ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਸਿਵਲ ਹਸਪਤਾਲ ‘ਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ‘ਚ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਿਸ਼ਵਾਸ ਕੁਮਾਰ ਰਮੇਸ਼ ਨਾਲ ਵੀ ਮੁਲਾਕਾਤ ਕੀਤੀ, ਜੋ ਕਿ ਵੀਰਵਾਰ ਨੂੰ ਵਾਪਰੇ ਇਸ ਹਾਦਸੇ ‘ਚ ਬਚੇ ਇਕੱਲੇ ਵਿਅਕਤੀ ਸਨ। ਇਸ ਹਾਦਸੇ ‘ਚ 265 ਲੋਕਾਂ ਦੀ ਮੌਤ ਹੋਈ ਸੀ। ਪੀ.ਐੱਮ. ਮੋਦੀ ਨੇ ਹਸਪਤਾਲ ਦੇ ਸੀ7 ਵਾਰਡ ਦਾ ਦੌਰਾ ਕੀਤਾ, ਜਿੱਥੇ 25 ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਕੁਮਾਰ ਵਿਸ਼ਵਾਸ ਨੇ ਡਾਕਟਰਾਂ ਨਾਲ ਹਾਦਸੇ ਨੂੰ ਲੈ ਕੇ ਗੱਲਾਂ ਸਾਂਝੀਆਂ ਕੀਤੀਆਂ। ਡਾਕਟਰਾਂ ਅਨੁਸਾਰ, ਵਿਸ਼ਵਾਸ ਨੇ ਦੱਸਿਆ ਕਿ ਹਾਦਸਾ ਹੋਇਆ ਤਾਂ ਜਹਾਜ਼ ਟੁੱਟ ਗਿਆ ਅਤੇ ਉਹ ਆਪਣੀ ਸੀਟ ਸਣੇ ਬਾਹਰ ਆ ਗਿਆ ਅਤੇ ਇਸ ਤਰ੍ਹਾਂ ਉਹ ਅੱਗ ਦੀਆਂ ਲਪਟਾਂ ‘ਚ ਨਹੀਂ ਘਿਰਿਆ। ਵਿਸ਼ਵਾਸ ਨੇ ਕਿਹਾ ਕਿ ਉਸ ਨੇ ਜਹਾਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਨਹੀਂ ਬਚਾਈ।
ਦੱਸਣਯੋਗ ਹੈ ਕਿ ਬੋਇੰਗ 787 ਡ੍ਰੀਮਲਾਈਨਰ (ਏ.ਆਈ. 171), ਜਿਸ ‘ਚ 242 ਲੋਕ ਸਵਾਰ ਸਨ, ਜਿਨ੍ਹਾਂ ‘ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਸਨ, ਵੀਰਵਾਰ ਦੁਪਹਿਰ ਨੂੰ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਮੇਘਾਨੀਨਗਰ ਖੇਤਰ ਦੇ ਇਕ ਮੈਡੀਕਲ ਕਾਲਜ ਕੰਪਲੈਕਸ ‘ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਵਿਸ਼ਵਾਸਕ ਕੁਮਾਰ ਰਮੇਸ਼ ਇਕਲੌਤਾ ਬਚਿਆ ਵਿਅਕਤੀ ਸੀ, ਜਦੋਂ ਕਿ ਜਹਾਜ਼ ‘ਚ ਸਵਾਰ 241 ਲੋਕ ਮਾਰੇ ਗਏ ਸਨ।















