PM ਮੋਦੀ ਨੂੰ ਲੈ ਕੇ ਖੜਗੇ ਦੀ ਟਿੱਪਣੀ ਅਪਮਾਨਜਨਕ: ਅਮਿਤ ਸ਼ਾਹ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਜੰਮੂ-ਕਸ਼ਮੀਰ ‘ਚ ਇਕ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕੀਤੀ ਗਈ ਟਿੱਪਣੀ ਨੂੰ ਬਹੁਤ ਮਾੜਾ ਅਤੇ ਅਪਮਾਨਜਨਕ” ਕਰਾਰ ਦਿੱਤਾ। ਸ਼ਾਹ ਨੇ ਕਿਹਾ ਕਿ ਮਾੜੇ ਢੰਗ ਨਾਲ ਖੜਗੇ ਨੇ ਇਹ ਕਹਿ ਕੇ ਆਪਣੀ ਨਿੱਜੀ ਸਿਹਤ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਬਿਨਾਂ ਵਜ੍ਹਾ ਹੀ ਘਸੀਟਿਆ ਕਿ ਉਹ ਮੋਦੀ ਜੀ ਨੂੰ ਸੱਤਾ ਤੋਂ ਹਟਾਉਣ ਤੋਂ ਪਹਿਲਾਂ ਨਹੀਂ ਮਰਨਗੇ। ਦਰਅਸਲ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਖਰਾਬ ਹੋ ਗਈ ਪਰ ਕੁਝ ਦੇਰ ਰੁਕਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਅਤੇ ਸੱਤਾਧਾਰੀ ਪਾਰਟੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਉਣਾ ਪਹਿਲਾਂ ਉਹ ਮਰਨਗੇ ਨਹੀਂ।
ਖੜਗੇ ਨੇ ਕੰਬਦੀ ਆਵਾਜ਼ ‘ਚ ਕਿਹਾ ਕਿ ਜਦੋਂ ਸਾਡੀ ਸਰਕਾਰ ਆਵੇਗੀ, ਅਸੀਂ ਅੱਤਵਾਦ ਨੂੰ ਖਤਮ ਕਰ ਦੇਵਾਂਗੇ। ਇਸ ਤੋਂ ਬਾਅਦ ਉਹ ਕੁਝ ਦੇਰ ਰੁਕੇ, ਜਿਸ ਤੋਂ ਬਾਅਦ ਮੰਚ ‘ਤੇ ਮੌਜੂਦ ਉਨ੍ਹਾਂ ਦੇ ਸਾਥੀ ਅਤੇ ਹੋਰ ਲੋਕ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਕੁਰਸੀ ‘ਤੇ ਬੈਠਾਉਣ ਵਿਚ ਮਦਦ ਕੀਤੀ। ਰੈਲੀ ਵਾਲੀ ਥਾਂ ‘ਤੇ ਡਾਕਟਰੀ ਸਹਾਇਤਾ ਲੈਣ ਤੋਂ ਬਾਅਦ ਖੜਗੇ ਨੇ ਕਿਹਾ ਕਿ ਅਸੀਂ ਰਾਜ ਦਾ ਦਰਜਾ ਬਹਾਲ ਕਰਨ ਲਈ ਲੜਾਂਗੇ। ਜੋ ਵੀ ਹੋਵੇ, ਅਸੀਂ ਇਸ ਨੂੰ ਛੱਡਣ ਵਾਲੇ ਨਹੀਂ ਹਾਂ। ਮੈਂ 83 ਸਾਲਾਂ ਦਾ ਹਾਂ, ਮੈਂ ਇੰਨੀ ਜਲਦੀ ਮਰਨ ਵਾਲਾ ਨਹੀਂ ਹਾਂ। ਜਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਇਆ ਨਹੀਂ ਜਾਂਦਾ, ਮੈਂ ਜ਼ਿੰਦਾ ਰਹਾਂਗਾ। ਮੈਂ ਤੁਹਾਨੂੰ ਸੁਣਾਂਗਾ, ਤੁਹਾਡੇ ਲਈ ਲੜਾਂਗਾ।
ਸ਼ਾਹ ਨੇ ਕਿਹਾ ਕਿ ਖੜਗੇ ਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਦੇ ਲੋਕਾਂ ਵਿਚ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਕਿੰਨੀ ਨਫ਼ਰਤ ਅਤੇ ਡਰ ਹੈ ਅਤੇ ਉਹ ਲਗਾਤਾਰ ਉਨ੍ਹਾਂ ਬਾਰੇ ਹੀ ਸੋਚਦੇ ਰਹਿੰਦੇ ਹਨ। ਜਿੱਥੋਂ ਤੱਕ ਖੜਗੇ ਜੀ ਦੀ ਸਿਹਤ ਦਾ ਸਵਾਲ ਹੈ, ਤਾਂ ਮੋਦੀ ਜੀ, ਮੈਂ ਅਤੇ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਲੰਬੀ ਉਮਰ ਜਿਊਣ ਅਤੇ ਸਿਹਤਮੰਦ ਜੀਵਨ ਬਤੀਤ ਕਰਨ। ਉਹ 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ ਹੁੰਦਾ ਦੇਖਣ ਲਈ ਜਿਉਂਦੇ ਰਹਿਣ।