ਬਿਆਸ : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਚਾਚੇ ਘਰ NIA ਵੱਲੋਂ ਰੇਡ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਅੱਜ ਸਵੇਰੇ ਤੜਕਸਾਰ 5 ਵਜੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸੰਸਦ ਮੈਂਬਰ ਦੇ ਚਾਚਾ ਪ੍ਰਗਟ ਸਿੰਘ ਘਰ ਨਹੀਂ ਮਿਲੇ। ਇਸ ਮਗਰੋਂ ਟੀਮ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਨੂੰ ਪੁੱਛਗਿੱਛ ਦੇ ਲਈ ਬਿਆਸ ਥਾਣੇ ਲੈ ਗਈ ਹੈ। ਉਨ੍ਹਾਂ ਦੇ ਮਗਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਵੀ ਥਾਣੇ ਪਹੁੰਚੇ ਹਨ।
ਪ੍ਰਗਟ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਵੇਰੇ ਤੜਕਸਾਰ NIA ਵੱਲੋਂ ਰੇਡ ਕੀਤੀ ਗਈ ਹੈ। ਪ੍ਰਗਟ ਸਿੰਘ ਰਈਆ ਕਸਬੇ ਵਿਚ ਰੇਡ ਕੀਤੀ ਹੈ। ਪ੍ਰਗਟ ਸਿੰਘ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਾਈਚਾਰੇ ਵਿਚੋਂ ਚਾਚਾ ਜੀ ਲੱਗਦੇ ਹਨ। ਉਹ ਜੱਲੁਪੂਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ NIA ਵੱਲੋਂ ਰਸੋਈ, ਬੈੱਡਰੂਮ ਆਦਿ ਤਕ ਵੀ ਕਾਫ਼ੀ ਫਰੋਲਾ-ਫਰਾਲੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ NIA ਵੱਲੋਂ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਤੜਕਸਾਰ ਛਾਪੇਮਾਰੀ ਕੀਤੀ ਗਈ ਹੈ। NIA ਦੀ ਟੀਮ ਨੇ ਅੰਮ੍ਰਿਤਸਰ ਦੇ ਸੁਲਤਾਨਵਿੰਡ, ਰਈਆ, ਘੁਮਾਣ, ਮੋਗਾ ਦੇ ਸਮਾਲਸਰ ਵਿਚ ਛਾਪੇਮਾਰੀ ਕੀਤੀ ਹੈ। ਮੋਗਾ ਦੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਕਸਬਾ ਸਮਾਲਸਰ ਵਿਖੇ ਅੱਜ ਸਵੇਰੇ ਤਕਰੀਬਨ 6 ਵਜੇ ਦੇ ਕਰੀਬ NIA ਦੀ ਟੀਮ ਵੱਲੋਂ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਅਚਾਨਕ ਰੇਡ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ NIA ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।