ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 852

ajit_weeklyਅਸੀਂ ਸਾਰੇ ਇਹ ਮਹਿਸੂਸ ਕਰਨਾ ਚਾਹੁੰਦੇ ਹਾਂ ਕਿ ਸਾਡੇ ਕੋਲ ਘੱਟੋ ਘੱਟ ਜ਼ਿੰਦਗੀ ਦੇ ਕੁਝ ਕੁ ਮਹੱਤਵਪੂਰਨ ਸਵਾਲਾਂ ਦੇ ਜਵਾਬ ਮੌਜੂਦ ਹਨ। ਦਰਅਸਲ, ਸਾਡੇ ਕੋਲ ਸੱਚਮੁੱਚ ਇਹ ਹਨ! ਸਾਨੂੰ ਜ਼ਿੰਦਗੀ ਬਾਰੇ ਕੁਝ ਚੀਜ਼ਾਂ ਪਤਾ ਨੇ ਤੇ ਕੁਝ ਨਹੀਂ। ਅਕਸਰ, ਜਦੋਂ ਅਸੀਂ ਬੈਠ ਕੇ ਇਹ ਵਿਚਾਰਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਕਿੰਨੀਆਂ ਚੀਜ਼ਾਂ ਨਹੀਂ ਪਤਾ, ਅਸੀਂ ਇੱਕ ਅਜਿਹੇ ਕੁੱਲ ਜੋੜ ‘ਤੇ ਪਹੁੰਚ ਜਾਂਦੇ ਹਾਂ ਜਿਸ ਬਾਰੇ ਜਿੰਨਾ ਅਸੀਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਓਨੇ ਹੀ ਜ਼ਿਆਦਾ ਅਸੀਂ ਪਰੇਸ਼ਾਨ ਹੁੰਦੇ ਹਾਂ। ਆਪਣਾ ਸੰਤੁਲਨ ਕਾਇਮ ਰੱਖਣ ਲਈ, ਅਸੀਂ ਉਨ੍ਹਾਂ ਚੀਜ਼ਾਂ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹਾਂ ਜਿਹੜੀਆਂ ਸਾਨੂੰ ਪਤਾ ਹੁੰਦੀਆਂ ਹਨ ਅਤੇ ਉਨ੍ਹਾਂ ਸਵਾਲਾਂ ਤੋਂ ਬਚਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਸ਼ੱਕ ਹੁੰਦਾ ਹੈ ਕਿ ਸਾਨੂੰ ਫ਼ਸਾ ਸਕਦੇ ਹਨ। ਫ਼ਿਰ ਵੀ, ਇਸ ਵਕਤ ਇੱਕ ਸਵਾਲ ਅਜਿਹਾ ਹੈ ਜਿਹੜਾ ਤੁਹਾਨੂੰ ਜ਼ਰੂਰ ਪੁੱਛਣਾ ਚਾਹੀਦੈ, ਬੇਸ਼ੱਕ ਉਸ ਦਾ ਜਵਾਬ ਤੁਹਾਨੂੰ ਨਾ ਵੀ ਪਤਾ ਹੋਵੇ।
ਸਕੂਲ ਅਤੇ ਵਿਸ਼ਵ ਵਿਦਿਆਲੇ ਸਾਨੂੰ ਸੋਚਣਾ, ਮੁਲਾਂਕਣ ਕਰਨਾ, ਜਾਂਚ ਕਰਨਾ, ਯੋਜਨਾਵਾਂ ਬਣਾਉਣਾ ਅਤੇ ਅੱਗੇ ਵਧਣਾ ਸਿਖਾਉਂਦੇ ਹਨ। ਉਹ ਸਾਡੇ ਦਿਮਾਗ ਅਜਿਹੇ ਵਿਚਾਰਾਂ ਨਾਲ ਭਰ ਦਿੰਦੇ ਹਨ ਕਿ ਅਸੀਂ ਆਪਣੀ ਅਤੇ ਦੂਸਰਿਆਂ ਦੀ ਆਲੋਚਨਾ ਕਿਸ ਤਰ੍ਹਾਂ ਕਰਨੀ ਹੈ, ਇਸ ਕੋਸ਼ਿਸ਼ ਵਿੱਚ ਕਿ ਅਸੀਂ ਜ਼ਿੰਦਗੀ ਦੇ ਉੱਚਤਮ ਮਿਆਰ ਛੂਹ ਸਕੀਏ। ਇਸ ਤਰ੍ਹਾਂ ਕਰ ਕੇ ਉਹ ਸਾਡੇ ਸਿਰਾਂ ਨੂੰ ਤਾਂ ਸਿਖਿਅਤ ਕਰਦੇ ਹਨ, ਪਰ ਉਹ ਸਾਡੇ ਦਿਲਾਂ ਨੂੰ ਇਸ ਨਾਲ ਕਿੰਨੀ ਕੁ ਮਦਦ ਦਿੰਦੇ ਹਨ? ਇੰਝ ਲਗਦੈ ਕਿ ਕੋਈ ਵੀ ਸਾਨੂੰ ਆਪਣੀ ਅੰਤਰ-ਪ੍ਰੇਰਨਾ ਵਿੱਚ ਵਿਸ਼ਵਾਸ ਕਰਨ ਲਈ; ਆਪਣੇ ਦਿਲਾਂ ਵਿੱਚ ਰਹਿਮਦਿਲੀ ਉਤਪੰਨ ਕਰਨ ਲਈ; ਦੂਸਰਿਆਂ ਨੂੰ ਮੁਆਫ਼ ਕਰਨ ਲਈ; ਸਨੇਹ ਕਰਨ ਲਈ ਜਾਂ ਆਪਣੇ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ‘ਤੇ ਤਰਸ ਕਰਨ ਲਈ ਟ੍ਰੇਨ ਨਹੀਂ ਕਰਦਾ। ਪਰ ਜੇਕਰ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ ਸਫ਼ਲਤਾ ਦਰਕਾਰ ਹੈ ਤਾਂ ਦਿਲਾਂ ਦਾ ਰਸਤਾ ਤੁਹਾਨੂੰ ਉਸ ਪਾਸੇ ਵੱਲ ਲੈ ਜਾਵੇਗਾ।
‘ਸੱਚ’। ਸਾਡੇ ‘ਚੋਂ ਕੋਈ ਵੀ ਬੰਦਾ ਇਸ ਤੋਂ ਵੱਧ ਹੋਰ ਕਿਹੜੀ ਵਧੀਆ ਸ਼ੈਅ ਦਾ ਪਿੱਛਾ ਕਰਨਾ ਚਾਹ ਸਕਦਾ ਹੈ? ਅਸੀਂ ਸਾਰੇ ਸੱਚ ਨੂੰ ਦੇਖਣਾ ਸੁਣਨਾ, ਆਖਣਾ ਤੇ ਅਖਵਾਉਣਾ ਚਾਹੁੰਦੇ ਹਾਂ। ਪਰ ਕੀ ਸੱਚ ਅਤੇ ਝੂਠ ਦਰਮਿਆਨ ਫ਼ਰਕ ਕਰਨਾ ਹਮੇਸ਼ਾ ਹੀ ਇੰਨਾ ਸੌਖਾ ਤੇ ਸਪੱਸ਼ਟ ਹੁੰਦੈ? ਕੀ ਇਹ ਵਿਅਕਤੀਗਤ, ਤੁਲਨਾਤਮਕ, ਸੰਯੋਗਾਤਮਕ ਅਤੇ ਅਚਣਚੇਤੀ ਨਹੀਂ ਹੁੰਦਾ? ਕੀ ਅਸੀਂ ਓਦੋਂ ਆਪਣੀ ਸਮਝ ਦੀ ਤੌਹੀਨ ਨਹੀਂ ਕਰ ਰਹੇ ਹੁੰਦੇ ਜਦੋਂ ਅਸੀਂ ਇਹ ਨਾਟਕ ਕਰਦੇ ਹਾਂ ਕਿ ਕੁਝ ਚੀਜ਼ਾਂ ਸਾਧਾਰਣ, ਬੁਨਿਆਦੀ, ਪ੍ਰਤੱਖ ਅਤੇ ਬਿਲਕੁਲ ਹੀ ਸਤਹੀ ਹਨ? ਇਮਾਨਦਾਰੀ ਦੇ ਨਜ਼ਰੀਏ ਤੋਂ, ਕਿਸੇ ਵੀ ਕਹਾਣੀ ਨੂੰ ਅੱਗੇ ਸੁਣਾਉਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਪੂਰੀ ਤਰ੍ਹਾਂ ਇਹ ਸੁਨਿਸ਼ਚਿਤ ਕਰ ਲਓ ਕਿ ਉਸ ਦਾ ਕੋਈ ਦੂਸਰਾ ਪਹਿਲੂ ਤਾਂ ਨਹੀਂ।
ਇੱਕ ਵੇਲੇ – ਜਦੋਂ ਬਹੁਤੇ ਲੋਕ ਧਾਰਮਿਕ ਹੁੰਦੇ ਸਨ – ਵਿਸ਼ਵਾਸ, ਨਸਲ, ਸਭਿਆਚਾਰ, ਰਸਮਾਂ, ਆਦਿ, ਲੋਕਾਂ ਅਤੇ ਜਿਹੜੇ ਸਬੰਧ ਉਹ ਬਣਾਉਣਾ ਚਾਹੁੰਦੇ ਸਨ ਉਨ੍ਹਾਂ ਦਰਮਿਆਨ ਅੜਿੱਕੇ ਬਣਦੇ ਸਨ। ਅੱਜਕੱਲ੍ਹ, ਅਸੀਂ ਅਜਿਹੇ ਸਮਾਜਕ ਬੰਧੇਜਾਂ (ਕੁਝ ਲੋਕ ਕਦਰਾਂ ਕੀਮਤਾਂ ਪੜ੍ਹਨਾ ਚਾਹੁਣਗੇ) ਤੋਂ ਕਾਫ਼ੀ ਹੱਦ ਤਕ ਸੁਰਖ਼ਰੂ ਹਾਂ, ਪਰ ਫ਼ਿਰ ਵੀ ਅਸੀਂ ਉਨ੍ਹਾਂ ਲੋਕਾਂ ਦੇ ਭਾਵਨਾਤਮਕ ਤੌਰ ‘ਤੇ ਨਜ਼ਦੀਕ ਜਾਣ ਵਿੱਚ ਦਿੱਕਤ ਮਹਿਸੂਸ ਕਰਦੇ ਹਾਂ ਜਿਨ੍ਹਾਂ ਦੇ ਵਿਚਾਰ ਅਤੇ ਵਿਸ਼ਵਾਸ ਸਾਡੇ ਤੋਂ ਵੱਖਰੇ ਹੋਣ। ਵੈਸੇ ਮੈਂ ਇਹ ਸਮਝਣ ਦੇ ਅਸਮਰਥ ਹਾਂ ਕਿ ਕਿਸੇ ਸਿਧਾਂਤਕ ਨੁਕਤੇ ‘ਤੇ ਮਤਭੇਦ ਸਾਡੇ ਕਿਸੇ ਅਜਿਹੇ ਰਿਸ਼ਤੇ ਨੂੰ ਖ਼ਰਾਬ ਕਿਵੇਂ ਕਰ ਸਕਦੇ ਹਨ ਜਿਸ ਵਿੱਚ ਇੱਕ ਡੂੰਘੇ ਅਤੇ ਸੰਤੁਸ਼ਟੀਜਨਕ ਸਬੰਧ ਵਿੱਚ ਪ੍ਰਫ਼ੁੱਲਤ ਹੋਣ ਦੀ ਸੰਭਾਵਨਾ ਹੋਵੇ। ਬਹਾਦਰ ਚੋਣ ਕਰਦਿਆਂ, ਕਦੇ ਕਦੇ ਆਪਣੇ ਦਿਲ ਨੂੰ ਆਪਣੇ ਸਿਰ ਤੋਂ ਵੱਧ ਮਹੱਤਵ ਦੇਣਾ ਵੀ ਸਿੱਖੋ!
ਕੁਝ ਲੋਕਾਂ ਦਾ ਮੰਨਣਾ ਹੈ ਕਿ ਜਿਸਮਾਨੀ ਖਿੱਚ ਅਤੇ ਭਾਵਨਾਤਮਕ ਲਗਾਅ ਕਿਸੇ ਰਿਸ਼ਤੇ ਵਿੱਚ ਦੋ ਵਿਅਕਤੀਆਂ ਦੇ ਇੱਕ ਦੂਜੇ ਦੇ ‘ਅਨਕੂਲ’ ਹੋਣ ਜਾਂ ਉਨ੍ਹਾਂ ਦਰਮਿਆਨ ਕਿਸੇ ਕਿਸਮ ਦੀ chemistry ਹੋਣ ਦੇ ਸੰਕੇਤ ਹੁੰਦੇ ਹਨ। ਪਰ ਕਈ ਹੋਰ ਅਜਿਹੇ ਤੱਤ ਵੀ ਹੁੰਦੇ ਹਨ ਜਿਹੜੇ ਸੰਭਾਵੀ ਅਨੁਕੂਲਤਾ … ਸਬੰਧ, ਆਪਸੀ ਸਮਝ ਅਤੇ ਬੌਧਿਕ ਰਜ਼ਾਮੰਦੀ ਨੂੰ ਬਿਹਤਰ ਪਰਿਭਾਸ਼ਿਤ ਕਰ ਸਕਦੇ ਹਨ। ਕਿਸੇ ਨਾਲ ਇੱਕ ਹੀ ‘ਵੇਵ-ਲੈਂਗਥ’ ਜਾਂ ਪੰਨੇ ‘ਤੇ ਹੋਣ ਦਾ ਮਤਲਬ ਹੈ ਕਿਸੇ ਨਾਲ ਕੋਈ ਖ਼ਾਸ ਸਾਂਝ ਹੋਣੀ; ਅਜਿਹੀ ਸਾਂਝ ਜਿਹੜੀ ਦੋ ਲੋਕਾਂ ਦੇ ਅੱਡ ਹੋਣ ਦੇ ਬੇਸ਼ੁਮਾਰ ਕਾਰਨਾਂ ਨੂੰ ਵੀ ਦਰਕਿਨਾਰ ਕਰਾਉਣ ਵਿੱਚ ਸਹਾਈ ਹੋ ਸਕਦੀ ਹੈ। ਜੋ ਮਰਜ਼ੀ ਹੁੰਦਾ ਹੋਵੇ (ਜਾਂ ਜੋ ਤੁਸੀਂ ਚਾਹੁੰਦੇ ਸੀ ਕਿ ਹੁੰਦਾ ਜਾਂ ਨਾ ਹੁੰਦਾ), ਗੱਲਬਾਤ ਦੇ ਆਪਣੇ ਸਾਰੇ ਉਪਲਬੱਧ ਚੈਨਲ ਖੁਲ੍ਹੇ ਰੱਖੋ।
ਆਕਰਸ਼ਣ ਜ਼ਰੂਰੀ ਹੈ, ਪਰ ਉਹ ਹਮੇਸ਼ਾ ਕਿਸੇ ਰਿਸ਼ਤੇ ਨੂੰ ਕਾਇਮ ਰੱਖਣ ਲਈ ਸਭ ਕੁਝ ਨਹੀਂ ਹੁੰਦਾ। ਰਿਸ਼ਤੇ ਵਿੱਚ ਭਾਵਨਾਤਮਕ ਕੋਨੈਕਸ਼ਨ ਹੋਣਾ ਵੀ ਜ਼ਰੂਰੀ ਹੈ। ਜਦੋਂ ਦੋ ਵਿਅਕਤੀਆਂ ਦੇ ਦਿਮਾਗਾਂ ਦਰਮਿਆਨ ਸੱਚਾ ਤਾਅਲੁਕ ਪੈਦਾ ਹੁੰਦੈ ਤਾਂ ਉਸ ਨਾਲ ਵੀ ਸਬੰਧਾਂ ਨੂੰ ਮਦਦ ਮਿਲਦੀ ਹੈ। ਇਸੇ ਤਰ੍ਹਾਂ, ਵਿਵਾਦ (ਬੇਸ਼ੱਕ ਉਹ ਜਿੰਨੇ ਮਰਜ਼ੀ ਪ੍ਰਚੰਡ ਕਿਉਂ ਨਾ ਹੋਣ) ਦਾ ਹਮੇਸ਼ਾ ਲਈ ਬਣਿਆ ਰਹਿਣਾ ਕੋਈ ਜ਼ਰੂਰੀ ਨਹੀਂ। ਵਕਤ ਦੇ ਨਾਲ ਨਾਲ, ਹੋ ਸਕਦਾ ਹੈ, ਕੋਈ ਸਾਨੂੰ ਓਨਾ ਨਾ ਖਿਝਾਵੇ ਜਿੰਨਾ ਉਹ ਕਦੇ ਖਿਝਾਉਂਦੇ ਹੁੰਦੇ ਸਨ। ਤੁਹਾਡੇ ਨਿੱਜੀ ਅਤੇ ਭਾਵਨਾਤਮਕ ਜੀਵਨ ਵਿੱਚ ਆਉਣ ਵਾਲੀ ਤਬਦੀਲੀ ਦਾ ਮਤਲਬ ਸਿਰਫ਼ ਇੰਨਾ ਹੋ ਸਕਦਾ ਹੈ ਕਿ ਜੋ ਕੁਝ ਜਾਂ ਕੋਈ ਕਦੇ ਤਾਕਤਵਰ, ਪਰ ਗ਼ਲਤ, ਸੀ ਹੁਣ ਕਮਜ਼ੋਰ ਪੈ ਚੁੱਕੈ!

LEAVE A REPLY