ਸ਼੍ਰੀਨਗਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ‘ਚ ਹਿੱਸਾ ਲੈਣ ਲਈ 21 ਜੂਨ ਨੂੰ ਇੱਥੇ ਆ ਸਕਦੇ ਹਨ। ਅਧਿਕਾਰਤ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦੇ 21 ਜੂਨ ਨੂੰ ਡਲ ਝੀਲ ਦੇ ਕਿਨਾਰੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (ਐੱਸਕੇਆਈਸੀਸੀ) ‘ਚ ਆਯੋਜਿਤ ਹੋਣ ਵਾਲੇ ਯੋਗ ਪ੍ਰੋਗਰਾਮ ‘ਚ ਹਿੱਸਾ ਲੈਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਸ਼੍ਰੀਨਗਰ ਤੋਂ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਲੀਡਰਸ਼ਿਪ ਕਰਨਗੇ। ਪ੍ਰੋਗਰਾਮ ‘ਚ ਜੰਮੂ ਕਸ਼ਮੀਰ ਦੇ ਕਈ ਖਿਡਾਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਸਹੁੰ ਚੁੱਕਣ ਤੋਂ ਬਾਅਦ ਸ਼੍ਰੀ ਮੋਦੀ ਦੀ ਪਹਿਲੀ ਕਸ਼ਮੀਰ ਯਾਤਰਾ ਲਈ ਵੱਡੇ ਪੈਮਾਨੇ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਸ਼੍ਰੀ ਮੋਦੀ ਨੇ ਇਕ ਦਿਨ ਪਹਿਲੇ ‘ਐਕਸ’ ‘ਤੇ ਆਪਣੇ ਪੋਸਟ ‘ਚ ਲਿਖਿਆ,”ਹੁਣ ਤੋਂ 10 ਦਿਨਾਂ ‘ਚ, ਦੁਨੀਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਏਗੀ, ਜੋ ਇਕ ਸ਼ਾਸਵਤ ਅਭਿਆਸ, ਏਕਤਾ ਅਤੇ ਸਦਭਾਵ ਦਾ ਜਸ਼ਨ ਹੋਵੇਗਾ। ਯੋਗ ਨੇ ਸੰਸਕ੍ਰਿਤੀ ਅਤੇ ਭੂਗੋਲਿਕ ਸਰਹੱਦਾਂ ਨੂੰ ਪਾਰ ਕਰ ਕੇ ਕਲਿਆਣ ਦੀ ਖੋਜ ‘ਚ ਦੁਨੀਆ ਭਰ ‘ਚ ਲੱਖਾਂ ਲੋਕਾਂ ਨੂੰ ਇਕਜੁਟ ਕੀਤਾ ਹੈ।” ਸ਼੍ਰੀ ਮੋਦੀ ਨੇ ਅੱਗੇ ਕਿਹਾ,”ਜਿਵੇਂ ਕਿ ਅਸੀਂ ਇਸ ਸਾਲ ਦੇ ਯੋਗ ਦਿਵਸ ਦੇ ਕਰੀਬ ਪਹੁੰਚ ਰਹੇ ਹਨ, ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੋਹਰਾਉਣ ਅਤੇ ਦੂਜਿਆਂ ਨੂੰ ਵੀ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਉਤਸ਼ਾਹਤ ਕਰਨਾ ਜ਼ਰੂਰੀ ਹੈ। ਯੋਗ ਸ਼ਾਂਤੀ ਪ੍ਰਦਾਨ ਕਰਦਾ ਹੈ ਜੋ ਸਾਨੂੰ ਸ਼ਾਂਤੀ ਅਤੇ ਸਬਰ ਨਾਲ ਜੀਵਨ ਦੀਆਂ ਚੁਣੌਤੀਆਂ ਨਾਲ ਨਜਿੱਠਣ ‘ਚ ਸਮਰੱਥ ਬਣਾਉਂਦਾ ਹੈ।”