ਇੰਟਰਨੈਸ਼ਨਲ ਡੈਸਕ- ਮਿਡਲ ਈਸਟ ‘ਚ ਜਾਰੀ ਜੰਗ ਵਿਚਾਲੇ ਇਜ਼ਰਾਈਲ ਨੇ ਕਥਿਤ ਤੌਰ ’ਤੇ ਇਰਾਨ ਵਿਚ ਸਥਿਤ ‘ਤੋਫੀਘ ਡਾਰੂ’ ਫੈਕਟਰੀ ’ਤੇ ਹਮਲਾ ਕੀਤਾ, ਜਿਸ ਨੂੰ ਫੈਂਟਾਨਿਲ ਦੀ ਸਪਲਾਈ ਕਰਨ ਵਾਲੀ ਦੱਸਿਆ ਜਾ ਰਿਹਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਇਸ ਸਮੱਗਰੀ ਦੀ ਵਰਤੋਂ ਇਰਾਨ ਦੇ ਰਸਾਇਣਕ ਹਥਿਆਰ ਪ੍ਰੋਗਰਾਮ ਵਿਚ ਕੀਤੀ ਜਾ ਰਹੀ ਸੀ।
ਇਰਾਨ ਨੇ ਹਮਲੇ ਨੂੰ ਮੰਨਿਆ ਹੈ ਪਰ ਕਿਹਾ ਹੈ ਕਿ ਇਹ ਫੈਕਟਰੀ ਸਿਰਫ਼ ਹਸਪਤਾਲਾਂ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਉਤਪਾਦਨ ਕਰਦੀ ਹੈ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸੋਸ਼ਲ ਮੀਡੀਆ ’ਤੇ ਫੈਕਟਰੀ ਦੀ ਤਸਵੀਰ ਸਾਂਝੀ ਕਰਦਿਆਂ ਇਸ ਨੂੰ ‘ਇਜ਼ਰਾਈਲ ਦਾ ਜੰਗੀ ਅਪਰਾਧ’ ਦੱਸਿਆ।
ਫੈਂਟਾਨਿਲ ਦੀ ਵਰਤੋਂ ਆਮ ਤੌਰ ’ਤੇ ਗੰਭੀਰ ਦਰਦ ਦੇ ਇਲਾਜ ਲਈ ਕੀਤੀ ਜਾਂਦੀ ਹੈ ਪਰ ਇਸ ਦੀ ਦੁਰਵਰਤੋਂ ਜਾਨਲੇਵਾ ਵੀ ਹੋ ਸਕਦੀ ਹੈ। ਇਜ਼ਰਾਈਲ ਤੇ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਇਰਾਨ ਹਥਿਆਰਾਂ ਵਿਚ ਫੈਂਟਾਨਿਲ ਦੀ ਸੰਭਾਵਤ ਵਰਤੋਂ ਲਈ ਖੋਜ ਕਰ ਰਿਹਾ ਹੈ। ਅਮਰੀਕਾ ਅਨੁਸਾਰ ਇਹ ਅਧਿਐਨ 2002 ’ਚ ਰੂਸ ਵਿਚ ਚੇਚਨ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲਿਆਂ ਦੇ ਸੰਦਰਭ ਵਿਚ ਕੀਤਾ ਗਿਆ ਸੀ। ਇਜ਼ਰਾਈਲ ਦਾ ਦੋਸ਼ ਹੈ ਕਿ ਫੈਕਟਰੀ ਇਰਾਨ ਦੇ ਉੱਨਤ ਖੋਜ ਸੰਸਥਾਨ ਐੱਸ. ਪੀ. ਐੱਨ. ਡੀ. ਨੂੰ ਫੈਂਟਾਨਿਲ ਸਪਲਾਈ ਕਰਦੀ ਸੀ, ਜਿਸ ਦੀ ਵਰਤੋਂ ਪ੍ਰਮਾਣੂ ਤੇ ਰਸਾਇਣਕ ਹਥਿਆਰਾਂ ਦੇ ਵਿਕਾਸ ਵਿਚ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਕਤਰ ਤੇ ਦੁਬਈ ਦੇ ਤੱਟ ਦੇ ਨੇੜੇ ਟੈਂਕਰਾਂ ’ਤੇ ਵੀ ਹਮਲੇ ਦੀਆਂ ਖ਼ਬਰਾਂ ਆਈਆਂ ਹਨ। ਬ੍ਰਿਟੇਨ ਦੀ ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪ੍ਰੇਸ਼ਨਜ਼’ ਨੇ ਕਤਰ ਦੇ ਤੱਟ ਦੇ ਨੇੜੇ ਇਕ ਟੈਂਕਰ ’ਤੇ ਮਿਜ਼ਾਈਲ ਹਮਲੇ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਚੌਗਿਰਦੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਚਾਲਕ ਦਲ ਸੁਰੱਖਿਅਤ ਰਿਹਾ। ਪਹਿਲੇ ਦਿਨ ਦੁਬਈ ਦੇ ਨੇੜੇ ਇਕ ਕੁਵੈਤੀ ਟੈਂਕਰ ’ਤੇ ਵੀ ਹਮਲਾ ਹੋਇਆ ਸੀ। ਜੰਗ ਸ਼ੁਰੂ ਹੋਣ ਤੋਂ ਬਾਅਦ ਇਰਾਨ ਫ਼ਾਰਸ ਦੀ ਖਾੜੀ ਵਿਚ 20 ਤੋਂ ਵੱਧ ਬੇੜਿਆਂ ’ਤੇ ਹਮਲੇ ਕਰ ਚੁੱਕਾ ਹੈ।















