ਫਰੀਦਕੋਟ – ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬੇ ਅੰਦਰ ਸਿਆਸੀ ਹੋਂਦ ਇੱਕ ਵਕਤੀ ਉਬਾਲ ਦੀ ਤਰ੍ਹਾਂ ਸੀ ਜੋ ਆਪਣਾ ਅਸਰ ਦਿਖਾ ਕੇ ਖ਼ਤਮ ਚੋ ਚੁੱਕੀ ਹੈ।
ਬਾਬਾ ਫਰੀਦ ਆਗਮਨ ਪੁਰਬ ਮੌਕੇ ਹੋਣ ਵਾਲੇ ਪੇਂਡੂ ਖੇਡਾਂ ਤੇ ਸਭਿਆਚਾਰਕ ਫੈਸਟੀਵਲ ਦਾ ਉਦਘਾਟਨ ਕਰਨ ਲਈ ਪੁੱਜੇ ਸ. ਬਾਦਲ ਨੇ ਕਿਹਾ ਕਿ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਇਸ ਪਾਰਟੀ ਦੇ ਆਗੂਆਂ ਦਾ ਲੋਕ ਵਿਰੋਧੀ ਚਿਹਰਾ ਬੇਪਰਦ ਹੋਣ ਕਾਰਣ ਲੋਕਾਂ ਦੇ ਮਨ ਆਮ ਆਦਮੀ ਪਾਰਟੀ ਤੋਂ ਮੁੜ ਚੁੱਕੇ ਹਨ। ਉਨ੍ਹਾ ਦਾਅਵਾ ਕੀਤਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਕੋਈ ਵੀ ਸੀਟ ਨਹੀਂ ਜਿੱਤ ਸਕੇਗੀ।
ਨਵਜੋਤ ਸਿੰਘ ਸਿੱਧੂ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਤੋਂ ਪਿੱਛੇ ਹਟਣ ਬਾਰੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਸ੍ਰੀ ਸਿੱਧੂ ਵੱਲੋਂ ਬਣਾਏ ਫਰੰਟ ਨੂੰ ਬਿਲਕੁਲ ਹੁੰਗਾਰਾ ਨਾ ਮਿਲਣ ਕਰਕੇ ਸਿੱਧੂ ਵੱਲੋਂ ਇਹ ਫੈਸਲਾ ਲਿਆ ਹੈ। ਉਨ੍ਹਾ ਕਿਹਾ ਕਿ ਆਵਾਜ-ਏ-ਪੰਜਾਬ ਦੇ ਐਲਾਨ ਤੋਂ ਬਾਅਦ ਸਿੱਧੂ ਅਤੇ ਉਸ ਦੇ ਸਾਥੀਆਂ ਨੂੰ ਇਹ ਅਸਲੀਅਤ ਸਪੱਸ਼ਟ ਹੋ ਚੁੱਕੀ ਸੀ ਕਿ ਉਹ ਸਿਆਸੀ ਤੌਰ ਤੇ ਇੱਕਲੇ ਰਹਿਣਗੇ, ਜਿਸ ਕਰਕੇ ਉਨ੍ਹਾ ਵੱਲੋਂ ਇਸ ਫੈਸਲੇ ਤੋਂ ਪੈਰ ਖਿੱਚੇ ਗਏ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਫਰੀਦਕੋਟ ਸ਼ਹਿਰ ਅੰਦਰ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਨਹਿਰੂ ਖੇਡ ਸਟੇਡੀਅਮ ਨੂੰ ਬਹੁ-ਮੰਤਵੀਂ ਸਟੇਡੀਅਮ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਥਾਪਿਤ ਕੀਤੇ ਗਏ ਬਹੁ-ਮੰਤਵੀ ਆਧੁਨਿਕ ਖੇਡ ਸਟੇਡੀਅਮਾਂ ਦੀ ਤਰਜ਼ ਤੇ ਹੀ ਇੱਕ ਸਾਲ ਦੇ ਅੰਦਰ ਅੰਦਰ ਫਰੀਦਕੋਟ ਵਿਖੇ ਇਹ ਸਟੇਡੀਅਮ ਵਿਕਸਤ ਕਰ ਦਿੱਤਾ ਜਾਵੇਗਾ। ਉਨ੍ਹਾ ਇਹ ਵੀ ਦੱਸਿਆ ਕਿ ਫਰੀਦਕੋਟ ਵਿਖੇ ਰੈਸਲਿੰਗ ਐਕਸੇਲੈਂਸ ਸਪੋਰਟਸ ਸੈਂਟਰ ਸਥਾਪਿਤ ਕਰਨ ਦਾ ਪ੍ਰੋਜੈਕਟ ਵੀ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ 10 ਹਾਕੀ ਐਸਟ੍ਰੋਟਰਫ ਲਗਾਏ ਗਏ ਹਨ ਅਤੇ 20 ਦੇ ਕਰੀਬ ਬਹੁ-ਮੰਤਵੀ ਖੇਡ ਸਟੇਡੀਅਮ ਸਥਾਪਿਤ ਕੀਤੇ ਜਾ ਚੁੱਕੇ ਹਨ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬੇਰਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ 250 ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਜਿਸ ਨਾਲ ਹਰ ਵਰ੍ਹੇ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਹ ਹੁਨਰ ਵਿਕਾਸ ਕੇਂਦਰ ਬਲਾਕ ਵਾਈਜ਼ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਏ ਜਾਣ ਤੋਂ ਬਾਅਦ ਹੁਣ ਇੱਥੇ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਸਾਰੀਆਂ ਮੁੱਖ ਸੜਕਾਂ ਨੂੰ ਚਾਰ ਤੇ ਛੇ ਮਾਰਗੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਵੱਲੋਂ ਹਾਲ ‘ਚ ਹੀ ਪੰਜਾਬ ਅੰਦਰ 20 ਹਜ਼ਾਰ ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟਾ ਦੇ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਅੰਦਰ 11 ਹਜ਼ਾਰ ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟਾਂ ਦਾ ਨਿਰਮਾਣ ਕਾਰਜ਼ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਸੜਕੀ ਨੈੱਟਵਰਕ ਪੱਖੋਂ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ।
ਇਸ ਮੌਕੇ ਸ. ਬਾਦਲ ਨੇ ਪੇਂਡੂ ਖੇਡ ਮੇਲੇ ਦੇ ਕਬੱਡੀ ਮੈਂਚ, ਘੋੜਸਵਾਰੀ ਤੇ ਹੋਰ ਖੇਡਾਂ ਦਾ ਆਨੰਦ ਮਾਣਿਆ ਅਤੇ ਬਾਬਾ ਫਰੀਦ ਆਗਮਨ ਪੁਰਬ ਸਬੰਧੀ ਸੋਵੀਨਾਰ ਜਾਰੀ ਕੀਤਾ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ ਜਿੱਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ।
ਇਸ ਮੌਕੇ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਦੀਪ ਮਲਹੋਤਰਾ, ਫਰੀਦਕੋਟ ਮੰਡਲ ਕਮਿਸ਼ਨਰ ਸ੍ਰੀ ਵੀ.ਕੇ.ਮੀਨਾ, ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ, ਜ਼ਿਲ੍ਹਾ ਪੁਲਿਸ ਮੁਖੀ ਸ. ਦਰਸ਼ਨ ਸਿੰਘ ਮਾਨ, ਚੇਅਰਮੈਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਸ. ਅਵਤਾਰ ਸਿੰਘ ਬਰਾੜ, ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ. ਪਰਮਬੰਸ ਸਿੰਘ ਬੰਟੀ ਰੋਮਾਣਾ, ਸੀਨੀਅਰ ਅਕਾਲੀ ਆਗੂ ਸ. ਪ੍ਰਕਾਸ਼ ਸਿੰਘ ਭੱਟੀ, ਯਾਦਵਿੰਦਰ ਸਿੰਘ ਯਾਦੀ, ਚੇਅਰਮੈਨ ਮਾਰਕਿਟ ਕਮੇਟੀ ਸ. ਗੁਰਤੇਜ਼ ਸਿੰਘ ਗਿੱਲ ਤੇ ਹੋਰ ਹਾਜਰ ਸਨ।