ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਡਿਜੀਟਲ ਅਰੈਸਟ’ ਦੇ ਵਧਦੇ ਮਾਮਲਿਆਂ ‘ਤੇ ਚਿੰਤਾ ਜਤਾਉਂਦੇ ਹੋਏ ਇਸ ਤੋਂ ਬਚਣ ਲਈ ਐਤਵਾਰ ਨੂੰ ਦੇਸ਼ ਵਾਸੀਆਂ ਨਾਲ ‘ਰੁਕੋ, ਸੋਚੋ ਅਤੇ ਐਕਸ਼ਨ ਲਵੋ’ ਦਾ ਮੰਤਰ ਸਾਂਝਾ ਕੀਤਾ ਅਤੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਆਕਾਸ਼ਵਾਣੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 115ਵੇਂ ਐਪੀਸੋਡ ‘ਚ ਪ੍ਰਧਾਨ ਮੰਤਰੀ ਨੇ ‘ਡਿਜੀਟਲ ਅਰੈਸਟ’ ਨਾਲ ਸਬੰਧਤ ਧੋਖੇ ਅਤੇ ਪੀੜਤ ਵਿਚਕਾਰ ਹੋਈ ਗੱਲਬਾਤ ਦਾ ਵੀਡੀਓ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਕੋਈ ਵੀ ਏਜੰਸੀ ਨਾ ਤਾਂ ਧਮਕੀ ਦਿੰਦੀ ਹੈ ਅਤੇ ਨਾ ਹੀ ਵੀਡੀਓ ਕਾਲ ਕਰ ਕੇ ਪੁੱਛ-ਗਿੱਛ ਕਰਦੀ ਹੈ ਅਤੇ ਨਾ ਹੀ ਪੈਸੇ ਦੀ ਮੰਗ ਕਰਦੀ ਹੈ। ਇੰਟਰਨੈੱਟ ਦੀ ਤੇਜ਼ੀ ਨਾਲ ਵੱਧ ਰਹੀ ਵਰਤੋਂ ਦੌਰਾਨ ‘ਡਿਜੀਟਲ ਅਰੈਸਟ’ ਧੋਖੇ ਦਾ ਇਕ ਵੱਡਾ ਮਾਧਿਅਮ ਬਣਦਾ ਜਾ ਰਿਹਾ ਹੈ। ਇਸ ਵਿਚ ਇਕ ਵਿਅਕਤੀ ਨੂੰ ਆਨਲਾਈਨ ਮਾਧਿਅਮ ਰਾਹੀਂ ਡਰਾਇਆ ਜਾਂਦਾ ਹੈ ਕਿ ਉਹ ਇਕ ਸਰਕਾਰੀ ਏਜੰਸੀ ਦੇ ਮਾਧਿਅਮ ਨਾਲ ਗ੍ਰਿਫ਼ਤਾਰ ਹੋ ਗਿਆ ਹੈ ਅਤੇ ਉਸ ਨੂੰ ਜੁਰਮਾਨਾ ਭਰਨਾ ਪਵੇਗਾ। ਅਜਿਹੇ ਮਾਮਲਿਆਂ ‘ਚ ਕਈ ਲੋਕ ਡਰ ਜਾਂਦੇ ਹਨ ਅਤੇ ਸ਼ਿਕਾਰ ਬਣ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ ਦਰਸ਼ਕਾਂ ਨੂੰ ਵਿਸਥਾਰ ਨਾਲ ਦੱਸਿਆ ਕਿ ਇਸ ਤਰ੍ਹਾਂ ਦੇ ਧੋਖੇਬਾਜ਼ ਗਿਰੋਹ ਕਿਵੇਂ ਕੰਮ ਕਰਦੇ ਹਨ ਅਤੇ ਕਿਵੇਂ ‘ਖ਼ਤਰਨਾਕ ਖੇਡ’ ਖੇਡਦੇ ਹਨ। ਉਨ੍ਹਾਂ ਕਿਹਾ ਕਿ ‘ਡਿਜੀਟਲ ਅਰੈਸਟ’ ਦੇ ਸ਼ਿਕਾਰ ਲੋਕਾਂ ‘ਚ ਹਰ ਵਰਗ ਅਤੇ ਹਰ ਉਮਰ ਦੇ ਲੋਕ ਸ਼ਾਮਲ ਹਨ ਅਤੇ ਡਰ ਕਾਰਨ ਉਹ ਆਪਣੀ ਮਿਹਨਤ ਨਾਲ ਕਮਾਏ ਲੱਖਾਂ ਰੁਪਏ ਗੁਆ ਦਿੰਦੇ ਹਨ। ਉਨ੍ਹਾਂ ਕਿਹਾ,“ਇਸ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਡਰਨਾ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਾਂਚ ਏਜੰਸੀ ਕਦੇ ਵੀ ਫ਼ੋਨ ਕਾਲ ਜਾਂ ਵੀਡੀਓ ਕਾਲ ‘ਤੇ ਇਸ ਤਰ੍ਹਾਂ ਦੀ ਪੁੱਛ-ਗਿੱਛ ਨਹੀਂ ਕਰਦੀ।”
ਉਨ੍ਹਾਂ ਨੇ ਇਸ ਤੋਂ ਬਚਣ ਲਈ ਦੇਸ਼ ਵਾਸੀਆਂ ਨਾਲ ‘ਰੁਕੋ, ਸੋਚੋ ਅਤੇ ਐਕਸ਼ਨ ਲਵੋ’ ਦਾ ਮੰਤਰ ਸਾਂਝਾ ਕੀਤਾ। ਉਨ੍ਹਾਂ ਕਿਹਾ,”ਅਜਿਹੇ ਮਾਮਲਿਆਂ ‘ਚ ਘਬਰਾਓ ਨਾ। ਸ਼ਾਂਤ ਰਹੋ। ਜਲਦਬਾਜ਼ੀ ‘ਚ ਕੋਈ ਕਦਮ ਨਾ ਚੁੱਕੋ। ਕਿਸੇ ਨੂੰ ਆਪਣੀ ਨਿੱਜੀ ਜਾਣਕਾਰੀ ਨਾ ਦਿਓ। ਸੰਭਵ ਹੋਵੇ ਤਾਂ ਸਕ੍ਰੀਨਸ਼ਾਟ ਲਵੋ ਅਤੇ ਰਿਕਾਰਡਿੰਗ ਜ਼ਰੂਰ ਕਰੋ।” ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਏਜੰਸੀ ਫੋਨ ‘ਤੇ ਅਜਿਹੀ ਧਮਕੀ ਨਹੀਂ ਦਿੰਦੀ ਅਤੇ ਨਾ ਹੀ ਪੁੱਛ-ਗਿੱਛ ਕਰਦੀ ਹੈ ਅਤੇ ਨਾ ਹੀ ਵੀਡੀਓ ਕਾਲ ‘ਤੇ ਇੰਝ ਪੈਸੇ ਦੀ ਮੰਗ ਕਰਦੀ ਹੈ।” ਪੀ.ਐੱਮ. ਮੋਦੀ ਨੇ ਕਿਹਾ,”ਜੇਕਰ ਡਰ ਲੱਗੇ ਤਾਂ ਸਮਝੋ ਕੁਝ ਗੜਬੜ ਹੈ।” ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਜਿਹੇ ਮਾਮਲਿਆਂ ‘ਚ ਰਾਸ਼ਟਰੀ ਸਾਈਬਰ ਹੈਲਪਲਾਈਨ 1930 ‘ਤੇ ਡਾਇਲ ਕਰਨ ਅਤੇ ਸਾਈਬਰ ਕ੍ਰਾਈਮ ਡਾਟ ਜੀਓਵੀ ਡਾਟ ਇਨ ‘ਤੇ ਰਿਪੋਰਟ ਕਰਨ ਤੋਂ ਇਲਾਵਾ ਪਰਿਵਾਰ ਅਤੇ ਪੁਲਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,”ਸਬੂਤ ਸੁਰੱਖਿਅਤ ਰੱਖੋ। ਇਹ ਤਿੰਨ ਪੜਾਅ ਤੁਹਾਡੀ ਡਿਜੀਟਲ ਸੁਰੱਖਿਆ ਦਾ ਰੱਖਿਅਕ ਬਣਨਗੇ। ਮੈਂ ਫਿਰ ਕਹਾਂਗਾ ਡਿਜੀਟਲ ਅਰੈਸਟ ਵਰਗੀ ਕੋਈ ਚੀਜ਼ ਨਹੀਂ ਹੈ। ਇਹ ਸਿਰਫ਼ ਧੋਖਾ ਹੈ, ਝੂਠ ਹੈ। ਬਦਮਾਸ਼ਾਂ ਦਾ ਗਿਰੋਹ ਹੈ ਅਤੇ ਜੋ ਲੋਕ ਅਜਿਹਾ ਕਰ ਰਹੇ ਹਨ ਉਹ ਸਮਾਜ ਦੇ ਦੁਸ਼ਮਣ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਡਿਜੀਟਲ ਅਰੈਸਟ’ ਦੇ ਨਾਂ ‘ਤੇ ਜੋ ਧੋਖੇਬਾਜ਼ੀ ਚੱਲ ਰਹੀ ਹੈ, ਉਸ ਨਾਲ ਨਜਿੱਠਣ ਲਈ ਕਈ ਜਾਂਚ ਏਜੰਸੀਆਂ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਆਪਸੀ ਤਾਲਮੇਲ ਲਈ ਨੈਸ਼ਨਲ ਸਾਈਬਰ ਕੋਆਰਡੀਨੇਸ਼ਨ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ,”ਅਜਿਹੇ ਧੋਖਾ ਕਰਨ ਵਾਲੇ ਹਜ਼ਾਰਾਂ ਵੀਡੀਓ ਆਈ.ਡੀ. ਨੂੰ ਬਲਾਕ ਕੀਤਾ ਗਿਆ ਹੈ।” ਪੀ.ਐੱਮ. ਮੋਦੀ ਨੇ ਕਿਹਾ ਕਿ ਅਜਿਹੇ ਮਾਮਲਿਆਂ ‘ਚ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਪਰ ਡਿਜੀਟਲ ਅਰੈਸਟ ਦੇ ਨਾਂ ‘ਤੇ ਹੋ ਰਹੇ ਧੋਖੇ ਤੋਂ ਬਚਣ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਕੂਲਾਂ ਅਤੇ ਕਾਲਜਾਂ ਸਣੇ ਹਰ ਜਗ੍ਹਾ ਇਸ ਬਾਰੇ ਲੋਕਾਂ ਨੂੰ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ।