ਵੈਨਕੂਵਰ: ਰਵੀਚੰਦਰਨ ਅਸ਼ਵਿਨ ਦੇ 500 ਅੰਤਰਰਾਸ਼ਟਰੀ ਵਿਕਟਾਂ ਲੈਣ ਤੋਂ ਖੁਸ਼ ਮਹਾਨ ਸਪਿਨਰ ਅਨਿਲ ਕੁੰਬਲੇ ਨੇ ਕਿਹਾ ਕਿ ਔਫ਼ ਸਪਿਨਰ ਨੇ ਪਿਛਲੇ ਇੱਕ ਦਹਾਕੇ ‘ਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ, ਪਰ ਉਹ ਇਨ੍ਹਾਂ ਨੂੰ ਪਾਰ ਕਰਨ ‘ਚ ਸਫ਼ਲ ਰਿਹਾ। ਇਹ ਲਗਾਤਾਰ ਸਿੱਖਣ ਲਈ ਉਸ ਦੇ ਜਨੂੰਨ ਅਤੇ ਇੱਛਾ ਸ਼ਕਤੀ ਨਾਲ ਸੰਭਵ ਹੋ ਸਕਿਆ, ਅਸ਼ਵਿਨ ਨੇ ਟੈੱਸਟ ਮੈਚਾਂ ‘ਚ 516 ਵਿਕਟਾਂ ਹਾਸਿਲ ਕੀਤੀਆਂ ਹਨ, ਅਤੇ ਉਹ ਕੁੰਬਲੇ (619) ਤੋਂ ਬਾਅਦ ਭਾਰਤ ਲਈ ਸਭ ਤੋਂ ਵੱਧ ਟੈੱਸਟ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਹੈ।
ਸਾਬਕਾ ਭਾਰਤੀ ਲੈੱਗ ਸਪਿਨਰ ਕੁੰਬਲੇ ਇਸ ਤੋਂ ਬਿਲਕੁਲ ਵੀ ਹੈਰਾਨ ਨਹੀਂ ਹੋਇਆ। ਕੁੰਬਲੇ ਨੇ ਅਸ਼ਵਿਨ ਦੇ 100 ਟੈੱਸਟ ਅਤੇ 500 ਵਿਕਟਾਂ ਪੂਰੀਆਂ ਕਰਨ ‘ਤੇ ਤਾਮਿਲਨਾਡੂ ਕ੍ਰਿਕਟ ਸੰਘ ਵਲੋਂ ਆਯੋਜਿਤ ਸਨਮਾਨ ਸਮਾਰੋਹ ‘ਚ ਕਿਹਾ, “ਅਸ਼ਵਿਨ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਉਸ ਨੇ ਆਪਣੀ ਤਰੱਕੀ ਦੇ ਰਾਹ ‘ਚ ਕਿਸੇ ਵੀ ਚੁਣੌਤੀ ਨੂੰ ਨਹੀਂ ਆਉਣ ਦਿੱਤਾ। ਉਹ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੇਸ਼ ਲਈ ਇੱਕ ਅਸਾਧਾਰਣ ਮੈਚ ਜੇਤੂ ਰਿਹਾ ਹੈ, ਅਤੇ ਉਸ ਨੇ ਜੋ ਨਿਰੰਤਰਤਾ ਦਿਖਾਈ ਹੈ, ਉਹ ਸ਼ਾਨਦਾਰ ਹੈ।”ਕੁੰਬਲੇ ਨੇ ਕਿਹਾ ਕਿ ਅਜਿਹੀ ਸਫ਼ਲਤਾ ਲਈ ਉਦੇਸ਼ ਲਈ ਪੂਰੀ ਤਰ੍ਹਾਂ ਸਮਰਪਣ ਦੀ ਲੋੜ ਹੁੰਦੀ ਹੈ।
ਕੁੰਬਲੇ ਨੇ ਅਸ਼ਵਿਨ ਦੀ ਖੇਡ ‘ਚ ਸਮਝਦਾਰੀ ਦੀ ਤਾਰੀਫ਼ ਕੀਤੀ। ਉਸ ਨੇ ਕਿਹਾ, “ਜਦੋਂ ਮੈਂ ਭਾਰਤੀ ਟੀਮ ਦਾ ਕੋਚ ਸੀ, ਅਸੀਂ ਇੱਕ ਸਾਲ ਤਕ ਇਕੱਠੇ ਕੰਮ ਕੀਤਾ। ਉਹ ਪੂਰੀ ਤਿਆਰੀ ਨਾਲ ਮੈਦਾਨ ‘ਤੇ ਆਉਂਦਾ ਸੀ। ਅਸ਼ਵਿਨ ਨੂੰ ਉਨ੍ਹਾਂ ਖਿਡਾਰੀਆਂ ਬਾਰੇ ਪੂਰੀ ਜਾਣਕਾਰੀ ਹੁੰਦੀ ਸੀ ਜਿਨ੍ਹਾਂ ਨਾਲ ਉਸ ਨੇ ਮੁਕਾਬਲਾ ਕਰਨਾ ਹੁੰਦਾ ਸੀ।”
ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਅਸ਼ਵਿਨ ਨੇ ਦੇਸ਼ ‘ਚ ਸਪਿਨ ਗੇਂਦਬਾਜ਼ੀ ਦਾ ਚਿਹਰਾ ਬਦਲ ਦਿੱਤਾ ਹੈ। ਉਸ ਨੇ ਕਿਹਾ, “ਮੈਂ ਉਸ ਵਿਰਾਸਤ ਬਾਰੇ ਸੋਚ ਰਿਹਾ ਹਾਂ ਜੋ ਅਸ਼ਵਿਨ ਵਰਗਾ ਖਿਡਾਰੀ ਛੱਡੇਗਾ। ਮੇਰਾ ਮੰਨਣਾ ਹੈ ਕਿ ਉਸ ਨੇ ਆਪਣੇ ਕਰੀਅਰ ‘ਚ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ।”ਦ੍ਰਾਵਿੜ ਨੇ ਕਿਹਾ, “ਸਪਿਨ ਗੇਂਦਬਾਜ਼ੀ ਬਾਰੇ ਸੋਚਦੇ ਹੋਏ, ਉਸ ਨੇ ਸਪਿਨ ਗੇਂਦਬਾਜ਼ੀ ਬਾਰੇ ਸਾਡੀ ਸਮਝ ਅਤੇ ਗਿਆਨ ਨੂੰ ਅੱਗੇ ਵਧਾਇਆ ਹੈ ਜੋ ਕਿ ਇੱਕ ਮਹਾਨ ਵਿਰਾਸਤ ਹੈ। ਉਸ ਨੇ ਸਪਿਨ ਗੇਂਦਬਾਜ਼ੀ ਦੀ ਕਲਾ ਅਤੇ ਵਿਗਿਆਨ ‘ਚ ਬਹੁਤ ਸੁਧਾਰ ਕੀਤਾ ਹੈ।”