ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ 19 ਸਾਲਾ ਇੰਜੀਨੀਅਰ ਵਿਦਿਆਰਥਣ ਨਾਲ ਜਬਰ ਜ਼ਿਨਾਹ ਅਤੇ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ‘ਚ ਦੋਸ਼ੀ ਠਹਿਰਾਏ ਗਏ 30 ਸਾਲਾ ਵਿਅਕਤੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ ‘ਤੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ। ਜੱਜ ਸੂਰੀਆਕਾਂਤ, ਜੱਜ ਪੰਕਜ ਮਿਥਲ ਅਤੇ ਜੱਜ ਉੱਜਲ ਭੂਈਆਂ ਦੀ ਬੈਂਚ ਨੇ ਹੇਠਲੀ ਅਦਾਲਤ ਅਤੇ ਹਾਈ ਕੋਰਟ ਦੇ ਰਿਕਾਰਡ ਦੀ ਅਨੁਵਾਦਿਤ ਕਾਪੀ ਮੰਗੀ।
ਬੈਂਚ ਨੇ ਕਿਹਾ,”ਮੌਤ ਦੀ ਸਜ਼ਾ ਦੀ ਤਾਮੀਲ ‘ਤੇ ਰੋਕ ਰਹੇਗੀ। ਰਜਿਸਟਰੀ ਆਨਲਾਈਨ ਕਾਪੀ ਤੋਂ ਇਲਾਵਾ ਹੇਠਲੀ ਅਦਾਲਤ ਅਤੇ ਹਾਈ ਕੋਰਟ ਤੋਂ ਰਿਕਾਰਡ ਦੀ ਕਾਪੀ ਹਾਸਲ ਕਰੇ।” ਝਾਰਖੰਡ ਹਾਈ ਕੋਰਟ ਨੇ ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਰਹਿਣ ਵਾਲੇ ਰਾਹੁਲ ਰਾਜ ਨੂੰ ਹੇਠਲੀ ਅਦਾਲਤ ਵਲੋਂ ਦਿੱਤੀ ਗਈ ਮੌਤ ਦੀ ਸਜ਼ਾ ਨੂੰ 9 ਸਤੰਬਰ ਨੂੰ ਪੁਸ਼ਟੀ ਕੀਤੀ ਸੀ। ਕੁੜੀ ਦਾ 15 ਦਸੰਬਰ 2016 ਨੂੰ ਕਤਲ ਕਰ ਦਿੱਤਾ ਗਿਆ ਸੀ। ਉਸ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਦਾ ਗਲ਼ਾ ਘੁੱਟ ਦਿੱਤਾ ਗਿਆ ਸੀ ਅਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਘਟਨਾ ਦੇ ਤਿੰਨ ਸਾਲ ਬਾਅਦ ਦਸੰਬਰ 2019 ‘ਚ ਹੇਠਲੀ ਅਦਾਲਤ ਨੇ ਕੁਮਾਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ।