CM ਮਾਨ ਨੂੰ ਮਿਲਣ ਪਹੁੰਚੀ Olympic ‘ਚ 2 ਮੈਡਲ ਜਿੱਤਣ ਵਾਲੀ ਮਨੂੰ ਭਾਕਰ

ਚੰਡੀਗੜ੍ਹ: ਪੈਰਿਸ ਓਲੰਪਿਕ ‘ਚ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੀ ਦੋਹਰਾ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂੰ ਭਾਕਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੀ।
ਜ਼ਿਕਰਯੋਗ ਹੈ ਕਿ 22 ਸਾਲਾ ਮਨੂੰ ਭਾਕਰ ਨੇ ਪੈਰਿਸ ਓਲੰਪਿਕ ‘ਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮਨੂੰ ਨੇ ਪੈਰਿਸ ਓਲੰਪਿਕ ‘ਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ।
ਇਸ ਨਾਲ ਉਹ ਇਕ ਓਲੰਪਿਕ ਵਿਚ ਦੋ ਤਗਮੇ ਜਿੱਤਣ ਵਾਲੀ ਆਜ਼ਾਦ ਭਾਰਤ ਤੋਂ ਪਹਿਲੀ ਭਾਰਤੀ ਬਣ ਗਈ। ਇਸ ਤੋਂ ਬਾਅਦ ਉਸ ਕੋਲ ਆਪਣਾ ਤੀਜਾ ਓਲੰਪਿਕ ਤਮਗਾ ਜਿੱਤ ਕੇ ਇਕਲੌਤੀ ਭਾਰਤੀ ਬਣ ਕੇ ਇਤਿਹਾਸ ਰਚਣ ਦਾ ਮੌਕਾ ਸੀ ਪਰ ਉਹ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ ਥੋੜ੍ਹੇ ਫਰਕ ਨਾਲ ਇਸ ਨੂੰ ਗੁਆ ਬੈਠੀ ਅਤੇ ਚੌਥੇ ਸਥਾਨ ’ਤੇ ਰਹੀ।