HP ‘ਚ ਬਰਫ਼ਬਾਰੀ ਅਤੇ ਮੀਂਹ ਦਾ ਕਹਿਰ ! ਕਈ ਇਲਾਕਿਆਂ ‘ਚ ਤਾਪਮਾਨ ਜ਼ੀਰੋ ਤੋਂ ਹੇਠਾਂ, ‘ਯੈਲੋ ਅਲਰਟ’ ਜਾਰੀ

ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਕਬਾਇਲੀ ਇਲਾਕਿਆਂ ਵਿੱਚ ਲਗਾਤਾਰ ਪੰਜਵੇਂ ਦਿਨ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ ਹੈ। ਇਸ ਦੇ ਨਾਲ ਹੀ ਸੂਬੇ ਦੇ ਮੱਧ ਅਤੇ ਹੇਠਲੇ ਹਿੱਸਿਆਂ ਵਿੱਚ ਹੋਈ ਵਿਆਪਕ ਬਾਰਿਸ਼ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਸਾਂਗਲਾ ਵਿੱਚ ਸਭ ਤੋਂ ਵੱਧ 20.5 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ, ਜਦੋਂ ਕਿ ਕਲਪਾ ਵਿੱਚ 18.2 ਸੈਂਟੀਮੀਟਰ ਅਤੇ ਕੇਲਾਂਗ ਵਿੱਚ 10 ਸੈਂਟੀਮੀਟਰ ਬਰਫ਼ਬਾਰੀ ਹੋਈ। ਬਾਰਿਸ਼ ਦੀ ਗੱਲ ਕਰੀਏ ਤਾਂ ਕੰਡਾਘਾਟ ਵਿੱਚ ਸਭ ਤੋਂ ਵੱਧ 50 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਮਨਾਲੀ, ਸ਼ਿਮਲਾ, ਗੋਹਰ ਅਤੇ ਬਰਥਿਨ ਵਿੱਚ 40 ਮਿਲੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਕੁਕੁਮਸੇਰੀ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਮਾਈਨਸ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਸ਼ਨੀਵਾਰ ਨੂੰ ਕੁਝ ਇਲਾਕਿਆਂ ਵਿੱਚ ਧੁੱਪ ਖਿੜਨ ਨਾਲ ਲੋਕਾਂ ਨੂੰ ਖ਼ਰਾਬ ਮੌਸਮ ਤੋਂ ਥੋੜ੍ਹੀ ਰਾਹਤ ਮਿਲੀ ਹੈ।
ਸਥਾਨਕ ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਜਾਰੀ ਕੀਤਾ ਹੈ। 23 ਮਾਰਚ ਨੂੰ ਕਾਂਗੜਾ, ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ। ਵਿਭਾਗ ਨੇ 24 ਅਤੇ 27 ਮਾਰਚ ਨੂੰ ਵੀ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਜਾਂ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ।