ਜੰਮੂ- ਜੰਮੂ-ਕਸ਼ਮੀਰ ਦੇ ਅਖਨੂਰ ਅਤੇ ਸੁੰਦਰਬਨੀ ਸੈਕਟਰ ਵਿਚ ਕੰਟਰੋਲ ਰੇਖਾ (LoC) ਨੇੜੇ ਐਤਵਾਰ ਅੱਧੀ ਰਾਤ ਨੂੰ ਸ਼ੱਕੀ ਘੁਸਪੈਠੀਆਂ ਦੇ ਦੋ ਸਮੂਹਾਂ ਦੀ ਗਤੀਵਿਧੀ ਦਾ ਪਤਾ ਲੱਗਣ ਮਗਰੋਂ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਦੂਜੇ ਪਾਸਿਓਂ ਗੋਲੀਬਾਰੀ ਦੀ ਸੂਚਨਾ ਨਹੀਂ ਹੈ ਪਰ ਸਰਹੱਦ ਪਾਰ ਤੋਂ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਅਖਨੂਰ ਅਤੇ ਸੁੰਦਰਬਨੀ ਸੈਕਟਰ ਵਿਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਜੰਮੂ ਦੇ ਬਾਹਰੀ ਇਲਾਕੇ ਵਿਚ ਸਥਿਤ ਅਖਨੂਰ ਦੇ ਬੱਟਲ ਸੈਕਟਰ ਵਿਚ ਮੋਹਰੀ ਖੇਤਰ ‘ਚ ਰਾਤ ਕਰੀਬ ਡੇਢ ਵਜੇ 3 ਤੋਂ 4 ਘੁਸਪੈਠੀਆਂ ਦੀ ਸ਼ੱਕੀ ਗਤੀਵਿਧੀ ਵੇਖੀ ਗਈ, ਜਿਸ ਤੋਂ ਬਾਅਦ ਫ਼ੌਜ ਦੇ ਚੌਕਸ ਜਵਾਨਾਂ ਨੇ ਗੋਲੀਬਾਰੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਰਾਤ ਦੇ ਸਮੇਂ ਇਲਾਕੇ ਵਿਚ ਡਰੋਨ ਜ਼ਰੀਏ ਨਿਗਰਾਨੀ ਕੀਤੀ ਗਈ ਅਤੇ ਸਖ਼ਤ ਘੇਰਾਬੰਦੀ ਲਈ ਵਾਧੂ ਫੋਰਸ ਤਾਇਨਾਤ ਕੀਤੀ ਗਈ। ਸਵੇਰ ਹੁੰਦੇ ਹੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਫ਼ੌਜ ਦੇ ਜਵਾਨਾਂ ਨੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ-ਨੌਸ਼ਹਿਰਾ ਸੈਕਟਰ ਵਿਚ ਮੋਹਰੀ ਇਲਾਕੇ ਵਿਚ ਰਾਤ ਕਰੀਬ ਸਾਢੇ 12 ਵਜੇ ਸ਼ੱਕੀ ਗਤੀਵਿਧੀ ਵੇਖੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਰਾਊਂਡ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੇਖਾ ਨਾਲ ਲੱਗਦੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਧਾਰਾ-370 ਨੂੰ ਰੱਦ ਕੀਤੇ ਜਾਣ ਦੇ 5 ਸਾਲ ਸੋਮਵਾਰ ਨੂੰ ਪੂਰੇ ਹੋਏ, ਜਿਸ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।