DGP ਗੌਰਵ ਯਾਦਵ ਦੀ ਸਖ਼ਤੀ, ਪੰਜਾਬ ਪੁਲਸ ਲਈ ਦਫ਼ਤਰਾਂ ‘ਚ ਬੈਠਣ ਸਬੰਧੀ ਜਾਰੀ ਕੀਤੇ ਨਵੇਂ ਹੁਕਮ

ਜਲੰਧਰ/ਚੰਡੀਗੜ੍ਹ – ਪੰਜਾਬ ਪੁਲਸ ਨੇ ਲੋਕਾਂ ਦੀ ਸਹੂਲਤ ਲਈ ਵੱਡਾ ਫ਼ੈਸਲਾ ਲਿਆ ਹੈ। ਹੁਣ ਰੋਜ਼ਾਨਾ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਐੱਸ. ਐੱਚ. ਓ. ਤੋਂ ਲੈ ਕੇ ਸੀਨੀਅਰ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਬੈਠਣਗੇ ਅਤੇ ਪਹਿਲ ਦੇ ਆਧਾਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਸਬੰਧੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਡੀ. ਜੀ. ਪੀ. ਗੌਰਵ ਯਾਦਨ ਨੇ ਇਹ ਫ਼ੈਸਲਾ ਲੋਕਾਂ ਵੱਲੋਂ ਆ ਰਹੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਲਿਆ ਗਿਆ ਹੈ। ਇਹ ਹੁਕਮ ਏ. ਡੀ. ਜੀ. ਪੀ/ਆਈ. ਜੀ. ਪੀ/ਡੀ. ਆਈ. ਜੀ, ਪੁਲਸ ਕਮਿਸ਼ਨਰਾਂ, ਜ਼ਿਲ੍ਹੇ ਦੇ ਐੱਸ. ਐੱਸ. ਪੀ, ਸਬ-ਡਿਵੀਜ਼ਨਲ ਡੀ. ਐੱਸ. ਪੀ. ਅਤੇ ਸਾਰੀਆਂ ਰੇਂਜਾਂ ਦੇ ਐੱਸ. ਐੱਚ. ਓ. ‘ਤੇ ਲਾਗੂ ਹੋਣਗੇ। ਇਹ ਹੁਕਮ ਸਾਰੇ ਵਰਕਿੰਗ ਡੇਅ ‘ਤੇ ਲਾਗੂ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੁਲਸ ਦਾ ਵੀ ਫਰਜ਼ ਹੈ। ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ।
ਪੁਲਸ ਦੇ ਉਪਰੋਕਤ ਹੁਕਮ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰ ‘ਤੇ ਵੀ ਲਾਗੂ ਹੋਣਗੇ। ਸਪੈਸ਼ਲ ਡੀ. ਜੀ. ਪੀ/ਐਡੀਸ਼ਨਲ ਡੀ. ਜੀ. ਪੀ. ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਪੁਲਸ ਹੈੱਡਕੁਆਰਟਰ ਵਿਖੇ ਨਿਰਧਾਰਤ ਸਮੇਂ ਅੰਦਰ ਲੋਕਾਂ ਨੂੰ ਮਿਲਣਾ ਹੋਵੇਗਾ। ਡੀ. ਜੀ. ਪੀ. ਨੇ ਸਪੱਸ਼ਟ ਕੀਤਾ ਹੈ ਕਿ ਸਾਰਿਆਂ ਨੂੰ ਉਪਰੋਕਤ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਸੂਬੇ ‘ਚ ਅਮਨ-ਕਾਨੂੰਨ ਬਣਾਈ ਰੱਖਣ ਲਈ ਇਹ ਯਤਨ ਜਾਰੀ ਰਹਿਣਗੇ। ਪੁਲਸ ਵੱਲੋਂ ਨਾਗਰਿਕਾਂ ਤੱਕ ਪਹੁੰਚ ਕਰਨ ਲਈ ਇਹ ਇਕ ਵੱਡਾ ਕਦਮ ਹੈ।