ਹਰ ਗਲੀ-ਮੁਹੱਲੇ ਦੀ ਨੁੱਕਰ ‘ਤੇ ਲੀਟਰਾਂ ਦੇ ਹਿਸਾਬ ਨਾਲ ਸ਼ਰਾਬ ਵੇਚਣ ਵਾਲੇ ਬਾਰ ਅਤੇ ਕਲੱਬ ਮੌਜੂਦ ਹਨ। ਲੱਖਾਂ ਲੋਕ ਅਕਸਰ ਅਜਿਹੇ ਸਥਾਨਾਂ ਦੇ ਗੇੜੇ ਲਗਾਉਂਦੇ ਰਹਿੰਦੇ ਹਨ। ਸ਼ਰਾਬ ਦੀ ਵਰਤੋਂ ਸਾਡੇ ਸਮਾਜ ‘ਚ ਇੰਨੇ ਵਿਆਪਕ ਤੌਰ ‘ਤੇ ਸਵੀਕਾਰੀ ਜਾਂਦੀ ਹੈ ਕਿ ਇਸ ਦੀ ਅਣਹੋਂਦ ਲੋਕਾਂ ਦੇ ਭਰਵੱਟੇ ਖੜ੍ਹੇ ਕਰਵਾ ਦਿੰਦੀ ਹੈ, ਭਾਵ ਉਨ੍ਹਾਂ ਨੂੰ ਸੋਚਣੇ ਪਾ ਦਿੰਦੀ ਐ। ਸ਼ਾਇਦ ਇਸ ਲਈ ਕਿ ਇਹ ਆਪਣੇ ਉਪਭੋਗਤਾਵਾਂ ਨੂੰ ਅਸੰਵੇਦਨਸ਼ੀਲ ਬਣਾਉਣ ਦੇ ਮਾਮਲੇ ਬਹੁਤ ਜ਼ਿਆਦਾ ਮਸ਼ਹੂਰ ਹੈ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਨਸ਼ੇ ਦਾ ਇੱਕੋ ਇੱਕ ਸਰੋਤ ਇਹੀ ਨਹੀਂ। ਬਦਮਸਤ ਹੋਣ ਲਈ ਹੋਰ ਵੀ ਵਧੇਰੇ ਸੂਖਮ ਪਰ ਬਰਾਬਰ ਦੇ ਤਾਕਤਵਰ ਸਰੋਤ ਹਨ। ਉਦਾਹਰਣ ਦੇ ਤੌਰ ‘ਤੇ, ਮੁਸਕਰਾਹਟਾਂ। ਪਿਆਰ ਭਰੀ ਦੇਖਣੀ ਅਤੇ ਉਤਸ਼ਾਹਜਨਕ ਇਸ਼ਾਰੇ। ਤੁਸੀਂ ਆਪਣੇ ਜੀਵਨ ‘ਚ ਜਲਦੀ ਹੀ ਬਹੁਤ ਸਾਰੇ ਹੈਪੀ ਆਵਰਜ਼ ਦਾ ਲਾਹਾ ਖੱਟ ਸਕੋਗੇ, ਕੇਵਲ ਕਿਸੇ ਚੰਗੀ ਸੰਗਤ ‘ਚ ਦੀ ਖ਼ੁਸ਼ੀ ‘ਚ ਪੀ ਕੇ।
ਤੁਸੀਂ ਜਲਦੀ ਹੀ ਬਹੁਤ ਸਮਝਦਾਰ ਬਣ ਜਾਵੋਗੇ। ਬਾਈਬਲ ਵੀ ਤਾਂ ਕਹਿੰਦੀ ਹੈ, ”ਬੁੱਧੀ ਚਾਂਦੀ ਨਾਲੋਂ ਵੱਧ ਕੀਮਤੀ ਹੈ; ਇਹ ਤੁਹਾਨੂੰ ਸੋਨੇ ਨਾਲੋਂ ਵੀ ਵੱਧ ਅਮੀਰ ਬਣਾਉਂਦੀ ਹੈ। ਸਿਆਣਪ ਕੀਮਤੀ ਗਹਿਣਿਆਂ ਨਾਲੋਂ ਵੱਧ ਕੀਮਤੀ ਹੈ; ਤੁਸੀਂ ਕਿਸੇ ਵੀ ਸ਼ੈਅ ਨਾਲ ਉਸ ਦੀ ਤੁਲਨਾ ਨਹੀਂ ਕਰਨਾ ਚਾਹੋਗੇ।”ਪਰ ਇਹ ਗੱਲ ਕੇਵਲ ਸਿਆਣੇ ਹੀ ਸਮਝਦੇ ਨੇ। ਉਹ ਦੂਸਰੇ ਲੋਕਾਂ ਨੂੰ ਵਧੇਰੇ ਪਦਾਰਥਵਾਦੀ ਟੀਚਿਆਂ ਦਾ ਪਿੱਛਾ ਕਰਦੇ ਦੇਖ ਕੇ ਮਨੋ-ਮਨ ਮੁਸਕੁਰਾਉਂਦੇ ਨੇ। ਸਿਆਣਪ ਨਾਲ ਮਸਲਾ ਦਰਅਸਲ ਇਹ ਹੈ ਕਿ ਤੁਸੀਂ ਉਸ ਦੀ ਸੱਚੀ ਕਦਰ ਓਦੋਂ ਤਕ ਨਹੀਂ ਕਰ ਸਕਦੇ ਜਦੋਂ ਤਕ ਉਹ ਤੁਹਾਨੂੰ ਹਾਸਿਲ ਨਹੀਂ ਹੋ ਜਾਂਦੀ। ਅਤੇ ਜੇ ਉਹ ਤੁਹਾਨੂੰ ਪ੍ਰਾਪਤ ਹੋ ਜਾਵੇ, ਤੁਸੀਂ ਸ਼ਾਇਦ ਉਸ ਦੀ ਹੋਂਦ ਦਾ ਢਿੰਡੋਰਾ ਪਿਟਣਾ ਪਸੰਦ ਨਹੀਂ ਕਰੋਗੇ। ਇਹ ਸਰਾਸਰ ਬੇਅਕਲੀ ਹੋਵੇਗੀ! ਜੋ ਅਨੁਭਵ ਤੁਸੀਂ ਆਪਣੇ ਭਾਵਨਾਤਮਕ ਜੀਵਨ ‘ਚ ਹਾਸਿਲ ਕਰਨ ਜਾ ਰਹੇ ਹੋ, ਉਹ ਤੁਹਾਨੂੰ ਨਾ ਸਿਰਫ਼ ਬੁੱਧੀਮਾਨ ਬਣਾਵੇਗਾ … ਸਗੋਂ ਵਧੇਰੇ ਖ਼ੁਸ਼ੀ ਵੀ ਦੇ ਕੇ ਜਾਵੇਗਾ।
ਕਦੇ ਕਦੇ ਅਸੀਂ ਅਜਿਹੇ ਵਿਚਾਰ ਪਾਲ ਲੈਂਦੇ ਹਾਂ ਜਿਹੜੇ ਥੋੜ੍ਹੇ ਜਿਹੇ ਹੈਰਾਨ ਕਰਨ ਵਾਲੇ ਲਗਦੇ ਨੇ ਜਾਂ ਜੋ, ਜੇ ਦੂਜਿਆਂ ਤਕ ਪਹੁੰਚਾ ਦਿੱਤੇ ਜਾਣ ਤਾਂ, ਸਾਨੂੰ ਮੁਸੀਬਤ ‘ਚ ਪਾ ਸਕਦੇ ਹਨ। ਜਿਸ ਤਰ੍ਹਾਂ ਅਸੀਂ ਖ਼ੁਦ ਨੂੰ ਕਦੇ-ਕਦਾਈਂ ਵਹਿਸ਼ੀ ਲਾਲਸਾ ਦਾ ਅਨੁਭਵ ਕਰਨ ਤੋਂ ਨਹੀਂ ਰੋਕ ਸਕਦੇ, ਉਸੇ ਤਰ੍ਹਾਂ ਅਸੀਂ ਉਨ੍ਹਾਂ ਸਾਰੇ ਨਾਕਾਰਤਮਕ ਵਿਚਾਰਾਂ ਨੂੰ ਵੀ ਦੂਰ ਨਹੀਂ ਕਰ ਸਕਦੇ ਜੋ ਸਾਡੇ ਦਿਮਾਗ਼ ‘ਚ ਉਡਾਰੀ ਮਾਰ ਕੇ ਨਿਕਲ ਜਾਂਦੇ ਹਨ। ਉਹ ਕੁਦਰਤੀ ਹੁੰਦੇ ਨੇ ਅਤੇ, ਜਿੰਨਾ ਚਿਰ ਅਸੀਂ ਉਨ੍ਹਾਂ ਨੂੰ ਆਧਾਰ ਬਣਾ ਕੇ ਕੋਈ ਕਾਰਵਾਈ ਨਹੀਂ ਕਰਦੇ, ਨੁਕਸਾਨ ਰਹਿਤ ਵੀ। ਸਾਨੂੰ, ਪਰ, ਇਹ ਉਨ੍ਹਾਂ ਲੋਕਾਂ ਨਾਲ ਸਾਂਝੇ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਉਨ੍ਹਾਂ ਨੂੰ ਵੀ ਕਦੇ ਸਾਡੇ ਨਾਲ ਆਪਣੀ ਕੋਈ ਗੱਲ ਸਾਂਝੀ ਕਰਨ ਦੀ ਲੋੜ ਪੈ ਸਕਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਦਲੇਰੀ ਅਤੇ ਸਪਸ਼ਟਤਾ ਨਾਲ ਗੱਲ ਕਰੋ ਜਿਸ ‘ਤੇ ਤੁਸੀਂ ਭਰੋਸਾ ਕਰ ਸਕਦੇ ਹੋ।
ਦੋ ਸੌ ਸਾਲ ਪਹਿਲਾਂ, ਫਰਾਂਸ ‘ਚ ਕਿਤੇ, ਪਹਿਲਾ ਮਨੁੱਖ ਪਹਿਲੇ ਗਰਮ ਹਵਾ ਦੇ ਗ਼ੁਬਾਰੇ ‘ਚ ਚੜ੍ਹਿਆ ਸੀ। ਉਹ ਉੱਪਰ ਚਲਾ ਗਿਆ। ਉਹ ਫ਼ਿਰ ਹੇਠਾਂ ਆ ਗਿਆ। ਅੱਜਕੱਲ੍ਹ, ਅਸੀਂ ਸਾਰੇ ਉੱਡਣ ਨੂੰ ਕੋਈ ਕਰਿਸ਼ਮਾ ਨਹੀਂ ਮੰਨਦੇ। ਐਡੀ ਕਿਹੜੀ ਵੱਡੀ ਗੱਲ ਹੈ? ਇਹ ਤਾਂ ਕੁੱਝ ਅਜਿਹਾ ਹੈ ਜੋ ਆਮ ਤੌਰ ‘ਤੇ ਲੋਕ ਕਰਦੇ ਰਹਿੰਦੇ ਹਨ। 20 ਸਾਲ ਪਹਿਲਾਂ, ਜੇ ਕਿਸੇ ਨੇ ਤੁਹਾਨੂੰ ਉਹ ਮੋਬਾਈਲ ਫ਼ੋਨ ਦਿਖਾਇਆ ਹੁੰਦਾ ਜਿਹੜਾ ਇਸ ਵਕਤ ਤੁਹਾਡੀ ਜੇਬ੍ਹ ‘ਚ ਪਿਐ, ਤੁਸੀਂ ਹੈਰਾਨ ਰਹਿ ਗਏ ਹੁੰਦੇ। ਇਹ ਸਿਰਫ਼ ਤਕਨਾਲੋਜੀ ਹੀ ਨਹੀਂ ਜਿਹੜੀ ਛੜੱਪੇ ਮਾਰ ਕੇ ਅੱਗੇ ਵਧਦੀ ਹੈ। ਭਾਵਨਾਤਮਕ ਜਾਗਰੂਕਤਾ ਦੀਆਂ ਸਥਿਤੀਆਂ ਵੀ ਤੇਜ਼ੀ ਨਾਲ ਬਦਲ ਸਕਦੀਆਂ ਹਨ। ਜਿਵੇਂ ਕਿ ਤੁਸੀਂ ਦੇਖੋਗੇ, ਛੇਤੀ!
ਜਦੋਂ ਅਸੀਂ ਕੋਈ ਚੀਜ਼ ਬਹੁਤ ਬੁਰੀ ਤਰ੍ਹਾਂ ਚਾਹੁੰਦੇ ਹਾਂ ਤਾਂ ਅਸੀਂ ਅਕਸਰ ਆਪਣੇ ਆਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲ ‘ਚ ਅਸੀਂ ਉਹ ਬਿਲਕੁਲ ਚਾਹੁੰਦੇ ਹੀ ਨਹੀਂ। ਸਵੈ-ਧੋਖੇ ਦੀ ਇਸ ਕਸਰਤ ਦਾ ਉਦੇਸ਼ ਖ਼ੁਦ ਨੂੰ ਸੰਭਾਵਿਤ ਨਿਰਾਸ਼ਾ ਤੋਂ ਦੂਰ ਰੱਖਣਾ ਹੁੰਦਾ ਹੈ। ਹਾਲਾਂਕਿ, ਜੇ ਤੁਸੀਂ ਉਸ ਗੱਲ ਤੋਂ ਇਨਕਾਰੀ ਹੁੰਦੇ ਹੋ ਜਿਹੜੀ ਤੁਹਾਡੇ ਦਿਲ ਦੇ ਅੰਦਰ ਹੈ, ਤੁਸੀਂ ਇੱਕ ਸੁਰੱਖਿਅਤ ਮਾਰਗ ‘ਤੇ ਚੱਲ ਤਾਂ ਸਕਦੇ ਹੋ, ਪਰ ਤੁਸੀਂ ਖ਼ੁਦ ਦੀਆਂ ਭਾਵਨਾਵਾਂ ਨੂੰ ਵੱਖੋ-ਵੱਖਰੇ ਢੰਗ ਨਾਲ ਪ੍ਰਗਟ ਕਰਨ ਦੀ ਆਪਣੇ ਦਿਲ ਦੀ ਯੋਗਤਾ ਨੂੰ ਸਦਾ ਲਈ ਦਬਾ ਦਿਓਗੇ। ਤੁਹਾਨੂੰ ਛੇਤੀ ਹੀ ਉਹ ਪ੍ਰਾਪਤ ਹੋ ਸਕਦਾ ਹੈ ਜਾਂ ਨਹੀਂ ਵੀ ਜੋ ਤੁਸੀਂ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਚਾਹੁੰਦੇ ਹੋ ਪਰ, ਇਹ ਸਵੀਕਾਰ ਕਰਨ ਦਾ ਫ਼ੈਸਲਾ ਕਰ ਕੇ ਕਿ ਤੁਸੀਂ ਉਸ ਨੂੰ ਹਾਸਿਲ ਕਰਨਾ ਚਾਹੁੰਦੇ ਹੋ, ਤੁਸੀਂ ਆਪਣਾ ਸਵੈ-ਮਾਣ ਮੁੜ ਬਹਾਲ ਕਰ ਲਵੋਗੇ। ਤੁਸੀਂ ਹੈਰਾਨ ਹੋਵੋਗੇ ਕਿ ਅੰਤ ਨੂੰ ਉਸ ‘ਚੋਂ ਨਿਕਲਦਾ ਕੀ ਹੈ।