LPG ਦੀ ਕਿੱਲਤ ਨਾਲ ਠੱਪ ਹੋਣ ਲੱਗੇ ਕੰਮ-ਕਾਜ ! ਹੋਟਲਾਂ ਨੇ ਲਟਕਾ’ਤੀਆਂ ‘ਛੁੱਟੀ’ ਦੀਆਂ ਫੱਟੀਆਂ

ਚੇਨਈ- ਚੇਨਈ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ‘ਚ ਸੰਚਾਲਿਤ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਇਕ ਵਰਗ ਨੇ ਵਪਾਰਕ ਐੱਲਪੀਜੀ ਸਿਲੰਡਰਾਂ ਦੀ ਸਪਲਾਈ ਨਾ ਹੋਣ ਕਾਰਨ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ। ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਵੇਰੇ-ਸਵੇਰੇ ਚਾਹ-ਕੌਫੀ ਲਈ ਪਹੁੰਚੇ ਗਾਹਕਾਂ ਨੇ ਹੋਟਲਾਂ ਦੇ ਬੰਦ ਰਹਿਣ ‘ਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਉਮੀਦ ਜਤਾਈ ਕਿ ਕੇਂਦਰ ਸਰਕਾਰ ਸਥਿਤੀ ਸੁਧਾਰਨ ਲਈ ਜ਼ਰੂਰੀ ਕਦਮ ਚੁੱਕੇਗੀ। ਸ਼ਹਿਰ ਦੇ ਇਕ ਲੋਕਪ੍ਰਿਯ ਹੋਟਲ ‘ਚ ਬੁੱਧਵਾਰ ਨੂੰ ਲੱਗੇ ਨੋਟਿਸ ‘ਚ ਲਿਖਿਆ ਸੀ,”ਐੱਲਪੀਜੀ ਸਪਲਾਈ ਨਾ ਹੋਣ ਕਾਰਨ 11 ਮਾਰਚ 2026 ਨੂੰ ਛੁੱਟੀ ਐਲਾਨ ਕੀਤੀ ਗਈ ਹੈ।” ਉੱਥੇ ਕੌਫੀ ਪੀਣ ਆਏ ਇਕ ਵਾਸੀ ਨੇ ਤਿਆਗਰਾਇਆ ਨਗਰ ਸਥਿਤ ਹੋਟਲ ‘ਚ ਛੁੱਟੀ ਐਲਾਨ ਹੋਣ ਤੋਂ ਬਾਅਦ ਕਿਹਾ,”ਜੇਕਰ ਵਪਾਰਕ ਐੱਲਪੀਜੀ ਸਿਲੰਡਰ ਦੀ ਸਪਲਾਈ ਦੀ ਇਹ ਸਥਿਤੀ ਰਹੀ ਤਾਂ ਘਰੇਲੂ ਐੱਲਪੀਜੀ ਸਪਲਾਈ ‘ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਘਰੇਲੂ ਗੈਸ ਦੀ ਬੁਕਿੰਗ ਮਿਆਦ ਪਹਿਲਾਂ ਹੀ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤੀ ਗਈ ਹੈ। ਸਾਨੂੰ ਨਹੀਂ ਪਤਾ ਕਿ ਅਸੀਂ ਕੀ ਕਰਾਂਗੇ।”
ਹੋਟਲ ਐਸੋਸੀਏਸ਼ਨ ਨੇ 10 ਮਾਰਚ ਨੂੰ ਆਪਣੇ ਕਾਰੋਬਾਰ ਨੂੰ ਜਾਰੀ ਰੱਖਣ ਨੂੰ ਲੈ ਕੇ ਚਿੰਤਾ ਜਤਾਈ ਸੀ, ਕਿਉਂਕਿ ਵਪਾਰਕ ਐੱਲਪੀਜੀ ਸਿਲੰਡਰ ਦਾ ਮੌਜੂਦਾ ਭੰਡਾਰ ‘ਸਿਰਫ਼ ਇਕ ਜਾਂ 2 ਦਿਨ ਲਈ ਹੀ ਹੋਵੇਗਾ।” ਈਸਟ ਕੋਸਟ ਕੋਡ ਸਥਿਤ ਇਕ ਪ੍ਰਸਿੱਧ ਹੋਟਲ ਦੇ ਮਾਲਕ ਨੇ ਕਿਹਾ,”ਅਸੀਂ ਇਡਲੀ, ਸਾਂਬਰ ਅਤੇ ਵੜਾ ਤਿਆਰ ਕੀਤੇ ਹਨ। ਅਸੀਂ ਡੋਸੇ ਦੀਆਂ ਵੱਖ-ਵੱਖ ਕਿਸਮਾਂ ਹਟਾ ਦਿੱਤੀਆਂ ਹਨ। ਦੁਪਹਿਰ ਅਤੇ ਰਾਤ ਦੇ ਖਾਣੇ ਦੀ ਸੂਚੀ ‘ਚ ਸਿਰਫ਼ ਵੱਖ-ਵੱਖ ਤਰ੍ਹਾਂ ਦੇ ਚੌਲ ਹੋਣਗੇ, ਕਿਉਂਕਿ ਡੋਸਾ ਅਤੇ ਫ੍ਰਾਈਡ ਰਾਈਸ ਲਈ ਐੱਲਪੀਜੀ ਦੀ ਲਗਾਤਾਰ ਸਪਲਾਈ ਜ਼ਰੂਰੀ ਹੈ।” ਰਾਜ ਦੇ ਹੋਟਲਾਂ ਅਤੇ ਰੈਸਟੋਰੈਟਾਂ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਤਾਮਿਲਨਾਡੂ ਹੋਟਲ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ 10 ਮਾਰਚ ਨੂੰ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ।