ਡਾ. ਸ਼੍ਰੀਕਾਂਤ ਗੌੜ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਸਥਿਤ ਮੈਟਰੋ ਹਸਪਤਾਲ ਵਿੱਚ ਨੌਕਰੀ ਕਰਦੇ ਸਨ। 6 ਜੁਲਾਈ 2017 ਨੂੰ ਉਹ ਡਿਊਟੀ ‘ਤੇ ਪ੍ਰੀਤ ਵਿਹਾਰ ਮੈਟਰੋ ਸਟੇਸ਼ਨ ‘ਤੇ ਪਹੁੰਚੇ, ਉਥੋਂ ਮੈਟਰੋ ਪਕੜ ਕੇ ਉਹ ਦੱਖਣੀ ਦਿੱਲੀ ਦੇ ਗੌਤਮ ਨਗਰ ਸਥਿਤ ਆਪਣੇ ਘਰ ਜਾਂਦੇ ਸਨ ਪਰ ਉਸ ਦਿਨ ਰਾਤ ਦੇ ਸਾਢੇ 11 ਵੱਜ ਚੁੱਕੇ ਸਨ ਅਤੇ ਆਖਿਰ ਮੈਟਰੋ ਟ੍ਰੇਨ ਵੀ ਜਾ ਚੁੱਕੀ ਸੀ। ਹੁਣ ਘਰ ਜਾਣ ਲਈ ਆਟੋ ਰਿਕਸ਼ਾ ਜਾਂ ਟੈਕਸੀ ਸੀ। ਸੁਰੱਖਿਆ ਦੇ ਲਿਹਾਜ ਨਾਲ ਉਸਨੇ ਟੈਕਸੀ ਨੂੰ ਉਚਿਤ ਸਮਝਿਆ।
ਉਹਨਾਂ ਨੇ ਗੌਤਮ ਨਗਰ ਜਾਣ ਲਈ ਫ਼ੋਨ ਤੇ ਓਲਾ ਕੈਬ ਬੁੱਕ ਕੀਤੀ ਤਾਂ ਕੁਝ ਹੀ ਦੇਰ ਵਿੱਚ ਓਲਾ ਕੈਬ ਆ ਗਈ। ਕੈਬ ਵਿੱਚ ਬੈਠ ਕੇ ਡਾ. ਸ਼੍ਰੀਕਾਂਤ ਨੇ ਆਪਣੇ ਨਲ ਕੰਮ ਕਰਨ ਵਾਲੇ ਡਾ. ਰਾਕੇਸ਼ ਕੁਮਾਰ ਨੂੰ ਫ਼ੋਨ ਕਰਕੇ ਦੱਸ ਦਿੱਤਾ ਕਿ ਉਹ ਓਲਾ ਕੈਬ ਤੇ ਘਰ ਜਾ ਰਿਹਾ ਹੈ। ਡਾ. ਰਾਕੇਸ਼ ਹੀ ਉਹਨਾਂ ਨੂੰ ਆਪਣੀ ਕਾਰ ਤੇ ਪ੍ਰੀਤ ਵਿਹਾਰ ਮੈਟਰੋ ਸਟੇਸ਼ਨ ਛੱਡ ਕੇ ਗਏ ਸਨ।
ਅਗਲੇ ਦਿਨ 7 ਜੁਲਾਈ ਨੂੰ ਡਾ. ਸ਼੍ਰੀਕਾਂਤ ਗੌਡ ਆਪਣੀ ਡਿਊਟੀ ਨਹੀਂ ਪਹੁੰਚੇ ਤਾਂ ਡਾ. ਰਾਕੇਸ਼ ਨੇ ਫ਼ੋਨ ਕੀਤਾ। ਉਹਨਾਂ ਦਾ ਫ਼ੋਨ ਸਵਿੱਚ ਆਫ਼ ਸੀ। ਦਿਨ ਵਿੱਚ ਉਹਨਾਂ ਦਾ ਫ਼ੋਨ ਕਦੀ ਬੰਦ ਨਹੀਂ ਹੁੰਦਾ ਸੀ। ਸ਼੍ਰੀਕਾਂਤ ਨੂੰ ਸਿਹਤ ਸਮੱਸਿਆ ਜਾਂ ਕੋਈ ਕੰਮ ਹੁੰਦਾ ਤਾਂ ਉਹ ਹਸਪਤਾਲ ਫ਼ੋਨ ਕਰ ਦਿੰਦਾ ਸੀ ਪਰ ਉਸ ਦਿਨ ਉਹਨਾਂ ਦਾ ਹਸਪਤਾਲ ਵਿੱਚ ਕੋੲ. ਫ਼ੋਨ ਵੀ ਨਹੀਂ ਆਇਆ। ਡਾ. ਰਾਕੇਸ਼ਨੇ ਉਹਨਾਂ ਨੂੰ ਕਈ ਵਾਰ ਫ਼ੋਨ ਕੀਤਾ ਪਰ ਬੰਦ ਮਿਲਿਆ।
ਡਾ. ਰਾਕੇਸ਼ ਨੂੰ ਡਾ. ਸ਼੍ਰੀਕਾਂਤ ਦੀ ਚਿੰਤਾ ਹੋ ਰਹੀ ਸੀ। ਥੋੜ੍ਹੀ ਦੇਰ ਬਾਅਦ ਉਹਨਾਂ ਨੇ ਫ਼ਿਰ ਫ਼ੋਨ ਕੀਤਾ, ਇਸ ਵਾਰ ਫ਼ੋਨ ਦੀ ਘੰਟ. ਵੱਜੀ ਤਾਂ ਫ਼ੋਨ ਰਿਸੀਵ ਹੁੰਦੇ ਹੀ ਕਿਹਾ, ਸ਼੍ਰੀਕਾਂਤ ਭਰਾ, ਕਿੱਥੇ ਹੋ, ਫ਼ੋਨ ਬੰਦ ਕਰ ਦਿੱਤਾ ਹੈ, ਮੈਂ ਪ੍ਰੇਸ਼ਾਨ ਹਾਂ।
ਦੂਜੇ ਪਾਸਿਉਂ ਆਵਾਜ਼ ਆਈ, ਉਸਨੂੰ ਸੁਣ ਕੇ ਉਹ ਡਰ ਗਿਆ। ਉਸਨੇ ਸਿੱਧਾ ਗਾਲੀਆਂ ਦੇਣੀਆਂ ਆਰੰਭ ਕਰ ਦਿੱਤੀਆਂ। ਰਾਕੇਸ਼ ਨੇ ਉਸ ਤੋਂ ਪੁੱਛਣਾ ਚਾਹਿਆ ਕਿ ਕੌਣ ਬੋਲ ਰਿਹਾ ਹੈ ਤਾਂ ਉਸ ਨੇ ਫ਼ੋਨ ਕੱਟ ਦਿੱਤਾ। ਰਾਕੇਸ਼ ਨੂੰ ਲੱਗਿਆ ਕਿ ਸ਼੍ਰੀਕਾਂਤ ਗਲਤ ਆਦਮੀਆਂ ਦੇ ਹੱਥਾਂ ਵਿੱਚ ਫ਼ਸ ਗਿਆ ਹੈ? ਉਸਨੇ ਥਾਣੇ ਜਾ ਕੇ ਰਿਪੋਰਟ ਕੀਤੀ ਅਤੇ 29 ਸਾਲਾ ਡਾ. ਸ਼੍ਰੀਕਾਂਤ ਗੌੜ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ। 7 ਜੁਲਾਈ ਨੂੰ ਓਲਾ ਕੈਬ ਦੇ ਕਸਟਮਰ ਕੇਅਰ ਤੇ ਸਵੇਰੇ 4 ਵਜੇ ਕਿਸੇ ਨੇ ਫ਼ੋਨ ਕਰਕੇ ਕਿਹਾ, ਮੈਂ ਤੁਹਾਡੇ ਕਸਟਮਰ ਨੂੰ ਅਗਵਾ ਕਰ ਲਿਆ ਹੈ, ਤੁਸੀਂ ਆਪਣੇ ਮਾਲਕ ਨਾਲ ਗੱਲ ਕਰਵਾਓ।
ਜਿਸ ਲੜਕੀ ਨੇ ਕਾਲ ਰਿਸੀਵ ਕੀਤੀ, ਉਹ ਦੁਚਿੱਤੀ ਵਿੱਚ ਫ਼ਸ ਗਈ। ਉਸ ਨੇ ਸੋਚਿਆ ਕਿ ਫ਼ੋਨ ਕਰਨ ਵਾਲਾ ਨਸ਼ੇ ਵਿੱਚ ਹੋਵੇਗਾ, ਜੋ ਇਸ ਤਰ੍ਹਾਂ ਗੱਲ ਕਰ ਰਿਹਾ ਹੈ, ਇਸ ਕਰਕੇ ਉਸ ਨੇ ਵੀ ਇਯ ਗੱਲ ਨੂੰ ਗੰਭੀਰਤਾ ਨਾਲ ਲਿਆ।
ਉਸੇ ਦਿਨ ਓਲਾ ਦੇ ਕਸਟਮਰ ਕੇਅਰ ਸੈਂਟਰ ਤੇ ਉਸੇ ਵਿਅਕਤੀ ਦਾ ਫ਼ਿਰ ਫ਼ੋਨ ਆਇਆ, ਮੈਡਮ ਮੈਂ ਓਲਾ ਕੈਬ ਦਾ ਡਰਾਈਵਰ ਰਾਮਵੀਰ ਬੋਲ ਰਿਹਾ ਹਾਂ। ਮੈਂ ਤੁਹਾਡਾ ਕਸਟਮਰ ਅਗਵਾ ਕਰ ਲਿਆ ਹੈ, ਜੇਕਰ ਰਿਹਾਈ ਚਾਹੁੰਦੇ ਹੋ ਤਾਂ 5 ਕਰੋੜ ਰੁਪਏ ਚਾਹੀਦੇ ਹਨ।
ਉਸ ਵਿਅਕਤੀ ਨੇ ਆਪਣੀ ਕੈਬ ਦਾ ਜੋ ਨੰਬਰ ਦੱਸਿਆ, ਕਸਟਮਰ ਕੇਅਰ ਸੈਂਟਰ ਕਰਮਚਾਰੀ ਨੇ ਚੈਕ ਕੀਤਾ ਤਾਂ ਅਸਲ ਵਿੱਚ ਹੀ ਕੈਬ ਰਾਮਵੀਰ ਕੁਮਾਰ ਦੇ ਨਾਂ ਤੇ ਓਲਾ ਕੰਪਨੀ ਵਿੱਚ ਲੱਗੀ ਸੀ। ਕਸਟਮਰ ਕੇਅਰ ਨੇ ਇਹ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਤਾਂ ਪਾਇਆ ਕਿ ਡਿਫ਼ੈਂਸ ਇਨਕਲੇਵ, ਸਿਹਤ ਵਿਹਾਰ ਦੇ ਕੋਲ ਉਸ ਦਾ ਜੀ. ਪੀ. ਐਸ. ਡਿਸਕਨੈਕਟ ਹੋ ਗਿਆ ਸੀ।
ਰਾਮਵੀਰ ਦਾ ਫ਼ੋਨ ਕੰਪਨੀ ਕੋਲ ਸੀ। ਨੰਬਰ ਮਿਲਾਇਆ ਤਾਂ ਉਹ ਬੰਦ ਮਿਲਿਆ। ਇਸ ਤੋਂ ਬਾਅਦ ਇਹ ਜਾਣਕਾਰੀ ਥਾਣੇ ਦਿੱਤੀ। ਥਾਣੇ ਵਿੱਚ ਪਹਿਲਾਂ ਹੀ ਡਾ. ਸ਼੍ਰੀਕਾਂਤ ਦੀ ਗੁੰਮਸ਼ੁਦਗੀ ਦਰਜ ਸੀ। ਇਸ ਤੋਂ ਬਾਅਦ ਡਾ. ਰਾਕੇਸ਼ ਨੂੰ ਥਾਣੇ ਬੁਲਾਇਆ ਅਤੇ ਅਗਵਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਹੁਣ ਮਾਮਲੇ ਦੀ ਗੰਭੀਰਤਾ ਨੂੰ ਦੇਖਿਆ। ਪੁਲਿਸ ਦੀ ਇੱਕ ਟੀਮ ਬਣਾਈ ਗਈ, ਜਿਸ ਵਿੱਚ ਉਚ ਪੁਲਿਸ ਅਧਿਕਾਰੀ ਤਾਇਨਾਤ ਸਨ।
ਟੀਮ ਨੇ ਸਭ ਤੋਂ ਪਹਿਲਾਂ ਇਹ ਪਤਾ ਲਗਾਇਆ ਕਿ ਫ਼ਿਰੌਤੀ ਦੇ ਲਈ ਫ਼ੋਨ ਕਿਹਨਾਂ ਥਾਵਾਂ ਤੋਂ ਕੀਤੇ ਗਏ ਸਨ? ਉਹਨਾਂ ਦੀ ਲੁਕੇਸ਼ਨ ਦੇਖੀ ਗਈ ਅਤੇ ਮੇਰਠ ਮਿਲ ਗਈ। ਦੋ ਪੁਲਿਸ ਟੀਮਾਂ ਮੇਰਠ ਭੇਜੀਆਂ। ਫ਼ੋਨ ਡਾ. ਸ਼੍ਰੀਕਾਂਤ ਦੇ ਮੋਬਾਇਲ ਤੋਂ ਕੀਤੇ ਗਏ ਸਨ ਅਤੇ ਫ਼ੋਨ ਕਰਨ ਬਾਅਦ ਫ਼ੋਨ ਬੰਦ ਕਰ ਦਿੱਤਾ ਜਾਂਦਾ ਸੀ, ਇਸ ਕਰਕੇ ਉਹ ਮੋਬਾਇਲ ਕਿੱਥੇ ਹੈ, ਪਤਾ ਨਹੀਂ ਲੱਗ ਰਿਹਾ ਸੀ।
ਰਾਮਵੀਰ ਦੀ ਕੈਬ ਦੋ ਦਿਨ ਪਹਿਲਾਂ ਹੀ ਓਲਾ ਕੰਪਨੀ ਵਿੱਚ ਲੱਗੀ ਸੀ। ਸ਼੍ਰੀਕਾਂਤ ਗੌਡ ਉਸਦੀ ਪਹਿਲੀ ਸਵਾਰੀ ਸੀ। ਉਹ ਕੈਬ ਉਤਰ ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ ਦੀ ਰਹਿਣ ਵਾਲੀ ਵਿਨੀਤਾ ਦੇਵੀ ਦੇ ਨਾਂ ਖਰੀਦੀ ਗਈ ਸੀ।
ਪੁਲਿਸ ਸ਼ਾਲੀਮਾਰ ਬਾਗ ਪਹੁੰਚੀ ਤਾਂ ਪਤਾ ਲੱਗਿਆ ਕਿ ਇੱਥੇ ਇਸ ਨਾਂ ਦੀ ਕੋਈ ਔਰਤ ਨਹੀਂ ਸੀ। ਯਾਨਿ ਕਾਰ ਦਾ ਮਾਲਕ ਵੀ ਨਕਲੀ ਸੀ। ਵਿਨੀਤਾ ਦਾ ਪੈਨ ਕਾਰਡ ਅਤੇ ਹੋਰ ਦਸਤਾਵੇਜ਼ ਵੀ ਜਾਅਲੀ ਨਿਕਲੇ। ਹੁਣ ਸਮਝ ਆਈ ਕਿ ਇਹ ਅਗਵਾ ਪੂਰੀ ਤਰ੍ਹਾਂ ਯੋਜਨਾਬੱਧ ਹੈ।
ਰਾਮਵੀਰ ਦੇ ਵੀ ਸਾਰੇ ਦਸਤਾਵੇਜ਼ ਜਾਅਲੀ ਪਾਏ ਗਏ। ਜੋ ਤਸਵੀਰ ਲੱਗੀ ਸੀ, ਉਸ ਤੋਂ ਪਛਾਣ ਹੁਣ ਔਖੀ ਸੀ। ਪੁਲਿਸ ਦੇ ਹੱਥ ਕੁਝ ਨਾ ਲੱਗਿਆ।ਪੁਲਿਸ ਇਸ ਗੱਲੋਂ ਵੀ ਪ੍ਰੇਸ਼ਾਨ ਸੀ ਕਿ ਕਿਤੇ ਡਾ. ਸ਼੍ਰੀਕਾਂਤ ਨੂੰ ਨੁਕਸਾਨ ਨਾ ਪਹੁੰਚੇ। ਮਾਮਲੇ ਦੀ ਗੰਭੀਰਤਾ ਦੇਖਦੇ ਹੋਏ ਹੁਣ ਪੁਲਿਸ ਦੀ ਇੱਕ ਹੋਰ ਟੀਮ ਬਣਾਈ ਗਈ। ਪੁਲਿਸ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਆਖਿਰ ਸ਼੍ਰੀਕਾਂਤ ਨੂੰ ਬੰਦੀ ਕਿੱਥੇ ਬਣਾਇਆ ਗਿਆ। ਅਗਵਾ ਨੂੰ ਕਈ ਦਿਨ ਹੋ ਚੁੱਕੇ ਸਨ। ਤੇਲੰਗਾਨਾ ਵਿੱਚ ਡਾ. ਗੌੜ ਦੇ ਘਰ ਵਾਲਿਆ ਨੂੰ ਵੀ ਅਗਵਾਕਾਰਾਂ ਨੇ ਇੱਕ ਵੀਡੀਓ ਭੇਜ ਦਿੱਤਾ ਸੀ। ਉਹ ਵੀ ਦਿੱਲੀ ਪਹੁੰਚਾ ਦਿੱਤੀਆਂ। ਹੁਣ ਵਹੀਕਲ ਚੋਰਾਂ ਤੇ ਨਜ਼ਰ ਪਈ। ਕਰੀਬ 100 ਪੁਲਿਸ ਵਾਲਿਆਂ ਦੀਆਂ ਅਲੱਗ-ਅਲੱਗ ਟੀਮਾਂ ਤਾਇਨਾਤ ਕੀਤੀਆਂ ਗਈਆਂ। ਹੁਣ ਫ਼ਿਰ ਦਸਤਾਵੇਜ਼ ਦੇਖੇ ਤਾਂ ਪਾਇਆ ਕਿ ਇੱਕ ਫ਼ੋਟੋ ਤੇ ਤਾਂਤੀਆ ਮੋਟਰਸ ਮੇਰਠ ਦਾ ਸਟੀਕਰ ਲੱਗਿਆ ਸੀ। ਇੱਥੋਂ 700 ਸਫ਼ੈਦ ਰੰਗ ਦੀਆਂ ਕਾਰਾਂ ਵੇਚੀਆਂ ਗਈਆਂ ਸਨ। ਪੁਲਿਸ ਟੀਮ ਨੇ ਸਫ਼ੈਦ ਰੰਗ ਦੀਆਂ ਸਾਰੀਆਂ ਕਾਰਾਂ ਦੀ ਲਿਸਟ ਦੇਖੀ। ਓਲਾ ਕੰਪਨੀ ਅਧਿਕਾਰੀਆਂ ਨੇ ਸਾਰੇ 700 ਨੰਬਰਾਂ ਨੂੰ ਵੈਰੀਫ਼ਾਈ ਕੀਤਾ ਤਾਂ ਪਤਾ ਲੱਗਿਆ ਕਿ 12 ਮਾਰਚ 2017 ਨੂੰ ਇੱਕ ਡ੍ਰਾਈਵਰ ਸੁਸ਼ੀਲ ਨੂੰ ਕਸਟਮਰਸ ਦੇ ਨਾਲ ਮਾੜਾ ਵਿਵਹਾਰ ਕਰਨ, ਕੰਪਨੀ ਦੇ ਹਿਸਾਬ ਨਾਲ ਹੇਰਾਫ਼ੇਰੀ ਕਰਨ ਵਰਗੀਆਂ ਸ਼ਿਕਾਇਤਾਂ ਦੇ ਕਾਰਨ ਕਾਰ ਸਮੇਤ ਓਲਾ ਤੋਂ ਹਟਾਇਆ ਗਿਆ ਸੀ।
ਪੁਲਿਸ ਨੇ ਸੁਸ਼ੀਲ ਕੁਮਾਰ ਦਾ ਪਤਾ ਲਗਾਇਆ ਤਾਂ ਜਾਣਕਾਰੀ ਮਿਲੀ ਕਿ ਉਹ ਖਤੌਲੀ ਮੇਰਠ ਰੋਡਤੇ ਸਥਿਤ ਪਿੰਡ ਦਾਦਰੀ ਦਾ ਰਹਿਣ ਵਾਲਾ ਸੀ। ਪੁਲਿਸ ਉਥੇ ਪਹੁੰਚੀ ਤਾਂ ਪਤਾ ਲੱਗਿਆ ਕਿ ਉਹ ਵਸੁੰਧਰਾ ਵਿੱਚ ਰਹਿੰਦਾ ਹੈ। ਉਥੇ ਪਤਾ ਕੀਤਾ ਤਾਂ ਉਹ ਘਰ ਨਾ ਮਿਲਿਆ। ਇਸ ਤੋਂ ਬਾਅਦ ਉਸਦੇ ਛੋਟੇ ਭਰਾ ਦਾ ਫ਼ੋਨ ਨੰਬਰ ਮਿਲਿਆ। ਅਗਵਾਕਾਰ ਹਾਲੇ ਵੀ ਓਲਾ ਕੰਪਨੀ ਦੇ ਕਸਟਮਰ ਕੇਅਰ ਤੋਂ 5 ਕਰੋੜ ਮੰਗ ਰਹੇ ਸਨ। ਉਹਨਾਂ ਨੇ 5 ਕਰੋੜ ਦੇ ਫ਼ੋਟੋ ਵਟਸਅਪ ਤੇ ਭੇਜਣ ਲਈ ਕਿਹ। ਪੁਲਿਸ ਨੇ 500 ਰੁਪਏ ਦੇ ਨੋਟਾਂ ਦੇ ਬੰਡਲਾਂ ਦੀਆਂ ਤਸਵੀਰਾਂ ਖਿੱਚ ਕੇ ਭੇਜ ਦਿੱਤੀਆਂ। ਅਗਵਾਕਾਰਾਂ ਨੇ ਕਿਹਾ ਕਿ ਉਹ 2 ਹਜ਼ਾਰ ਦੇ ਨੋਟਾਂ ਵਿੱਚ ਅਗਵਾ ਦੀ ਰਾਸ਼ੀ ਲੈਣਗੇ।
15 ਜੁਲਾਈ ਨੂੰ ਅਗਵਾਕਾਰਾਂ ਨੇ ਕਿਹਾ ਕਿ ਪੈਸੇ ਕਿੱਥੇ ਪਹੁੰਚਾਉਣੇ ਹਨ, ਇਹ ਬਾਅਦ ਵਿੱਚ ਦੱਸਾਂਗੇ। ਉਹਨਾਂ ਨੇ ਇਹ ਵੀ ਕਿਹਾ ਕਿ ਰਕਮ ਮਿਲ ਜਾਣ ਦੇ 4-5 ਘੰਟੇ ਬਾਅਦ ਡਾਕਟਰ ਨੂੰ ਛੱਡ ਦਿੱਤਾ ਜਾਵੇਗਾ। ਇਸ ਫ਼ੋਨ ਦੀ ਲੁਕੇਸ਼ ਬਾਗਪਤ ਦੇ ਕੋਲ ਦੀ ਸੀ। ਡਾਕਟਰ ਨੂੰ ਨੁਕਸਾਨ ਨਾ ਪਹੁੰਚੇ, ਇਸ ਕਰਕੇ ਪੁਲਿਸ ਫ਼ੂਕ-ਫ਼ੂਕ ਕੇ ਕਦਮ ਚੁੱਕ ਰਹੀ ਸੀ।
16 ਜੁਲਾਈ ਨੂੰ ਦੁਪਹਿਰੇ ਅਨੁਜ ਦਾ ਫ਼ੋਨ ਆਨ ਹੋਇਆ ਤਾਂ ਉਸ ਦੀ ਲੁਕੇਸ਼ਨ ਖਤੌਲੀ ਦੀ ਮਿਲੀ। ਦਿੱਲੀ ਪੁਲਿਸ ਦੀ ਸੂਚਨਾ ਤੇ ਉਥੋਂ ਦੀ ਲੁਕੇਸ਼ਨ ਪੁਲਿਸ ਅਤੇ ਐਸ. ਟੀ. ਐਫ਼. ਵੀ ਉਥੇ ਪਹੁੰਚੀ ਤਾਂ ਦੌਰਾਲਾ ਦੇ ਕੋਲ ਵੈਗਨ-ਆਰ ਕਾਰ ਦਿਖਾਈ ਦਿੱਤੀ। ਪੁਲਿਸ ਨੇ ਉਸ ਕਾਰ ਦਾ ਪਿੱਛਾ ਕੀਤਾ ਤਾਂ ਉਹ ਕਾਰ ਨੂੰ ਦੌੜਾਉਂਦੇ ਹੋਏ ਸਕੌਤੀ ਬਾਜ਼ਾਰ ਵੱਲ ਲੈ ਗਏ।
ਪੁਲਿਸ ਸਾਦੇ ਕੱਪੜਿਆਂ ਵਿੱਚ ਤਾਇਨਾਤ ਸੀ। ਪੁਲਿਸ ਨੇ ਕਾਰ ਦਾ ਪਿੱਛਾ ਕੀਤਾ ਤਾਂ ਉਹ ਤੇਜ਼ੀ ਨਾਂਲ ਰੇਲਵੇ ਫ਼ਾਟਕ ਪਾਰ ਕਰ ਗਈ, ਜਦਕਿ ਪੁਲਿਸ ਭੀੜ ਵਿੱਚ ਫ਼ਸ ਗਈ। ਇਸੇ ਵਿੱਚਕਾਰ ਪੀਰਪੁਰ ਪਿੰਡ ਦੇ ਕੋਲ ਵੈਗਨ ਆਰ ਦਾ ਟਾਇਰ ਪੰਚਰ ਹੋ ਗਿਆ ਤਾਂ ਚਾਲਕ ਕਾਰ ਨੂੰ ਉਥੇ ਛੱਡ ਕੇ ਗੰਨੇ ਦੇ ਖੇਤਾਂ ਵਿੱਚ ਲੁਕ ਗਏ। ਕੁਝ ਦੇਰ ਵਿੱਚ ਉਥੇ ਭਾਰੀ ਤਾਦਾਦ ਵਿੱਚ ਪੁਲਿਸ ਪਹੁੰਚ ਗਈ ਅਤੇ ਡ੍ਰਾਈਵਰ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਸੁਸ਼ੀਲ ਦੇ ਘਰ ਵਾਲਿਆਂ ਅਤੇ ਰਿਸ਼ਤੇਦਾਰਾਂ ਤੇ ਦਬਾਅ ਪਾਇਆ।
16 ਜੁਲਾਈ ਦੀ ਰਾਤ ਨੂੰ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਸੁਸ਼ੀਲ ਦਾ ਇੱਕ ਸਾਥੀ ਹੈ ਪ੍ਰਮੋਦ ਜੋ ਮੁਜੱਫ਼ਰਨਗਰ ਦੇ ਮੀਰਾਪੁਰ ਪਿੰਡ ਵਿੱਚ ਰਹਿੰਦਾ ਹੈ। ਉਸ ਦੇ ਕੋਲ ਦਿੱਲੀ ਦੇ ਨੰਬਰ ਦੀ ਇੱਕ ਆਲਟੋ ਕਾਰ ਹੈ। ਕਿਸੇ ਤਰ੍ਹਾਂ ਪ੍ਰਮੋਦ ਨੂੰ ਭਿਣਕ ਲੱਗ ਗਈ ਸੀ ਕਿ ਦਿੱਲੀ ਪੁਲਿਸ ਇਲਾਕੇ ਵਿੱਚ ਡੇਰਾ ਲਗਾਈ ਬੈਠੀ ਹੈ। ਇਸ ਕਰਕੇ ਪੁਲਿਸ ਦੇ ਮੀਰਪੁਰ ਪਹੁੰਚਣ ਤੋਂ ਪਹਿਲਾਂ ਹੀ ਉਹ ਘਰ ਤੋਂ ਫ਼ਰਾਰ ਹੋ ਗਿਆ।
17 ਜੁਲਾਈ ਨੂੰ ਪੁਲਿਸ ਨੂੰ ਸੁਸ਼ੀਲ ਦੇ ਸਾਥੀ ਗੌਰਵ ਦੇ ਬਾਰੇ ਜਾਣਕਾਰੀ ਮਿਲੀ, ਜੋ ਮੇਰਠ ਸ਼ਹਿਰ ਵਿੱਚ ਸੁਭਾਰਤੀ ਹਸਪਤਾਲ ਦੇ ਕੋਲ ਰਹਿੰਦਾ ਸੀ। ਕਰੀਬ 2 ਘੰਟੇ ਦੀ ਮਿਹਨਤ ਤੋਂ ਬਾਅਦ ਪੁਲਿਸ ਨੇ ਉਸ ਦਾ ਕਮਰਾ ਲੱਭ ਲਿਆ ਪਰ ਉਹ ਵੀ ਕਮਰੇ ਵਿੱਚ ਨਾ ਮਿਲਿਆ। ਲੋਕਾਂ ਨੇ ਦੱਸਿਆ ਕਿ ਉਹ ਇੱਥੇ ਕਿਰਾਏ ਤੇ ਰਹਿੰਦਾ ਸੀਅਤੇ 2 ਦਿਨ ਪਹਿਲਾਂ ਜਾ ਚੁੱਕਾ ਹੈ।
19 ਜੁਲਾਈ ਨੂੰ ਮੁਖਬਰਾਂ ਤੋਂ ਪਤਾ ਲੱਗਿਆ ਕਿ ਪ੍ਰਮੋਦ ਮੀਰਾਪੁਰ ਦੇ ਰਹਿਣ ਵਾਲੇ ਅਮਿਤ ਦੇ ਨਾਲ 3-4 ਦਿਨਾਂ ਤੋਂ ਘੁੰਮ ਰਿਹਾ ਹੈ। ਕਿਸੇ ਤਰ੍ਹਾਂ ਅਮਿਤ ਪੁਲਿਸ ਦੇ ਧੱਕੇ ਚੜ੍ਹ ਗਿਆ। ਉਸ ਨੇ ਦੱਸਿਆ ਕਿ ਡਾਕਟਰ ਹਾਲੇ ਠੀਕ ਹੈ, ਪ੍ਰਮੋਦ ਹੀ ਡਾਕਟਰ ਨੂੰ ਅਲੱਗ-ਅਲੱਗ ਥਾਵਾਂ ਤੇ ਰੱਖ ਰਿਹਾ ਹੈ। ਇਸ ਵਕਤ ਉਹ ਪਰਤਾਪੁਰ ਦੇ ਸ਼ਤਾਬਦੀ ਨਗਰ ਵਿੱਚ ਹੈ।
ਪੁਲਿਸ ਉਸਨੂੰ ਸ਼ਤਾਬਦੀ ਨਗਰ ਪਹੁੰਚੀ ਤਾਂ ਪਤਾ ਲੱਗਿਆ ਕਿ ਉਹ ਸੋਹਨਵੀਰ ਦੇ ਮਕਾਨ ਵਿੱਚ ਹੈ। ਪੁਲਿਸ ਨੇ ਉਸ ਘਰ ਨੂੰ ਚਾਰੇ ਪਾਸਿਉਂ ਘੇਰ ਲਿਆ। ਭਾਰੀ ਗਿਣਤੀ ਵਿੱਚ ਹਥਿਆਰਬੰਦ ਪੁਲਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ। ਪੁਲਿਸ ਨੇ ਲੋਕਾਂ ਨੂੰ ਹਦਾਇਤ ਦਿੱਤੀ ਕਿ ਕਾਰਵਾਈ ਚੱਲਣ ਤੱਕ ਉਹ ਆਪਣੇ ਘਰ ਤੋਂ ਨਾ ਨਿਕਲੇ।
ਸੋਹਨਵੀਰ ਦੇ ਘਰ ਮੌਜੂਦ ਬਦਮਾਸ਼ਾਂ ਨੂੰ ਜਦੋਂ ਪਤਾ ਲੱਗਿਆ ਕਿ ਉਹ ਘਿਰ ਗਏ ਹਨ ਤਾਂ ਉਹਨਾਂ ਨੇ ਪੁਲਿਸ ਤੇ ਫ਼ਾਇਰਿੰਗ ਕਰ ਦਿੱਤੀ। ਪੁਲਿਸ ਦੀ ਗੋਲੀ ਨਾਲ ਪ੍ਰਮੋਦ ਜ਼ਖਮੀ ਹੋ ਗਿਆ। ਕਿਸੇ ਤਰ੍ਹਾਂ ਪੁਲਿਸ ਮਕਾਨ ਵਿੱਚ ਵੜੀ, ਜਿੱਥੇ ਡਾ. ਸ਼੍ਰੀਕਾਂਤ ਨੂੰ ਬੰਦੀ ਬਣਾਇਆ ਹੋਇਆ ਸੀ। ਪੁਲਿਸ ਨੇ ਡਾਕਟਰ ਨੂੰ ਸੁਰੱਖਿਅਤ ਆਪਣੇ ਕਬਜੇ ਵਿੱਚ ਲਿਆ। ਮੌਕੇ ਤੇ ਪੁਲਿਸ ਨੇ ਨੇਪਾਲ, ਵਿਵੇਕ ਉਰਫ਼ ਮੋਦੀ ਅਤੇ ਪ੍ਰਮੋਦ ਨੂੰ ਗ੍ਰਿਫ਼ਤਾਰ ਕਰ ਲਿਆ। ਡਾ. ਗੌੜ ਦੀ ਸੁਰੱਖਿਅਤ ਬਰਾਮਦਗੀ ਨਾਲ ਪੁਲਿਸ ਨੂੰ ਰਾਹਤ ਮਿਲੀ।
ਫ਼ਿਲਹਾਲ ਮੁੱਖ ਦੋਸ਼ੀਆਂ ਸੁਸ਼ੀਲ ਅਤੇ ਅਨੁਜ ਨੂੰ ਗ੍ਰਿਫ਼ਤਾਰ ਕਰਨਾ ਜ਼ਰੂਰੀ ਸੀ। ਪੁਲਿਸ ਟੀਮਾਂ ਇਹਨਾਂ ਦੋਵੇਂ ਦੋਸ਼ੀਆਂ ਦੀ ਭਾਲ ਵਿੱਚ ਸਨ। ਇਹਨਾਂ ਦੀ ਗ੍ਰਿਫ਼ਤਾਰੀ ਲਈ 50 ਹਜ਼ਾਰ ਦਾ ਇਨਾਮ ਵੀ ਰੱਖਿਆ। ਇੱਕ ਸੂਚਨਾ ਦੇ ਆਧਾਰ ਤੇ ਪੁਲਿਸ ਨੇ 4 ਅਗਸਤ 2017 ਨੂੰ ਸੁਸ਼ੀਲ ਅਤੇ ਅਨੁਜ ਨੂੰ ਮੇਰਠ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਨਗਲੀ ਗੇਟ ਤੋਂ ਗ੍ਰਿਫ਼ਤਾਰ ਕਰ ਲਿਆਂਦਾ।
ਇਸ ਤੋਂ ਬਾਅਦ ਇਸ ਸਾਰੀ ਵਾਰਦਾਤ ਦਾ ਪਤਾ ਲੱਗਿਆ। ਸੁਸ਼ੀਲ ਕੁਮਾਰ ਮੂਲ ਤੌਰ ਤੇ ਉਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਦੌਰਾਲਾ ਥਾਣੇ ਦੇ ਦਾਦਰੀ ਪਿੰਡ ਦੇ ਰਹਿਣ ਵਾਲੇ ਸਤਬੀਰ ਦਾ ਲੜਕਾ ਸੀ। ਉਹ ਪੇਸ਼ੇ ਤੋਂ ਡਾਕਟਰ ਸੀ। ਕਿਸੇ ਦੋਸਤ ਨੇ ਉਸਨੂੰ ਦੱਸਿਆ ਕਿ ਓਲਾ ਕੰਪਨੀ ਵਿੱਚ ਟੈਕਸੀ ਦੇ ਰੂਪ ਵਿੱਚ ਗੱਡੀ ਲਗਾ ਦੇਣ ਨਾਲ ਮਹੀਨੇ ਵਿੱਚ ਵਧੀਆ ਆਮਦਨ ਹੋ ਜਾਂਦੀ ਹੈ। ਦੋਸਤ ਦੀ ਸਲਾ ਤੇ ਉਸ ਨੇ ਮੇਰਠ ਦੀ ਤਾਂਤੀਆ ਮੋਟਰਜ਼ ਤੋਂ ਵੈਗਨ ਆਰ ਖਰੀਦੀ ਅਤੇ ਕੰਪਨੀ ਵਿੱਚ ਲਗਾ ਦਿੱਤਾ।
ਇਹ ਸੰਨ 2014 ਦੀ ਗੱਲ ਹੈ। ਦਿੱਲੀ ਤੋਂ ਰੋਜ਼ਾਨਾ ਪਿੰਡ ਜਾਣਾ ਸੌਖਾ ਨਹੀਂ ਸੀ, ਇਸ ਕਰਕੇ ਉਹ ਵਸੁੰਧਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਚੰਗੀ ਕਮਾਈ ਹੋਣ ਲੱਗੀ ਤਾਂ ਉਹ ਆਪਣੇ ਛੋਟੇ ਭਰਾ ਅਨੁਜ ਨੂੰ ਵੀ ਇੱਕ ਕਾਰ ਦਿਵਾ ਕੇ ਇੱਥੇ ਲੈ ਆਇਆ।
ਇਸੇ ਦੌਰਾਨ ਸੁਸ਼ੀਲ ਦੇ ਦਿਮਾਗ ਵਿੱਚ ਲਾਲਚ ਆ ਗਿਆ। ਉਸ ਨੇ ਨਕਲੀ ਆਈ. ਡੀ. ਤੇ ਰੋਜ਼ਾਨਾ 20 ਬੁਕਿੰਗ ਕਰਨੀ ਆਰੰਭ ਕਰ ਦਿੱਤੀ। ਇਸ ਕਾਰਨ ਰੋਜ਼ਾਨਾ 20 ਹਜ਼ਾਰ ਦੀ ਆਮਦਨ ਹੋਣ ਲੱਗੀ।ਸੁਸ਼ੀਲ ਮੋਟੀ ਕਮਾਈ ਕਰਨ ਲੱਗਿਆ ਤਾਂ ਉਸਨੂੰ ਘੁਮੰਡ ਹੋ ਗਿਆ। ਜਿਸ ਨਾਲ ਉਹ ਗਾਹਕਾਂ ਨਾਲ ਮਾੜਾ ਵਤੀਰਾ ਵੀ ਕਰਨ ਲੱਗਿਆ। ਇਹ ਸ਼ਿਕਾਇਤਾਂ ਓਲਾ ਕੰਪਨੀ ਤੱਕ ਵੀ ਪਹੁੰਚੀਆਂ ਤਾਂ ਜਾਂਚ ਆਰੰਭ ਕਰ ਦਿੱਤੀ। ਜਾਂਚ ਵਿੱਚ ਨਕਲੀ ਆਈ. ਡੀ. ਤੇ ਬੁਕਿੰਗ ਕਰਨ ਦੀ ਗੱਲ ਸਾਹਮਣੇ ਆਈ।
ਇਸ ਤੋਂ ਬਾਅਦ ਉਸ ਦੀਆਂ ਦੋਵੇਂ ਗੱਡੀਆਂ ਓਲਾ ਕੰਪਨੀ ਤੋਂ ਹਟਾ ਦਿੱਤੀਆਂ। ਓਲਾ ਕੰਪਨੀ ਤੋਂ ਗੱਡੀਆਂ ਹਟਣ ਦੇ ਬਾਅਦ ਦੋਵਾਂ ਨੂੰ ਵੱਡਾ ਝਟਕਾ ਲੱਗਿਆ। ਉਹਨਾਂ ਨੇ ਤਹਿ ਕੀਤਾ ਕਿ ਉਹ ਕੰਪਨੀ ਨੂੰ ਸਬਕ ਸਿਖਾਉਣਗੇ।
ਇਸ ਤੋਂ ਪਹਿਲਾਂ ਵੀ ਉਹ ਇੱਕ ਬਿਜਨਸਮੈਨ ਨੂੰ ਅਗਵਾ ਕਰ ਚੁੱਕੇ ਸਨ ਅਤੇ 1 ਕਰੋੜ ਲੈ ਚੁੱਕੇ ਸਨ। ਇੱਕ ਵਾਰ ਉਹਨਾਂ ਨੇ ਅਖਬਾਰ ਵਿੱਚ ਖਬਰ ਪੜ੍ਹੀ, ਬਲਾਤਕਾਰ ਪੀੜਤਾ ਨੇ ਉਬਰ ਤੇ ਠੋਕਿਆ ਕੇਸ।ਇਹ ਖਬਰ ਪੜ੍ਹਨ ਤੋਂ ਬਾਅਦ ਸੁਸ਼ੀਲ ਦੇ ਦਿਮਾਗ ਵਿੱਚ ਆਈਡੀਆ ਆਇਆ ਕਿ ਜੇਕਰ ਓਲਾ ਦੇ ਕਿਸੇ ਕਸਟਮਰ ਨੂੰ ਅਗਵਾ ਕਰ ਲਿਆ ਜਾਵੇ ਤਾਂ ਉਸ ਦੀ ਫ਼ਿਰੌਤੀ ਓਲਾ ਤੋਂ ਮੰਗੀ ਜਾ ਸਕਦੀ ਹੈ ਕਿਉਂਕਿ ਸਵਾਰੀ ਦੀ ਜ਼ਿੰਮੇਵਾਰੀ ਕੰਪਨੀ ਦੀ ਹੁੰਦੀ ਹੈ।ਇਸ ਤੋਂ ਬਾਅਦ ਉਹਨਾਂ ਨੇ ਸਕੀਮ ਲਗਾਈ ਅਤੇ ਵਿਨੀਤਾ ਦੇ ਨਾਂ ਤੇ ਆਪਣੀ ਵੈਗਨ ਆਰ ਕਾਰ ਦੇ ਨਕਲੀ ਕਾਗਜ਼ ਬਣਵਾ ਲਏ, ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਵੀ ਬਦਲ ਦਿੱਤਾ। ਵਿਨੀਤਾ ਦੇ ਨਾਂ ਤੇ ਇੱਕ ਪੈਨ ਕਾਰਡ ਅਤੇ ਆਧਾਰ ਕਾਰਡ ਬਣਵਾ ਲਿਆ। ਗੱਡੀ ਦੇ ਕਾਗਜ਼ਾਂ ਨਾਲ ਡ੍ਰਾਈਵਰ ਦੇ ਕਾਗਜ਼ ਵੀ ਜਾਹਲੀ ਸਨ।
ਸਵਾਰੀ ਨੂੰ ਕਿਡਨੈਪ ਕਰਕੇ ਲਿਜਾਣਾ ਹੈ, ਇਹ ਯੋਜਨਾ ਉਸ ਨੇ ਮੇਰਠ ਦੇ ਰਹਿਣ ਵਾਲੇ ਆਪਣੇ ਦੋਸਤ ਪ੍ਰਮੋਦ ਕੁਮਾਰ, ਮੁਜੱਫ਼ਰਨਗਰ ਦੇ ਪਿੰਡ ਖਾਦੀ ਦੇ ਅਮਿਤ ਕੁਮਾਰ, ਸਹਾਰਨਪੁਰ ਦੇ ਪਿੰਡ ਸ਼ਬੀਰਪੁਰ ਦੇ ਨੇਪਾਲ ਉਰਫ਼ ਗੋਵਰਧਨ, ਵਿਵੇਕ ਉਰਫ਼ ਮੋਦੀ ਅਤੇ ਗੌਰਵ ਦੇ ਨਾਲ ਮਿਲ ਕੇ ਪਹਿਲਾਂ ਹੀ ਬਣਾ ਲਈ ਸੀ। ਹੁਣ ਉਹਨਾਂ ਨੂੰ ਪਹਿਲੀ ਸਵਾਰੀ ਜਾਂ ਕਹੋ ਸ਼ਿਕਾਰ ਦਾ ਇੰਤਜ਼ਾਰ ਸੀ। ਇਤਫ਼ਾਕ ਵੱਸ4 ਜੁਲਾਈ ਨੂੰ ਸੁਸ਼ੀਲ ਨੂੰ ਬੁਕਿੰਗ ਮਿਲ ਗਈ। ਸੁਸ਼ੀਲ ਨੇ ਕਸਟਮਰ ਤੋਂ ਪੁੱਛਿਆ ਕਿ ਕਿੰਨੀਆਂ ਸਵਾਰੀਆਂ ਹਨ, ਜਦੋਂ ਕਸਟਮਰ ਨੇ ਦੱਸਿਆ ਕਿ 3 ਸਵਾਰੀਆਂ ਹਨ ਤਾਂ ਉਸ ਨੇ ਬਹਾਨਾ ਬਣਾ ਕੇ ਜਾਣ ਤੋਂ ਇਨਕਾਰ ਕਰ ਦਿੱਤਾ।
6 ਜੁਲਾਈ ਨੂੰ ਬੁਕਿੰਗ ਮਿਲੀ। ਸੁਸ਼ੀਲ ਨੇ ਡਾ. ਗੌੜ ਤੋਂ ਪੁੱਛਿਆ ਕਿ ਨਾਲ ਕਿੰਨੀਆਂ ਸਵਾਰੀਆਂ ਹਨ, ਜਦੋਂ ਪਤਾ ਲੱਗਿਆ ਕਿ ਉਹ ਇੱਕੱਲਾ ਹੈ ਤਾਂ ਸੁਸ਼ੀਲ ਨੇ ਆਪਣੇ ਸਾਥੀਆਂ ਨੂੰ ਐਲਰਟ ਕਰ ਦਿੱਤਾ। ਡਾ. ਗੌੜ ਨੂੰ ਪ੍ਰੀਤ ਵਿਹਾਰ ਮੈਟਰੋ ਸਟੇਸ਼ਨ ਦੇ ਕੋਲ ਲਿਜਾ ਕੇ ਚੱਲਣ ਤੋਂ ਬਾਅਦ ਕੁਝ ਦੂਰੀ ਚੱਲਣ ਤੇ ਉਸ ਨੇ ਗੱਡੀ ਵਿੱਚ ਲੱਗਿਆ ਜੀ. ਪੀ. ਐਸ. ਸਿਸਟਮ ਬੰਦ ਕਰ ਦਿੱਤਾ। ਉਹ ਲਕਸ਼ਮੀ ਨਗਰ ਵੱਲ ਵਧਿਆ, ਅੱਗੇ ਸੈਂਟਰੋ ਕਾਰ ਮਿਲੀ, ਜਿਸ ਵਿੱਚ ਉਸ ਦਾ ਭਰਾ ਅਨੁਜ ਆਪਣੇ ਸਾਥੀਆਂ ਗੌਰਵ ਅਤੇ ਵਿਵੇਕ ਨਾਲ ਬੈਠਾ ਸੀ। ਸੈਂਟਰੋ ਕਾਰ ਕੋਲ ਸੁਸ਼ੀਲ ਨੇ ਕੈਬ ਰੋਕ ਦਿੱਤੀ ਤਾਂ ਉਸ ਵਿੱਚ ਅਨੁਜ ਅਤੇ ਗੌਰਵ ਉਤਰ ਕੇ ਸੁਸ਼ੀਲ ਦੀ ਕੈਬ ਵਿੱਚ ਬੈਠ ਗਏ।
ਇਸ ਤੋਂ ਬਾਅਦ ਡਾਕਟਰ ਨੂੰ ਅਗਵਾ ਕਰ ਲਿਆ ਅਤੇ ਸਵੇਰੇ 4 ਵਜੇ ਦੇ ਕਰੀਬ ਸੁਸ਼ੀਲ ਨੇ ਓਲਾ ਕੰਪਨੀ ਦੇ ਕਸਟਮਰ ਕੇਅਰ ਨੰਬਰ ਤੇ ਫ਼ੋਨ ਕਰਕੇ ਕਸਟਮਰ ਡਾ. ਸ਼੍ਰੀਕਾਂਤ ਦਾ ਅਗਵਾ ਕਰਨ ਦੀ ਸੂਚਨਾ ਦੇ ਦਿੱਤੀ।ਸੁਸ਼ੀਲ ਅਲੱਗ ਅਲੱਗ ਥਾਵਾਂ ਤੇ ਜਾ ਕੇ ਡਾਕਟਰ ਦੇ ਘਰ ਵਾਲਿਆਂ ਅਤੇ ਓਲਾ ਕੰਪਨੀ ਵਿੱਚ ਫ਼ੋਨ ਕਰਕੇ ਫ਼ਿਰੌਤੀ ਦੀ 5 ਕਰੋੜ ਦੀ ਰਕਮ ਮੰਗਦਾ ਸੀ। ਇੰਨਾ ਹੀ ਨਹੀਂ ਡਾਕਟਰ ਦੀਆਂ ਤਿੰਨ ਵੀਡੀਓ ਬਣਾ ਕੇ ਵੀ ਭੇਜੀਆਂ। ਸੁਸ਼ੀਲ ਨੇ ਓਲਾ ਕੰਪਨੀ ਦੇ ਅਧਿਕਾਰੀਆਂ ਨੂੰ ਇੰਨਾ ਡਰਾ ਦਿੱਤਾ ਕਿ ਉਹ 5 ਕਰੋੜ ਦੇਣ ਲਈ ਤਿਆਰ ਹੋ ਗਏ। ਸਾਦੇ ਕੱਪੜਿਆਂ ਵਿੱਚ ਦਿੱਲੀ ਪੁਲਿਸ 5 ਕਰੋੜ ਲੈ ਕੇ ਬਾਗਪਤ ਦੇ ਕੋਲ ਪਹੁੰਚੀ ਵੀ ਸੀ, ਪਰ ਸ਼ੰਕਾ ਹੋਣ ਤੇ ਉਹ ਫ਼ਰਾਰ ਹੋ ਗਏ।ਪੁਲਿਸ ਨੇ ਜਦੋਂ ਸੁਸ਼ੀਲ ਅਤੇ ਅਨੁਜ ਦੀ ਪਤਨੀ ਸਮੇਤ ਪਰਿਵਾਰ ਦੇ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਤਾਂ ਉਹ ਪ੍ਰੇਸ਼ਾਨ ਹੋ ਗਏ। ਬਾਅਦ ਵਿੱਚ ਮੁਖਬਰਾਂ ਦੀ ਸੂਚਨਾਂ ਤੇ ਮੇਰਠ ਦੇ ਨਗਲੀ ਗੇਟ ਇਲਾਕੇ ਤੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੁਸ਼ੀਲ ਅਤੇ ਅਨੁਜ ਤੋਂ ਪੁੱਛਗਿੱਛ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ।