G7 ਸੰਮੇਲਨ ‘ਚ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਮਿਲੇ PM ਮੋਦੀ, ਵਿਸ਼ਵ ਮੁੱਦਿਆਂ ‘ਤੇ ਹੋਈ ਚਰਚਾ

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁੱਕਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੇ ਤਰੀਕਿਆਂ ਅਤੇ ਵਿਸ਼ਵ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ। ਦੋਵੇਂ ਆਗੂਆਂ ਦੀ ਮੁਲਾਕਾਤ ਇਟਲੀ ਦੇ ਦੱਖਣੀ ਸ਼ਹਿਰ ਬਾਰੀ ‘ਚ ਜੀ-7 ਸਿਖਰ ਸੰਮੇਲਨ ਦੌਰਾਨ ਹੋਈ ਹੈ।
ਦੱਸ ਦੇਈਏ ਕਿ ਪੀਐੱਮ ਮੋਦੀ ਇਸ ਮਹੀਨੇ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਨ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀਐੱਮ ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਦੋਵਾਂ ਨੇਤਾਵਾਂ ਦੀ ਆਖਰੀ ਵਾਰ ਮੁਲਾਕਾਤ ਜਨਵਰੀ ਵਿੱਚ ਹੋਈ ਸੀ, ਜਦੋਂ ਫਰਾਂਸ ਦੇ ਰਾਸ਼ਟਰਪਤੀ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ ਸਨ।
ਇਸ ਦੇ ਨਾਲ ਇਹ ਵੀ ਦੱਸ ਦੇਈਏ ਕਿ ਦੋਵਾਂ ਨੇਤਾਵਾਂ ਨੇ ਆਪਣੀ ਪਿਛਲੀ ਮੁਲਾਕਾਤ ਦੌਰਾਨ ਦੁਵੱਲੇ ਸਹਿਯੋਗ ਅਤੇ ਅੰਤਰਰਾਸ਼ਟਰੀ ਭਾਈਵਾਲੀ ਲਈ ਆਪਣੇ ਸਾਂਝੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ ਸੀ, ਜਿਸ ਦੀ ਰੂਪਰੇਖਾ ‘ਹੋਰਾਈਜ਼ਨ 2047’ ਅਤੇ ਜੁਲਾਈ 2023 ਦੇ ਸਿਖਰ ਸੰਮੇਲਨ ਦੇ ਹੋਰ ਦਸਤਾਵੇਜ਼ਾਂ ਵਿੱਚ ਦਿੱਤੀ ਗਈ ਹੈ। ‘ਹੋਰਾਈਜ਼ਨ 2047’ ਰੋਡਮੈਪ ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ ਸਾਲ 2047 ਲਈ ਦੁਵੱਲੇ ਸਬੰਧਾਂ ਦੇ ਸੰਦਰਭ ਵਿੱਚ ਇੱਕ ਅਭਿਲਾਸ਼ੀ ਅਤੇ ਵਿਆਪਕ ਪ੍ਰੋਗਰਾਮ ਤੈਅ ਕਰਦਾ ਹੈ।