ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੀ ਬਾਗਲੀ ਤਹਿਸੀਲ ਦੇ ਪਿੰਡ ਸਿਵਾਨਪਾਣੀ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 15 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਨੇ ਯੂ-ਟਿਊਬ ਤੋਂ ਇਕ ਵੀਡੀਓ ਦੇਖ ਕੇ ਪਟਾਕੇ ਨਾਲ ਚੱਲਣ ਵਾਲੀ ਬੰਦੂਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਇਹ ਉਤਸੁਕਤਾ ਜਾਨਲੇਵਾ ਸਾਬਤ ਹੋਈ।
ਦੱਸ ਦੇਈਏ ਕਿ ਇਹ ਘਟਨਾ 15 ਸਾਲਾ ਵਿਜੇ ਨਾਲ ਵਾਪਰੀ, ਜਿਸ ਨੇ ਯੂ-ਟਿਊਬ ‘ਤੇ ਇਕ ਵੀਡੀਓ ਦੇਖਿਆ ਸੀ, ਜਿਸ ਵਿਚ ਦਿਖਾਇਆ ਗਿਆ ਸੀ ਕਿ ਪਟਾਕੇ ਨਾਲ ਚੱਲਣ ਵਾਲੀ ਬੰਦੂਕ ਕਿਵੇਂ ਬਣਾਈ ਜਾਂਦੀ ਹੈ। ਵਿਜੇ ਨੇ ਵੀਡੀਓ ਦੇਖ ਕੇ ਉਸ ਬੰਦੂਕ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ 10 ਰੁਪਏ ਦਾ ਸਿੱਕਾ ਐਲੂਮੀਨੀਅਮ ਦੀ ਪਾਈਪ ਵਿੱਚ ਫਸਾ ਦਿੱਤਾ ਅਤੇ ਫਿਰ ਉਸ ਵਿੱਚ ਬਾਰੂਦ ਪਾ ਕੇ ਅੱਗ ਲਗਾ ਦਿੱਤੀ। ਜਿਵੇਂ ਹੀ ਬਾਰੂਦ ਨਾਲ ਧਮਾਕਾ ਹੋਇਆ, ਦਬਾਅ ਕਾਰਨ 10 ਰੁਪਏ ਦਾ ਸਿੱਕਾ ਸਿੱਧਾ ਵਿਜੇ ਦੇ ਗਲੇ ਵਿੱਚ ਚਲਾ ਗਿਆ। ਜਿਸ ਤੋਂ ਬਾਅਦ ਵਿਜੇ ਦੀ ਗਰਦਨ ‘ਚੋਂ ਖੂਨ ਵਹਿਣ ਲੱਗਾ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੇਖਿਆ ਤਾਂ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵਿਜੇ ਦੀ ਮੌਤ ਦਾ ਪਤਾ ਲੱਗਣ ‘ਤੇ ਉਸ ਦੇ ਪਰਿਵਾਰ ਵਾਲੇ ਅਤੇ ਆਸ-ਪਾਸ ਦੇ ਲੋਕ ਹੈਰਾਨ ਸਨ, ਕਿਉਂਕਿ ਖੇਡਦੇ ਸਮੇਂ ਬੱਚੇ ਦੀ ਅਚਾਨਕ ਮੌਤ ਕਿਵੇਂ ਹੋ ਗਈ, ਇਹ ਕੋਈ ਸਮਝ ਨਹੀਂ ਸਕਿਆ। ਪੋਸਟਮਾਰਟਮ ਦੌਰਾਨ ਪਤਾ ਲੱਗਾ ਕਿ ਉਸ ਦੇ ਗਲੇ ਵਿਚ 10 ਰੁਪਏ ਦਾ ਸਿੱਕਾ ਫਸ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗਲੇ ਦਾ ਐਕਸਰੇ ਵੀ ਕਰਵਾਇਆ ਗਿਆ, ਜਿਸ ਤੋਂ ਮੌਤ ਦੇ ਕਾਰਨਾਂ ਦਾ ਪਤਾ ਲੱਗਾ। ਪੁਲਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ, ਤਾਂ ਜੋ ਸਾਰੀ ਘਟਨਾ ਦੀ ਤਹਿ ਤੱਕ ਪਹੁੰਚਿਆ ਜਾ ਸਕੇ।
ਇਸ ਘਟਨਾ ਨੇ ਇਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਬੱਚਿਆਂ ਦਾ ਮੋਬਾਈਲ ਅਤੇ ਇੰਟਰਨੈੱਟ ‘ਤੇ ਬਿਨਾਂ ਨਿਗਰਾਨੀ ਦੇ ਸਮਾਂ ਬਿਤਾਉਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ। ਯੂਟਿਊਬ ਵਰਗਾ ਪਲੇਟਫਾਰਮ ਬੱਚਿਆਂ ਲਈ ਇੱਕ ਚੰਗਾ ਵਿਦਿਅਕ ਮਾਧਿਅਮ ਹੋ ਸਕਦਾ ਹੈ ਪਰ ਇਸ ਪਲੇਟਫਾਰਮ ‘ਤੇ ਕੁਝ ਖ਼ਤਰਨਾਕ ਜਾਣਕਾਰੀ ਵੀ ਪਾਈ ਜਾ ਸਕਦੀ ਹੈ, ਜਿਸ ਨੂੰ ਬੱਚੇ ਚੰਗੀ ਤਰ੍ਹਾਂ ਸਮਝੇ ਬਿਨਾਂ ਕੋਸ਼ਿਸ਼ ਕਰਦੇ ਹਨ। ਇਸੇ ਲਈ ਬੱਚਿਆਂ ਨੂੰ ਮੋਬਾਈਲ ਫੋਨ ਦੇਣ ਸਮੇਂ ਮਾਪੇ ਧਿਆਨ ਦੇਣ ਕਿ ਉਹਨਾਂ ਦੇ ਬੱਚੇ ਮੋਬਾਈਲ ਫੋਨ ‘ਤੇ ਕਿਹੜੀਆਂ ਗਤੀਵਿਧੀਆਂ ਕਰ ਰਹੇ ਹਨ।