PM ਮੋਦੀ ਦੀ ਫਤਿਹ ਰੈਲੀ ‘ਚ ਬੋਲੇ ਪਰਨੀਤ ਕੌਰ, ‘ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਲਈ ਬਹੁਤ ਕੁੱਝ ਕੀਤਾ’

ਪਟਿਆਲਾ : ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ਾਲ ਫਤਿਹ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਦੇਸ਼ ਲਈ ਬਹੁਤ ਕੁੱਝ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਸਿਰਫ ਪਟਿਆਲਾ ਦੇ ਹੀ 12 ਲੱਖ, 86 ਹਜ਼ਾਰ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਗਿਆ। 7 ਲੱਖ, 8 ਹਜ਼ਾਰ ਆਯੁਸ਼ਮਾਨ ਕਾਰਡ ਬਣਾਏ ਗਏ। ਐੱਲ. ਪੀ. ਜੀ. ਗੈਸ ਸਿਲੰਡਰ 1 ਲੱਖ, 25 ਹਜ਼ਾਰ ਔਰਤਾਂ ਨੂੰ ਮਿਲਿਆ।
ਪਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਰਾਜ ‘ਚ 2 ਲੱਖ ਕਿਸਾਨਾਂ ਦਾ ਸਨਮਾਨ ਹੋਇਆ ਅਤੇ ਇਹ ਸਿਰਫ ਪਟਿਆਲਾ ਲੋਕ ਸਭਾ ਹਲਕੇ ਦੇ ਅੰਕੜੇ ਹਨ। ਇਸ ਤੋਂ ਇਲਾਵਾ ਪੱਕੇ ਘਰ ਬਣਾਏ ਗਏ।
ਪਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਰਾਮ ਲੱਲਾ ਨੂੰ ਅਯੁੱਧਿਆ ਲਿਆਏ ਹਨ ਅਤੇ ਮੈਂ ਖ਼ੁਦ ਬਹੁਤ ਭਾਗਸ਼ਾਲੀ ਮੰਨਦੀ ਹਾਂ ਕਿ ਅਯੁੱਧਿਆ ਵਿਖੇ ਮੱਥਾ ਟੇਕਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਕਾ ਹੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੈ ਅਤੇ ਸੰਗਤ ਦਰਸ਼ਨ ਕਰ ਸਕਦੀ ਹੈ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।