DRDO ਨੇ ਐਂਟੀ ਮਿਜ਼ਾਈਲ ਤਕਨਾਲੋਜੀ ਵਿਕਸਿਤ ਕੀਤੀ

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਜਲ ਸੈਨਿਕ ਬੇੜਿਆਂ ਨੂੰ ਦੁਸ਼ਮਣ ਦੇ ਮਿਜ਼ਾਈਲ ਹਮਲੇ ਤੋਂ ਬਚਾਉਣ ਲਈ ਸਵਦੇਸ਼ੀ ਐਡਵਾਂਸ ਤਕਨਾਲੋਜੀ ਵਿਕਸਿਤ ਕੀਤੀ ਹੈ। ਐਡਵਾਂਸ ਚਾਫ ਤਕਨਾਲੋਜੀ ਦੀ ਮਦਦ ਨਾਲ ਰਾਕੇਟ ਦੇ ਤਿੰਨ ਤਰ੍ਹਾਂ ਦੇ ਐਡੀਸ਼ਨ ਵਿਕਸਿਤ ਕੀਤੇ ਗਏ ਹਨ, ਜੋ ਛੋਟੀ ਦੂਰੀ, ਮੱਧਮ ਦੂਰੀ ਅਤੇ ਲੰਬੀ ਦੂਰੀ ਦੇ ਹੋਣਗੇ ਅਤੇ ਇਨ੍ਹਾਂ ਨੂੰ ਜਲ ਸੈਨਾ ਦੀ ਜ਼ਰੂਰਤ ਅਨੁਸਾਰ ਵਿਕਸਿਤ ਕੀਤਾ ਗਿਆ ਹੈ।
ਇਸ ਉਪਲੱਬਧੀ ਨੂੰ ਆਤਮਨਿਰਭਰ ਭਾਰਤ ਦੀ ਦਿਸ਼ਾ ‘ਚ ਇਕ ਹੋਰ ਵੱਡਾ ਕਦਮ ਦੱਸਿਆ ਜਾ ਰਿਹਾ ਹੈ। ਜਲ ਸੈਨਾ ਨੇ ਹਾਲ ਹੀ ‘ਚ ਰਾਕੇਟ ਦੇ ਇਨ੍ਹਾਂ ਤਿੰਨਾਂ ਐਡੀਸ਼ਨਾਂ ਦਾ ਅਰਬ ਸਾਗਰ ‘ਚ ਪ੍ਰੀਖਣ ਕੀਤਾ ਸੀ ਅਤੇ ਇਨ੍ਹਾਂ ਦੇ ਨਤੀਜੇ ਸੰਤੋਸ਼ਜਨਕ ਪਾਏ ਗਏ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੈੱਡੀ ਨੇ ਵਿਗਿਆਨੀਆਂ ਦੀ ਟੀਮ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ ਹੈ।