ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਇਕ ਸਾਲ ਪੂਰਾ ਹੋਣ ਤੋਂ ਇਕ ਦਿਨ ਪਹਿਲਾ ਐਤਵਾਰ ਨੂੰ ਕਿਹਾ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ.ਡੀ.ਏ.) ਨੇ ਆਪਣੇ 11 ਸਾਲਾਂ ਦੇ ਕਾਰਜਕਾਲ ਵਿੱਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ‘ਤੇ ਬੋਲਦੇ ਕਿਹਾ ਕਿ ਔਰਤਾਂ ਵਿਗਿਆਨ, ਸਿੱਖਿਆ, ਖੇਡਾਂ, ਸਟਾਰਟਅੱਪ ਅਤੇ ਹਥਿਆਰਬੰਦ ਬਲਾਂ ਸਮੇਤ ਸਾਰੇ ਖੇਤਰਾਂ ਵਿੱਚ ਉੱਤਮ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਲੋਕਾਂ ਲਈ ਪ੍ਰੇਰਨਾ ਬਣ ਰਹੀਆਂ ਹਨ।
ਕਈ ਭਲਾਈ ਪ੍ਰੋਗਰਾਮਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਔਰਤਾਂ ਨੂੰ ਬਹੁਤ ਲਾਭ ਪਹੁੰਚਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਰਾਹੀਂ ਮਾਣ-ਸਨਮਾਨ ਯਕੀਨੀ ਬਣਾਉਣ ਤੋਂ ਲੈ ਕੇ ਜਨ ਧਨ ਖਾਤਿਆਂ ਰਾਹੀਂ ਵਿੱਤੀ ਸਮਾਵੇਸ਼ ਤੱਕ ਵੱਖ-ਵੱਖ ਪਹਿਲਕਦਮੀਆਂ ਔਰਤਾਂ ਦੇ ਸਸ਼ਕਤੀਕਰਨ ‘ਤੇ ਕੇਂਦ੍ਰਿਤ ਹਨ। ਉਨ੍ਹਾਂ ਕਿਹਾ ਕਿ ਜਿੱਥੇ ਗਰੀਬ ਪਰਿਵਾਰਾਂ ਨੂੰ ਉੱਜਵਲਾ ਯੋਜਨਾ ਰਾਹੀਂ ਗੈਸ ਸਿਲੰਡਰ ਮਿਲੇ, ਧੂੰਆਂ-ਮੁਕਤ ਰਸੋਈਆਂ ਪ੍ਰਦਾਨ ਕੀਤੀਆਂ ਗਈਆਂ, ਉੱਥੇ ਮੁਦਰਾ ਕਰਜ਼ਿਆਂ ਨੇ ਲੱਖਾਂ ਮਹਿਲਾ ਉੱਦਮੀਆਂ ਨੂੰ ਆਪਣੀਆਂ ਸ਼ਰਤਾਂ ‘ਤੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਯੋਗ ਬਣਾਇਆ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਔਰਤਾਂ ਦੇ ਨਾਮ ‘ਤੇ ਬਣਾਏ ਗਏ ਘਰਾਂ ਨੇ ਵੀ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਮੋਦੀ ਨੇ ਕਿਹਾ ਕਿ ‘ਬੇਟੀ ਬਚਾਓ ਬੇਟੀ ਪੜ੍ਹਾਓ’ ਪ੍ਰੋਗਰਾਮ ਨੇ ਬੱਚੀਆਂ ਦੀ ਸੁਰੱਖਿਆ ਲਈ ਇੱਕ ਰਾਸ਼ਟਰੀ ਅੰਦੋਲਨ ਦੀ ਲਾਟ ਜਗਾਈ। ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਪਹਿਲਕਦਮੀਆਂ ਨਾਲ ਸਬੰਧਤ ਪੋਸਟਾਂ ਵੀ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਸਰਕਾਰੀ ਯੋਜਨਾਵਾਂ ਦੁਆਰਾ ਔਰਤਾਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਦੀ ਸੂਚੀ ਦਿੱਤੀ ਗਈ ਸੀ। ਇਨ੍ਹਾਂ ਪੋਸਟਾਂ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਜੀਵਤ ਜਨਮਾਂ ‘ਤੇ ਮਾਵਾਂ ਦੀ ਮੌਤ ਦਰ ਅਨੁਪਾਤ (MMR) 2011-13 ਵਿੱਚ ਪ੍ਰਤੀ ਲੱਖ 167 ਤੋਂ ਘੱਟ ਕੇ 2019-21 ਵਿੱਚ ਪ੍ਰਤੀ ਲੱਖ 93 ਹੋ ਗਈ ਅਤੇ ਟੂਟੀ ਦਾ ਪਾਣੀ ਪ੍ਰਾਪਤ ਕਰਨ ਵਾਲੇ ਘਰਾਂ ਦੀ ਗਿਣਤੀ ਅਗਸਤ 2019 ਵਿੱਚ 3.23 ਕਰੋੜ ਤੋਂ ਵੱਧ ਕੇ ਮਈ 2025 ਵਿੱਚ 15.64 ਕਰੋੜ ਹੋ ਗਈ ਹੈ।
ਇਸ ਵਿਚ ਔਰਤਾਂ ਲਈ ਕਈ ਹੋਰ ਭਲਾਈ ਉਪਾਵਾਂ ਨੂੰ ਉਜਾਗਰ ਕਰਦੇ ਹੋਏ ਦੱਸਿਆ ਗਿਆ ਕਿ ਉੱਜਵਲਾ ਯੋਜਨਾ ਤਹਿਤ 10 ਕਰੋੜ ਤੋਂ ਵੱਧ LPG ਕੁਨੈਕਸ਼ਨ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਨੇ ਪੋਸਟ ਵਿੱਚ ਕਿਹਾ, “ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਨੇ ਉਹ ਸਮਾਂ ਦੇਖਿਆ ਹੈ, ਜਦੋਂ ਉਨ੍ਹਾਂ ਨੂੰ ਹਰ ਕਦਮ ‘ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਅੱਜ ਉਹ ਨਾ ਸਿਰਫ਼ ਵਿਕਸਤ ਭਾਰਤ ਦੇ ਸੰਕਲਪ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ, ਸਗੋਂ ਸਿੱਖਿਆ ਤੋਂ ਲੈ ਕੇ ਕਾਰੋਬਾਰ ਤੱਕ ਹਰ ਖੇਤਰ ਵਿੱਚ ਉਦਾਹਰਣਾਂ ਵੀ ਕਾਇਮ ਕਰ ਰਹੀਆਂ ਹਨ। ਪਿਛਲੇ 11 ਸਾਲਾਂ ਵਿੱਚ ਸਾਡੀ ਨਾਰੀ ਸ਼ਕਤੀ ਦੀਆਂ ਸਫਲਤਾਵਾਂ ਦੇਸ਼ ਵਾਸੀਆਂ ਨੂੰ ਮਾਣ ਦਿਵਾਉਣ ਵਾਲੀਆਂ ਹਨ।”