ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ ਕਿ 17 ਜੁਲਾਈ ਨੂੰ ਜਲੰਧਰ ਦੌਰੇ ‘ਤੇ ਆ ਰਹੇ ਹਨ, ਜਿੱਥੇ ਉਹ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇ ਇਸ ਮਹੱਤਵਪੂਰਨ ਦੌਰੇ ਨੂੰ ਵੇਖਦੇ ਹੋਏ ਪੰਜਾਬ ਪੁਲਸ ਨੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਜਲੰਧਰ ਕੈਂਟ ਰੇਲਵੇ ਸਟੇਸ਼ਨ ਅਤੇ ਨੇੜਲੇ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਖ਼ੁਦ ਜਲੰਧਰ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਥੇ ਹੀ ਉਨ੍ਹਾਂ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਐੱਸ.ਐੱਸ.ਪੀਜ਼ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਦੇ ਵੀ.ਆਈ.ਪੀ. ਦੌਰੇ ਨੂੰ ਵੇਖਦੇ ਹੋਏ ਪੰਜਾਬ ਪੁਲਸ ਨੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਧਾਨ ਮੰਤਰੀ ਦੇ ਰੂਟ ਤੋਂ ਲੈ ਕੇ ਘਟਨਾ ਸਥਾਨ ਤੱਕ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਤਾਂਕਿ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਿਆ ਜਾ ਸਕੇ। ਚੱਪੇ-ਚੱਪੇ ‘ਤੇ ਨਜ਼ਰ ਰੱਖਣ ਲਈ ਖੋਜੀ ਕੁੱਤਿਆਂ ਅਤੇ ਬੰਬ ਰੋਕੂ ਦਸਤੇ ਦੀ ਮਦਦਦ ਲਈ ਜਾ ਰਹੀ ਹੈ।
ਯਾਤਰੀਆਂ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ
ਰੇਲਵੇ ਸਟੇਸ਼ਨ ‘ਤੇ ਵਧੀ ਹੋਈ ਸੁਰੱਖਿਆ ਅਤੇ ਨਾਕਾਬੰਦੀ ਕਾਰਨ ਆਉਣ-ਜਾਣ ਵਾਲੇ ਯਾਤਰੀਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਜਨਤਾ ਨੂੰ ਸੁਰੱਖਿਆ ਬਣਾਈ ਰੱਖਣ ‘ਚ ਪੁਲਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕਰਨ ਲਈ ਅਗਲੇ ਦੋ ਦਿਨਾਂ ਲਈ ਸਟੇਸ਼ਨ ਕੰਪਲੈਕਸ ‘ਚ ਸਖ਼ਤ ਸੁਰੱਖਿਆ ਘੇਰਾਬੰਦੀ ਰਹੇਗੀ।
ਟ੍ਰੈਫਿਕ ਜਾਮ ‘ਚ ਐਂਬੂਲੈਂਸ ਵੀ ਫਸੀ
ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਕਈ ਰਸਤੇ ਡਾਇਵਰਟ ਕੀਤੇ ਗਏ ਹਨ, ਜਿਸ ਕਾਰਨ ਸੜਕਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਇਕ ਪਾਸੇ ਜਿੱਥੇ ਜਨਤਾ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਇਕ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਵੀ ਟ੍ਰੈਫਿਕ ਜਾਮ ‘ਚ ਫਸੀ ਹੋਈ ਮਿਲੀ। ਐਂਬੂਲੈਂਸ ਡਰਾਈਵਰ ਸ਼ੇਰ ਸਿੰਘ ਨੇ ਕਿਹਾ ਕਿ ਉਹ ਮਰੀਜ਼ ਨੂੰ ਮੁਕੇਰੀਆਂ ਤੋਂ ਲੈ ਕੇ ਆਇਆ ਸੀ ਅਤੇ ਲੰਬੇ ਟ੍ਰੈਫਿਕ ਜਾਮ ਕਾਰਨ ਫਸ ਗਿਆ। ਉਸ ਨੂੰ ਮਰੀਜ਼ ਨੂੰ ਡੀ. ਐੱਮ. ਸੀ. ਹਸਪਤਾਲ ਲਿਜਾਉਣਾ ਸੀ।
ਇਨ੍ਹਾਂ ਥਾਵਾਂ ‘ਤੇ ਜਾਣ ਤੋਂ ਰਹੋ ਸਾਵਧਾਨ
ਉਥੇ ਹੀ ਵਿਸ਼ੇਸ਼ ਡੀ. ਜੀ. ਪੀ. ਨੇ ਕਿਹਾ ਕਿ ਸਮਾਗਮ ਵਾਲੀ ਥਾਂ ਰਾਸ਼ਟਰੀ ਰਾਜਮਾਰਗ 44 ਦੇ ਨੇੜੇ ਹੋਣ ਕਾਰਨ ਸੁਰੱਖਿਆ ਵਿਵਸਥਾ ਤਹਿਤ ਆਵਾਜਾਈ ਵਿਚ ਅਸਥਾਈ ਬਦਲਾਅ ਕੀਤੇ ਜਾਣਗੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ 17 ਜੁਲਾਈ ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 5:30 ਵਜੇ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਠਾਨਕੋਟ ਨੂੰ ਜੋੜਨ ਵਾਲੇ NH-44 ‘ਤੇ ਸਫ਼ਰ ਨਾ ਕਰਨ। ਜੇਕਰ ਕਿਸੇ ਨੂੰ ਇਸ ਸਮੇਂ ਦੌਰਾਨ ਸਫ਼ਰ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਸਫ਼ਰ ਦਾ ਸਮਾਂ ਮੁੜ ਤੈਅ ਕਰਨਾ ਚਾਹੀਦਾ ਹੈ ਅਤੇ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ‘ਚ ਯਾਤਰਾ ਕਰਨੀ ਚਾਹੀਦੀ ਹੈ।
ਜਨਤਕ ਆਵਾਜਾਈ ‘ਤੇ ਪੂਰੀ ਤਰ੍ਹਾਂ ਪਾਬੰਦੀ
ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਸ (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 3:40 ਵਜੇ ਦੇ ਕਰੀਬ ਜਲੰਧਰ ਪਹੁੰਚਣਗੇ ਅਤੇ ਲਗਭਗ ਡੇਢ ਘੰਟੇ ਲਈ ਸ਼ਹਿਰ ‘ਚ ਰਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਸ ਦਾ ਉਦੇਸ਼ ਜਨਤਕ ਆਵਾਜਾਈ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ ਨਹੀਂ ਹੈ। ਜਿੱਥੇ ਜ਼ਰੂਰੀ ਹੋਵੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਮੋੜਿਆ ਜਾਵੇਗਾ।
ਇਸ ਦੇ ਲਈ ਯਾਤਰੀਆਂ ਨੂੰ ਬਦਲਵੇਂ ਰੂਟਾਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀਆਂ ਮੰਜ਼ਿਲਾਂ ‘ਤੇ ਪਹੁੰਚਾਉਣ ‘ਚ ਮਦਦ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਸ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਕਿਸੇ ਵੀ ਰੂਟ ਪਾਬੰਦੀ ਨੂੰ ਘੱਟ ਤੋਂ ਘੱਟ ਸਮੇਂ ਲਈ ਲਾਗੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ।
ਜਨਤਾ ਦੀ ਸੁਰੱਖਿਆ ਦਾ ਵੀ ਰੱਖਿਆ ਗਿਆ ਪੂਰਾ ਧਿਆਨ
ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਇਕ ਪ੍ਰਮੁੱਖ ਤਰਜੀਹ ਹੈ, ਉੱਥੇ ਹੀ ਜਨਤਾ ਦੀ ਸਹੂਲਤ ਦਾ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਉਦੇਸ਼ ਲਈ ਪੂਰੀ ਤਰ੍ਹਾਂ ਟ੍ਰੈਫਿਕ ਨਾਕਾਬੰਦੀ ਦੀ ਬਜਾਏ ਟ੍ਰੈਫਿਕ ਡਾਇਵਰਸ਼ਨ ਲਾਗੂ ਕੀਤੇ ਗਏ ਹਨ। ਟ੍ਰੈਫਿਕ ਡਾਇਵਰਸ਼ਨਾਂ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਇਕ ਵਿਸਤ੍ਰਿਤ ਪ੍ਰੈੱਸ ਰਿਲੀਜ਼ ਜਲਦੀ ਹੀ ਜਾਰੀ ਕੀਤੀ ਜਾਵੇਗੀ।















