ਹੈ ਜਾਂ ਕੋਈ ਨਵੀਂ ਕਾਢ ਨਿਕਲਦੀ ਹੈ ਤਾਂ ਕੁਝ ਲੋਕ ਬਹੁਤ ਉਤਸ਼ਾਹਿਤ ਹੋ ਜਾਂਦੇ ਹਨ। ਉਨ੍ਹਾਂ ਨੂੰ ਉਭਰ ਰਹੀ ਇਸ ਨਵੀਂ ਕ੍ਰਾਂਤੀ ਅਤੇ ਵਿਕਾਸ ਦੀ ਉਚ ਅਵਸਥਾ ਨਾਲ ਜੁੜਨ ਦੀ ਇੱਛਾ ਦਾ ਲਗਭਗ ਸ਼ੁਦਾ ਜਿਹਾ ਹੋ ਜਾਂਦਾ ਹੈ। ਇਹ ਸਭ ਕੁਝ ਓਦੋਂ ਤਕ ਤਾਂ ਠੀਕ ਹੈ ਜਦੋਂ ਤਕ ਅਜਿਹੀ ਤਬਦੀਲੀ ਸੱਚਮੁੱਚ ਉਸਾਰੂ ਹੋਵੇ। ਅਕਸਰ, ਪਰ, ਅਸੀਂ ਐਵੇਂ ਕਿਸੇ ਤੁੱਛ ਜਿਹੀ ਸ਼ੈਅ ਨੂੰ ਲੈ ਕੇ ਖ਼ਾਮਖ਼ਾਹ ਖੀਵੇ ਹੋ ਜਾਂਦੇ ਹਾਂ। ਅਸੀਂ ਤਬਦੀਲੀ ਦੀ ਖ਼ਾਤਰ ਤਬਦੀਲੀ ਨੂੰ ਗਲੇ ਲਗਾਉਂਦੇ ਹਾਂ, ਅਤੇ ਫ਼ਿਰ ਹੈਰਾਨ ਹੁੰਦੇ ਹਾਂ ਕਿ ਉਸ ਨੇ ਸਾਨੂੰ ਕੋਈ ਖ਼ਾਸ ਖ਼ੁਸ਼ੀ ਕਿਉਂ ਨਹੀਂ ਦਿੱਤੀ? ਜੇਕਰ ਤੁਸੀਂ ਚਾਹੋ ਤਾਂ ਹੁਣ ਆਪਣੇ ਭਾਵਨਾਤਮਕ ਜੀਵਨ ਵਿੱਚ ਚੀਜ਼ਾਂ ਬਹੁਤ ਵੱਖਰੇ ਢੰਗ ਨਾਲ ਕਰ ਸਕਦੇ ਹੋ। ਪਰ ਕੀ ਤੁਹਾਨੂੰ ਇਸ ਗੱਲ ਦਾ ਯਕੀਨ ਹੈ ਕਿ ਇਹ ਓਹੀ ਚੀਜ਼ ਹੈ ਜੋ ਤੁਹਾਨੂੰ ਅਸਲ ‘ਚ ਕਰਨ ਦੀ ਲੋੜ ਹੈ?
ਹਰ ਸਿੱਕੇ ਦੇ ਦੋ ਪਹਿਲੂ ਨਹੀਂ ਹੁੰਦੇ ਸਗੋਂ ਤਿੰਨ ਹੁੰਦੇ ਨੇ। ਤੀਜਾ ਪਾਸਾ ਪਤਲਾ ਹੁੰਦੈ। ਇਹ ਓਹੀ ਪਾਸਾ ਹੈ ਜਿਸ ਨੂੰ ਅਸੀਂ ਸਿੱਕੇ ਦਾ ਗੋਲ ਕਿਨਾਰਾ ਸੱਦਦੇ ਹਾਂ। ਇਹ ਸੱਚ ਹੈ ਕਿ, ਜੇਕਰ ਤੁਸੀਂ ਇੱਕ ਸਿੱਕੇ ਨੂੰ ਉਸ ਦੇ ਕਿਨਾਰੇ ‘ਤੇ ਖੜ੍ਹਾ ਕਰ ਦਿਓ, ਭਾਵੇਂ ਤੁਸੀਂ ਉਸ ਨੂੰ ਉਛਾਲੋ ਨਾ ਵੀ, ਉਹ ਜਲਦ ਹੀ ਆਪਣੇ ਦੋ ਵੱਡੇ ਪਾਸਿਆਂ ‘ਚੋਂ ਇੱਕ ‘ਤੇ ਡਿੱਗ ਜਾਵੇਗਾ। ਪਰ ਇਹ ਉਸ ਤੀਜੇ ਪਾਸੇ ਦੀ ਅਹਿਮੀਅਤ ਨੂੰ ਘੱਟ ਨਹੀਂ ਕਰਦਾ; ਇਹ ਸਗੋਂ ਉਸ ਦੀ ਮਹੱਤਤਾ ਨੂੰ ਹੋਰ ਵੀ ਰੇਖਾਂਕਿਤ ਕਰਦਾ ਹੈ। ਕਿਸੇ ਸਿੱਕੇ ਦੇ ਕਿਨਾਰੇ ਦੇ ਨੇੜੇ ਜਾ ਕੇ ਹੀ ਤੁਸੀਂ ਉਸ ਨੂੰ ਦੂਜੇ ਪਾਸੇ ਪਲਟਾ ਸਕਦੇ ਹੋ। ਇਸ ਵਕਤ ਤੁਸੀਂ ਆਪਣੇ ਭਾਵਨਾਤਮਕ ਜੀਵਨ ਨੂੰ ਜਿੰਨੇ ਵੀ ਪਹਿਲੂਆਂ ਤੋਂ ਦੇਖ ਰਹੇ ਹੋ, ਕੇਵਲ ਇੱਕ ਵਧੀਆ ਸੰਤੁਲਨ ਹੀ ਤੁਹਾਨੂੰ ਕਿਸੇ ਪ੍ਰਕਿਰਿਆ ਦੇ ਦੋਵੇਂ ਪਾਸੇ ਦੇਖਣ ਦੀ ਇਜਾਜ਼ਤ ਦੇਵੇਗਾ ਅਤੇ ਨਤੀਜੇ ਨੂੰ ਬਿਹਤਰ ਬਣਾਉਣ ‘ਚ ਤੁਹਾਡੀ ਮਦਦ ਕਰੇਗਾ।
ਕੀ ਤੁਹਾਡੀ ਦੁਨੀਆਂ ‘ਚੋਂ ਕੋਈ ਸ਼ੈਅ ਸੱਚਮੁੱਚ ਨਦਾਰਦ ਹੈ? ਜਾਂ ਕੀ ਤੁਸੀਂ ਆਪਣੇ ਆਪ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਹੋਇਐ ਕਿ ਕੋਈ ਨਾ ਕੋਈ ਕਮੀ, ਖ਼ਾਮੀ ਜਾਂ ਘਾਟ ਹੈ? ਸਵਾਲ ਦਾ ਜਵਾਬ ਜਲਦੀ ਲੱਭ ਲਓ ਕਿਉਂਕਿ ਜਲਦੀ ਹੀ ਤੁਹਾਡੀ ਇੱਛਾ ਪ੍ਰਵਾਨ ਹੋ ਸਕਦੀ ਹੈ। ਫ਼ਿਰ ਉਸ ਨੂੰ ਅਣ-ਪ੍ਰਵਾਨਿਤ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸ ਤੋਂ ਇਲਾਵਾ, ਕੁਦਰਤ ਖਲਾਅ ਨੂੰ ਨਫ਼ਰਤ ਕਰਦੀ ਹੈ। ਜਿੰਨਾ ਚਿਰ ਤੁਹਾਡੇ ਜੀਵਨ ‘ਚ ਇੱਕ ਪਾੜਾ ਰਹੇਗਾ, ਇੱਕ ਮੌਕਾ ਵੀ ਬਣਿਆ ਰਹੇਗਾ ਕਿ ਉਸ ਨੂੰ ਭਰਿਆ ਜਾ ਸਕੇ। ਪਰ ਇੱਕ ਵਾਰ ਜਦੋਂ ਤੁਸੀਂ ਉਸ ਨੂੰ ਪੁਰ ਕਰ ਲਿਆ ਤਾਂ ਤੁਹਾਡੇ ਕੋਲ ਹੋਰ ਥਾਂ ਨਹੀਂ ਬਚੇਗੀ। ਤੁਹਾਡੇ ਭਾਵਨਾਤਮਕ ਜੀਵਨ ‘ਚ, ਮਜਬੂਰੀ ‘ਚ ਹਾਸਿਲ ਕੀਤੀ ਮੌਜੂਦਗੀ ਨਾਲੋਂ ਗ਼ੈਰਹਾਜ਼ਰੀ ਨੂੰ ਸਵੀਕਾਰ ਕਰ ਲੈਣਾ ਲਾਹੇਵੰਦ ਹੋ ਸਕਦਾ ਹੈ।