ਤੁਹਾਨੂੰ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਕੋਈ ਚੀਜ਼ ਸਹੀ ਨਹੀਂ। ਇੱਕ ਖ਼ਾਸ ਮਸਲਾ, ਪ੍ਰਬੰਧ ਜਾਂ ਰਿਸ਼ਤਾ ਓਨਾ ਹੀ ਅਨਿਯਮਿਤ ਹੈ ਜਿੰਨਾ ਉਹ ਸਮੱਸਿਆਤਮਕ। ਅਜਿਹਾ ਨਹੀਂ ਕਿ ਇਸ ਬਾਰੇ ਅਸਲ ‘ਚ ਕੁਝ ਵੀ ਨਵਾਂ ਹੈ। ਗੱਲ ਤਾਂ ਦਰਅਸਲ ਇਹ ਹੈ ਕਿ ਹੁਣ ਤਕ ਤੁਸੀਂ ਇਸ ਬਾਰੇ ਆਪਣੀਆਂ ਅੱਖਾਂ ਬੰਦ ਰੱਖਣ ਦੇ ਕਾਬਿਲ ਹੁੰਦੇ ਰਹੇ ਹੋ। ਹਾਲ ਹੀ ਵਿੱਚ, ਤੁਹਾਡਾ ਧਿਆਨ ਇਸ ਵੱਲ ਖਿੱਚਿਆ ਗਿਆ ਹੈ ਅਤੇ, ਓਦੋਂ ਤੋਂ, ਇਹ ਮਾਮਲਾ ਅਣਗੌਲਿਆ ਕਰਨਾ ਮੁਸ਼ਕਿਲ ਬਣਿਆ ਪਿਐ। ਬੇਸ਼ੱਕ, ਜਿੰਨਾ ਜ਼ਿਆਦਾ ਧਿਆਨ ਤੁਸੀਂ ਦਿੰਦੇ ਹੋ, ਪੁਰਾਣੀਆਂ ਸਥਿਤੀਆਂ ਵੱਲ ਵਾਪਿਸ ਪਰਤਣਾ ਓਨਾ ਹੀ ਮੁਸ਼ਕਿਲ ਹੁੰਦਾ ਜਾਂਦੈ। ਇਹ ਨਹੀਂ ਕਿ ਤੁਸੀਂ ਸੱਚਮੁੱਚ ਅਜਿਹਾ ਕਰਨਾ ਚਾਹੁੰਦੇ ਹੋ … ਕਿਤੇ ਤੁਸੀਂ ਕਰਨਾ ਤਾਂ ਨਹੀਂ ਚਾਹੁੰਦੇ? ਜੇ ਤੁਸੀਂ ਵਾਕਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਮਾਨਦਾਰ ਬਣਨਾ ਪਵੇਗਾ।
ਕਿਸਮਤ ਦਲੇਰ ਦਾ ਸਾਥ ਦਿੰਦੀ ਹੈ, ਕੁਝ ਲੋਕ ਕਹਿੰਦੇ ਨੇ। ਪਰ ਇਤਿਹਾਸ ਦੇ ਸਭ ਤੋਂ ਮਸ਼ਹੂਰ ਟਿੱਪਣੀਕਾਰਾਂ ‘ਚੋਂ ਇੱਕ ਨੇ ਕਿਹਾ ਸੀ: ਧੰਨ ਹਨ ਉਹ ਮਸਕੀਨ। ਸ਼ਾਇਦ ਦੋਵੇਂ ਕਥਨ ਆਪੋ-ਆਪਣੇ ਤਰੀਕੇ ਨਾਲ ਸਹੀ ਹਨ। ਜੇਕਰ ਤੁਸੀਂ ਆਪਣਾ ਅਧਿਕਾਰ ਜਤਾਉਂਦੇ ਹੋ ਤਾਂ ਹੁਣ ਤੁਹਾਡਾ ਚੰਗੀ ਤਰ੍ਹਾਂ ਖ਼ਿਆਲ ਰੱਖਿਆ ਜਾਵੇਗਾ, ਅਤੇ ਜੇਕਰ ਤੁਸੀਂ ਵਧੇਰੇ ਢਿੱਲ-ਮੱਠ ਵਾਲੀ ਨੀਤੀ ਅਪਨਾਉਂਦੇ ਹੋ ਤਾਂ ਵੀ ਉਸੇ ਤਰ੍ਹਾਂ ਦੀ ਹੀ ਵਧੀਆ ਦੇਖਭਾਲ ਕੀਤੀ ਜਾਵੇਗੀ। ਵਿਚਲਾ ਰਸਤਾ ਅਪਨਾਉਣ ਦਾ, ਹਾਲਾਂਕਿ, ਕੋਈ ਵੀ ਵਿਕਲਪ ਮੌਜੂਦ ਨਹੀਂ। ਜਲਦੀ ਹੀ, ਤੁਹਾਨੂੰ ਜਾਂ ਤਾਂ ਇੱਕ ਸੂਮੋ ਪਹਿਲਵਾਨ ਵਰਗੀ ਤਾਕਤ ਨੂੰ ਸੱਦਾ ਦੇਣਾ ਪੈਣੈ ਜਾਂ ਫ਼ਿਰ ਕਿਸੇ ਅਜਿਹੇ ਤਪੱਸਵੀ ਅਧਿਆਤਮਕ ਗੁਰੂ ਜੇਹਾ ਸਬਰ ਰੱਖਣਾ ਪੈਣਾ ਹੈ ਜਿਸ ‘ਤੇ ਸ਼ਹੀਦ ਹੋਣ ਦਾ ਭੂਤ ਸਵਾਰ ਹੋਵੇ। ਜੋ ਸੰਕੋਚ ਕਰਦੈ, ਉਹ ਗੁਆਚ ਜਾਂਦੈ। ਜਿਸ ਕੋਲ ਵਿਸ਼ਵਾਸ ਹੁੰਦੈ, ਜਿੱਤਦੈ!
ਕੁਝ ਲੋਕ ਹਰ ਵਕਤ ਚਾਸ਼ਨੀ ਅਤੇ ਰੌਸ਼ਨੀ ਬਣੇ ਰਹਿਣਾ ਪਸੰਦ ਕਰਦੇ ਨੇ। ਉਹ ਸਿਰਫ਼ ਚੰਗੀਆਂ ਗੱਲਾਂ ਕਹਿੰਦੇ ਨੇ। ਉਹ ਝਗੜੇ ਤੋਂ ਦੂਰ ਰਹਿੰਦੇ ਨੇ। ਕੁਝ ਹੱਦ ਤਕ, ਘੱਟੋ ਘੱਟ, ਇਹ ਸਭ ਇੱਕ ਨਾਟਕ ਹੁੰਦੈ। ਪਿੱਛੇ ਹਟਣ ਦਾ ਇੱਕ ਢੰਗ। ਬਚਣ ਦੀ ਇੱਕ ਤਕਨੀਕ। ਕੀ ਤੁਹਾਨੂੰ ਇਸ ਵਕਤ ਨਿਮਰ ਅਤੇ ਸੁਹਾਵਣਾ ਬਣਨ ਦੀ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ? ਤੁਸੀਂ ਕੇਵਲ ਇਮਾਨਦਾਰ ਬਣੇ ਰਹਿਣਾ ਕਿਤੇ ਜ਼ਿਆਦਾ ਪਸੰਦ ਕਰੋਗੇ। ਇੱਕ ਮਹੱਤਵਪੂਰਣ ਦੋਸਤੀ ਜਾਂ ਸ਼ਮੂਲੀਅਤ ਹੁਣ ਤਨਾਅਪੂਰਨ ਹੁੰਦੀ ਜਾ ਰਹੀ ਹੈ। ਬਹਾਦੁਰ ਬਣੋ। ਮੁੱਦਿਆਂ ਨੂੰ ਇਮਾਨਦਾਰੀ ਨਾਲ ਖੁੱਲ੍ਹੇ ‘ਚ ਲਿਆਓ, ਅਤੇ ਤੁਹਾਡੇ ਕੋਲ ਉਨ੍ਹਾਂ ਨੂੰ ਸਪੱਸ਼ਟ ਕਰਨ ਦਾ ਮੌਕਾ ਵੀ ਹੋਵੇਗਾ। ਉਨ੍ਹਾਂ ਨੂੰ ਕਾਰਪੈੱਟ ਹੇਠਾਂ ਧੱਕ ਛੱਡੋ, ਅਤੇ ਉਹ ਗਲ-ਸੜ ਜਾਣਗੇ।
ਪੈਸਾ ਤੁਹਾਨੂੰ ਪਿਆਰ ਖ਼ਰੀਦ ਕੇ ਨਹੀਂ ਦੇ ਸਕਦਾ। ਉਹ ਤੁਹਾਡੇ ਲਈ ਸਮਾਂ ਵੀ ਨਹੀਂ ਖ਼ਰੀਦ ਸਕਦਾ। ਜਾਂ ਸਿਹਤ। ਉਹ, ਬੇਸ਼ਕ, ਤੁਹਾਨੂੰ ਵੱਖੋ-ਵੱਖਰੇ ਭੋਗਾਂ-ਵਿਲਾਸਾਂ ‘ਚ ਡੁੱਬਣ ਦੀ ਇਜਾਜ਼ਤ ਦੇ ਸਕਦਾ ਹੈ ਜੋ ਕਿ ਅਸਥਾਈ ਤੌਰ ‘ਤੇ ਉਪ੍ਰੋਕਤ ਸਭ ਨੂੰ ਵੀ ਖ਼ਰੀਦ ਸਕਣ ਦਾ ਭਰਮ ਪੈਦਾ ਕਰ ਸਕਦਾ ਹੈ। ਕੁਝ ਚੀਜ਼ਾਂ, ਵੈਸੇ, ਪੈਸੇ ਦੇ ਨਜ਼ਰੀਏ ਤੋਂ ਕੀਮਤੀ ਹੋਣ ਨਾਲੋਂ ਕਿਤੇ ਵੱਧ ਕੀਮਤ ਰੱਖਦੀਆਂ ਨੇ। ਉਹ ਸਾਨੂੰ ਸਾਰਿਆਂ ਨੂੰ ਬਰਾਬਰ ਦੀਆਂ ਉਪਲਬਧ ਹੁੰਦੀਆਂ ਹਨ। ਇਸ ਸਮੇਂ ਜੋ ਤੁਹਾਡੇ ਦਿਲ ‘ਚ ਸਭ ਤੋਂ ਵੱਧ ਮਹੱਤਵ ਰੱਖਦੈ, ਉਸ ਤਕ ਪਹੁੰਚ ਕਰੋ। ਆਪਣੇ ਅੰਦਰਲੀ ਡੂੰਘੀ ਬੁੱਧੀਮਾਨੀ, ਆਪਣੀ ਸਭ ਤੋਂ ਚਰਮ ਰਹਿਮਦਿਲੀ, ਆਪਣੇ ਸਭ ਤੋਂ ਮਜ਼ਬੂਤ ਵਿਸ਼ਵਾਸ ਨੂੰ ਭਾਲੋ। ਇਹ ਗੁਣ ਕੀਮਤੀ ਹਨ – ਅਤੇ ਇਨ੍ਹਾਂ ਨਾਲ ਤੁਸੀਂ ਹਾਲੇ ਵੀ ਸਮੇਂ ਅਤੇ ਸਥਾਨ ਦੇ ਨਿਯਮਾਂ ਨੂੰ ਮੋੜ ਸਕਦੇ ਹੋ।
ਕੁਝ ਲੋਕਾਂ ਕੋਲ ਬਹੁਤ ਥੋੜ੍ਹੀ ਜਿਹੀ ਪ੍ਰਤਿਭਾ ਅਤੇ ਬਹੁਤ ਸਾਰਾ ਸਵੈ-ਵਿਸ਼ਵਾਸ ਹੁੰਦਾ ਹੈ। ਦੂਸਰੇ ਅਸਲ ‘ਚ ਤਾਂ ਬਹੁਤ ਹੀ ਵਿਲੱਖਣ ਹੁੰਦੇ ਹਨ, ਪਰ ਫ਼ਿਰ ਵੀ ਉਹ ਆਪਣੇ ਆਪ ‘ਤੇ ਸ਼ੱਕ ਕਰਦੇ ਰਹਿੰਦੇ ਨੇ – ਅਤੇ ਉਨ੍ਹਾਂ ਦੀਆਂ ਕਾਬਲੀਅਤਾਂ ਨੂੰ ਪਛਾਣਿਆ ਹੀ ਨਹੀਂ ਜਾਂਦਾ। ਸੋ, ਜ਼ੋਰਦਾਰ ਜਾਂ ਸਮਰੱਥ ਹੋਣ ‘ਚੋਂ ਤੁਸੀਂ ਕੀ ਬਣਨਾ ਵਧੇਰੇ ਪਸੰਦ ਕਰੋਗੇ? ਕੀ ਤੁਸੀਂ ਦੋਵੇਂ ਨਹੀਂ ਹੋ ਸਕਦੇ? ਕਿਉਂ ਨਹੀਂ? ਜ਼ਰੂਰ ਹੋ ਸਕਦੇ ਹੋ। ਸੰਤੁਲਨ ਨੂੰ, ਪਰ, ਹੁਣ ਤੁਹਾਡੇ ਸੰਸਾਰ ‘ਚ ਥੋੜ੍ਹਾ ਜਿਹਾ ਐਡਜੱਸਟ ਕਰਨ ਦੀ ਲੋੜ ਹੈ। ਤੁਸੀਂ ਮਹਿਸੂਸ ਕਰਦੇ ਹੋ ਕਿ, ਇੱਕ ਮਹੱਤਵਪੂਰਣ ਰਿਸ਼ਤੇ ‘ਚ, ਤੁਹਾਡੇ ਅਨੁਭਵ ਅਤੇ ਯੋਗਤਾ ਦੇ ਪੱਧਰ ਦੀ ਵਧੇਰੇ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਆਪਣੇ ਆਪ ਨੂੰ ਵੱਧ ਕ੍ਰੈਡਿਟ ਦੇ ਕੇ, ਇਸ ਨੂੰ ਬਦਲਣਾ ਸ਼ੁਰੂ ਕਰੋ ਜਿਸ ਦੇ ਤੁਸੀਂ ਹੱਕਦਾਰ ਵੀ ਹੋ।