ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1525

ਬਹੁਤੇ ਲੋਕਾਂ ਨੂੰ ਭਾਵੇਂ ਇਸ ਗੱਲ ਦਾ ਅਹਿਸਾਸ ਨਾ ਹੋਵੇ, ਪਰ ਦਰਦ ਅਤੇ ਅਨੰਦ ਦਾ ਇੱਕ-ਦੂਜੇ ਨਾਲ ਉਨ੍ਹਾਂ ਦੀ ਸੋਚ ਤੋਂ ਕਿਤੇ ਵੱਧ ਨੇੜੇ ਦਾ ਰਿਸ਼ਤਾ ਹੈ। ਪਿਆਰ ਅਤੇ ਨਫ਼ਰਤ ਵਾਂਗ ਹੀ ਉਹ ਵੀ ਇੱਕੋ ਸਿੱਕੇ ਦੇ ਦੋ ਵੱਖੋ-ਵੱਖਰੇ ਪਹਿਲੂ ਹਨ। ਉਦਾਹਰਣ ਦੇ ਤੌਰ ‘ਤੇ, ਹਵਾ ‘ਚ ਉਛਾਲੇ ਇੱਕ ਸਿੱਕੇ ਨੂੰ ਹੀ ਲੈ ਲਓ। ਉਹ ਸਿੱਕਾ ਕਿਸੇ ਵੇਲੇ ਵੀ ਆਪਣੇ ਕਿਸੇ ਵੀ ਸਾਈਡ ਜਾਂ ਪਾਸੇ ‘ਤੇ ਡਿੱਗਣ ਦੇ ਸਮਰੱਥ ਹੈ। ਸਾਡੇ ਦੁਸ਼ਮਣ ਪਹਿਲਾਂ ਸਾਡੇ ਦੋਸਤ ਹੀ ਤਾਂ ਸਨ। ਸਾਡੇ ਦੁੱਖ ਉਹ ਸਾਰੀਆਂ ਚੀਜ਼ਾਂ ਹਨ ਜੋ ਕਦੇ ਸਾਨੂੰ ਖ਼ੁਸ਼ੀ ਦਿੰਦੀਆਂ ਸਨ। ਕੁੱਝ ਪ੍ਰਾਚੀਨ ਭਾਰਤੀ ਫ਼ਲਸਫ਼ਿਆਂ ‘ਚ ਇਸ ਨੂੰ ਦੋਹਰਾਅ ਦਾ ਸੰਕਲਪ ਕਿਹਾ ਜਾਂਦਾ ਸੀ। ਸਾਰੀਆਂ ਚੀਜ਼ਾਂ ਦਾ ਇੱਕ ਸਕਾਰਾਤਮਕ ਅਤੇ ਇੱਕ ਨਕਾਰਾਤਮਕ ਪਹਿਲੂ ਹੁੰਦੈ। ਤੁਹਾਡੇ ਭਾਵਨਾਤਮਕ ਜੀਵਨ ‘ਚ ਵਾਪਰਣ ਵਾਲੀਆਂ ਕੁੱਝ ਘਟਨਾਵਾਂ ਪਹਿਲਾਂ ਤੁਹਾਨੂੰ ਤੁਹਾਡੀ ਇੱਕ ਤਾਜ਼ਾ ਸਮੱਸਿਆ ਦਾ ਕਾਰਨ ਦਿਖਾਉਣਗੀਆਂ ਅਤੇ ਫ਼ਿਰ ਉਸ ਤੋਂ ਬਾਅਦ, ਹੱਲ ਵੀ।
ਜਦੋਂ ਅਸੀਂ ਆਪਣੀ ਕਾਬਲੀਅਤ ਜਾਂ ਫ਼ੌਰਮ ਦੀ ਸਿਖਰ ‘ਤੇ ਹੁੰਦੇ ਹਾਂ ਤਾਂ ਅਸੀਂ ਸਾਰੇ ਕੰਮ ਸ਼ਾਨਦਾਰ ਢੰਗ ਨਾਲ ਕਰ ਸਕਦੇ ਹਾਂ। ਪਰ ਮੁਸੀਬਤ ਇਹ ਹੈ ਕਿ ਅਸੀਂ ਹਮੇਸ਼ਾ ਆਪਣੀ ਫ਼ੌਰਮ ਦੀ ਟੌਪ ‘ਤੇ ਨਹੀਂ ਹੁੰਦੇ। ਸਾਡੇ ਕੋਲ ਸਾਡੇ ਉਤਰਾਅ-ਚੜ੍ਹਾਅ ਹਨ, ਅਤੇ ਇਸ ਨੂੰ ਨਜ਼ਰਅੰਦਾਜ਼ ਕਰਨਾ ਹਮੇਸ਼ਾ ਸੰਭਵ ਨਹੀਂ ਹੁੰਦਾ। ਹਾਲਾਂਕਿ, ਅਜਿਹੇ ਸਮੇਂ ਦੀ ਭਵਿੱਖਬਾਣੀ ਕਰਨਾ ਅਤੇ ਉਸ ਲਈ ਯੋਜਨਾ ਬਣਾਉਣਾ ਸੰਭਵ ਹੈ। ਇਸ ਵਕਤ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਸਾਰੀ ਗੱਲਬਾਤ ਸਫ਼ਲ ਸਾਬਿਤ ਹੋਣੀ ਚਾਹੀਦੀ ਹੈ, ਅਤੇ ਚੰਗੇ ਪ੍ਰਭਾਵ ਬਣਾਉਣੇ ਆਸਾਨ ਹੋ ਜਾਣੇ ਚਾਹੀਦੇ ਹਨ। ਤੁਹਾਨੂੰ ਬੱਸ ਆਪਣੇ ਉਸ ਇੱਕ ਡਰ ਨੂੰ ਪਾਰ ਕਰਨਾ ਹੈ ਜੋ ਤੁਹਾਡੀ ਤਾਕਤ ਨੂੰ ਖੋਰਾ ਲਗਾ ਰਿਹਾ ਜਾਪਦੈ। ਜਦੋਂ ਤੁਹਾਡੇ ਦਿਮਾਗ਼ ‘ਚ ਇਹ ਸੋਚ ਆਈ ਕਿ ਸਭ ਕੁੱਝ ਬਹੁਤ ਜ਼ਿਆਦਾ ਧੁੰਦਲਾ ਹੋ ਰਿਹੈ, ਤੁਸੀਂ ਅਚਾਨਕ ਸਫ਼ਲਤਾ ਦਾ ਆਪਣਾ ਰਸਤਾ ਦੇਖ ਲਵੋਗੇ।
ਕਹਿੰਦੇ ਨੇ, “ਜੋ ਤੁਸੀਂ ਜਾਣਦੇ ਨਹੀਂ, ਉਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।”ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਦਾ ਕੀ ਮਤਲਬ? ਕਿਓਂ ਨੁਕਸਾਨ ਨਹੀਂ ਪਹੁੰਚਾ ਸਕਦਾ, ਉਹ ਤਾਂ ਤੁਹਾਨੂੰ ਪੂਰੀ ਤਰ੍ਹਾਂ ਅਪਾਹਜ ਕਰ ਸਕਦਾ ਹੈ! ਜੇ ਕੋਈ ਅਜਿਹੀ ਚੀਜ਼ ਹੈ ਜਿਸ ਬਾਰੇ ਤੁਹਾਨੂੰ ਪਤਾ ਨਹੀਂ ਤਾਂ ਤੁਸੀਂ ਆਪਣੀ ਸਾਰੀ ਉਮਰ ਉਸ ਨੂੰ ਲੱਭਣ ਦੀ ਕੋਸ਼ਿਸ਼ ‘ਚ ਖਪਾ ਸਕਦੇ ਹੋ। ਤੁਸੀਂ ਹਰ ਕਿਸਮ ਦੇ ਸਿੱਟਿਆਂ ‘ਤੇ ਅੱਪੜ ਸਕਦੇ ਹੋ। ਤੁਸੀਂ ਮਹਿੰਗੀਆਂ ਗ਼ਲਤੀਆਂ ਕਰ ਸਕਦੇ ਹੋ। ਸ਼ਰਮਨਾਕ ਉਕਾਈਆਂ। ਮੂਰਖ ਧਾਰਣਾਵਾਂ। ਅਗਿਆਨਤਾ ‘ਚ ਕਿਸੇ ਕਿਸਮ ਦਾ ਕੋਈ ਅਨੰਦ ਨਹੀਂ ਹੁੰਦਾ; ਉਹ ਸਿਰਫ਼ ਦੁੱਖ ਦਾ ਹੀ ਇੱਕ ਰੂਪ ਹੈ। ਕੁੱਝ ਅਜਿਹਾ ਹੈ ਜਿਸ ਬਾਰੇ ਤੁਸੀਂ ਇਸ ਵਕਤ ਨਹੀਂ ਜਾਣਦੇ, ਅਤੇ ਉਹ ਤੁਹਾਡੇ ਭਾਵਨਾਤਮਕ ਜੀਵਨ ਦੇ ਇੱਕ ਖੇਤਰ ਨੂੰ ਪ੍ਰਭਾਵਿਤ ਕਰ ਰਿਹਾ ਹੈ। ਆਪਣੀਆਂ ਸਾਰੀਆਂ ਚਿੰਤਾਜਨਕ ਉਮੀਦਾਂ ਨੂੰ ਭੁੱਲ ਜਾਓ; ਬੱਸ ਲੋੜੀਂਦੀ ਜਾਣਕਾਰੀ ਪ੍ਰਾਪਤ ਕਰੋ।
ਆਪਣੀਆਂ ਅੱਖਾਂ ਬੰਦ ਕਰੋ। ਹੁਣ ਦੱਸੋ, ਤੁਸੀਂ ਕੀ ਦੇਖ ਰਹੇ ਹੋ? ਕੁੱਝ ਨਹੀਂ ਤੋਂ ਤੁਹਾਡਾ ਕੀ ਮਤਲਬ? ਆਪਣੀਆਂ ਅੱਖਾਂ ਨੂੰ ਇੱਕ ਵਾਰ ਫ਼ਿਰ ਤੋਂ ਬੰਦ ਕਰੋ। ਹੁਣ ਹੋਰ ਵੀ ਜ਼ਿਆਦਾ ਧਿਆਨ ਨਾਲ ਵੇਖੋ। ਇਹ ਕੁੱਝ ਵੀ ਨਹੀਂ, ਬੱਸ ਤੁਹਾਡੀਆਂ ਪਲਕਾਂ ਦਾ ਪਿਛਲਾ ਪਾਸਾ ਕੁੱਝ ਇਸੇ ਤਰ੍ਹਾਂ ਦਾ ਹੀ ਦਿਖਾਈ ਦਿੰਦਾ ਹੈ ਜਦੋਂ ਉਸ ‘ਤੇ ਕੋਈ ਰੌਸ਼ਨੀ ਨਾ ਪੈ ਰਹੀ ਹੋਵੇ। ਹੁਣ, ਇੱਕ ਮਿੰਟ ਲਈ ਆਪਣੀਆਂ ਅੱਖਾਂ ਦੁਬਾਰਾ ਖੋਲ੍ਹੋ। ਮੈਂ ਚਾਹੁੰਦਾਂ ਕਿ ਤੁਸੀਂ ਮੇਰੀ ਇਸ ਲੇਖਣੀ ਦਾ ਬਾਕੀ ਦਾ ਹਿੱਸਾ ਖ਼ੁਦ ਆਪਣੀਆਂ ਅੱਖਾਂ ਨਾਲ ਪੜ੍ਹੋ। ਤੁਹਾਨੂੰ ਵਧੇਰੇ ਰਚਨਾਤਮਕ ਬਣਨ ਦੀ ਸਮਰੱਥਾ ਬਖ਼ਸ਼ੀ ਜਾ ਰਹੀ ਹੈ। ਅਗਲੇ ਕੁੱਝ ਦਿਨਾਂ ‘ਚ ਆਪਣੀ ਅੰਦਰੂਨੀ ਆਵਾਜ਼ ਵੱਲ ਬਹੁਤ ਜ਼ਿਆਦਾ ਧਿਆਨ ਦੇਈਓ। ਜੇ ਕੋਈ ਚੀਜ਼ ਤੁਹਾਨੂੰ ਪ੍ਰੇਰਿਤ ਜਾਂ ਉਤੇਜਿਤ ਕਰ ਰਹੀ ਹੋਵੇ ਤਾਂ ਤੁਹਾਨੂੰ ਉਸ ‘ਤੇ ਭਰੋਸਾ ਕਰ ਲੈਣਾ ਚਾਹੀਦਾ ਹੈ।
ਗਲੇਸ਼ੀਅਰ ਡਿਗਣਾ ਕਿਵੇਂ ਸ਼ੁਰੂ ਹੁੰਦਾ ਹੈ? ਬਰਫ਼ ਦੇ ਇੱਕ ਛੋਟੇ ਜਿਹੇ ਕਿਣਕੇ ਦੇ ਡਿਗਣ ਨਾਲ। ਬਰਫ਼ ਦੇ ਇੱਕ ਛੋਟੇ ਜਿਹੇ ਕਿਣਕੇ ਨਾਲ? ਨਹੀਂ, ਨਹੀਂ … ਇਹ ਤਾਂ ਉਹ ਕਿਣਕਾ ਹੋਣਾ ਚਾਹੀਦਾ ਹੈ ਜਿਹੜਾ ਸਹੀ ਸਮੇਂ ‘ਤੇ, ਸਹੀ ਜਗ੍ਹਾ ‘ਤੇ, ਬਹੁਤ ਸਾਰੇ ਹੋਰ ਬਰਫ਼ ਦੇ ਉਨ੍ਹਾਂ ਕਿਣਕਿਆਂ ਦੇ ਐਨ ਉੱਪਰ ਡਿੱਗੇ ਜਿਹੜੇ ਪਹਿਲਾਂ ਬਿਨਾਂ ਕਿਸੇ ਘਟਨਾ ਦੇ ਹੇਠਾਂ ਡਿੱਗੇ ਸਨ। ਉਹ ਬਾਕੀ ਦੇ ਸਾਰੇ ਬਰਫ਼ ਦੇ ਕਿਣਕੇ ਤਾਂ ਸੋਚ ਰਹੇ ਸਨ ਕਿ ਸਥਿਤੀ ਸਥਿਰ ਹੈ। ਫ਼ਿਰ, ਅਚਾਨਕ, ਇੱਕ ਵਾਧੂ, ਨਿਰਦੋਸ਼ ਸਹਿਯੋਗੀ ਦੇ ਆਉਣ ਨਾਲ ਅਚਾਨਕ ਸਭ ਕੁੱਝ ਬਦਲ ਜਾਂਦੈ। ਤੁਹਾਡੇ ਜੀਵਨ ‘ਚ ਇੱਕ ਬਹੁਤ ਲੰਬੇ ਸਮੇਂ ਤੋਂ ਕੋਈ ਸ਼ੈਅ ਇੱਕ ਤਰ੍ਹਾਂ ਦਾ ਬੋਝ ਬਣੀ ਹੋਈ ਹੈ। ਤੁਸੀਂ ਬਦਲਾਅ ਦੇਖਣ ਦੀ ਆਪਣੀ ਸਾਰੀ ਉਮੀਦ ਲਗਭਗ ਛੱਡ ਚੁੱਕੇ ਹੋ। ਪਰ, ਆ ਰਹੀ ਤੁਹਾਡੀ ਤਬਦੀਲੀ।