CM ਮਾਨ ਨੇ ਪੰਜਾਬੀਆਂ ਨੂੰ ਦਿੱਤਾ ਤੋਹਫ਼ਾ, ਨਾਲ ਹੀ ਕੀਤੀ ਅਪੀਲ

ਦਿੜ੍ਹਬਾ : ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨਵੇਂ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸੇ ਤਹਿਸੀਲ ਕੰਪਲੈਕਸ ‘ਚ ਸਾਰੇ ਦਫ਼ਤਰ ਹਨ ਅਤੇ ਲੋਕਾਂ ਦੇ ਸਾਰੇ ਕੰਮ ਇੱਕੋ ਇਮਾਰਤ ‘ਚ ਹੋ ਜਾਇਆ ਕਰਨਗੇ ਅਤੇ ਇਹ ਕੰਮ ਸਾਰੇ ਪੰਜਾਬ ‘ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜੋ ਇਮਾਰਤਾਂ ਬਣ ਰਹੀਆਂ ਹਨ, ਉਹ ਬਿਲਕੁਲ ਆਧੁਨਿਕ ਤਰੀਕੇ ਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਨਵੀਂ ਇਮਾਰਤ ‘ਚ ਸਾਰੇ ਅਫ਼ਸਰ ਬੈਠੇ ਹਨ ਅਤੇ ਲੋਕਾਂ ਨੂੰ ਵੱਖ-ਵੱਖ ਦਫ਼ਤਰਾਂ ‘ਚ ਧੱਕੇ ਨਹੀਂ ਖਾਣੇ ਪੈਣਗੇ। ਉਨ੍ਹਾਂ ਨੇ ਲੋਕਾਂ ਨੂੰ ਵੀ ਰਲ-ਮਿਲ ਕੇ ਰਹਿਣ ਦੀ ਅਪੀਲ ਕੀਤੀ ਤਾਂ ਜੋ ਤਹਿਸੀਲ ਕੰਪਲੈਕਸ ਵਿਖੇ ਲੜਾਈ-ਝਗੜੇ ਦੇ ਮਾਮਲਿਆਂ ‘ਚ ਆਉਣ ਦੀ ਲੋੜ ਘੱਟ ਪਵੇ।
ਉਨ੍ਹਾਂ ਕਿਹਾ ਕਿ ਜੋ ਕੁੱਝ ਵੀ ਨਵਾਂ ਬਣ ਰਿਹਾ ਹੈ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਬਣ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਨਵੀਂ ਬਣੀ ਇਮਾਰਤ ‘ਤੇ 10 ਕਰੋੜ, 80 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਘਰਾਂ ‘ਚੋਂ ਗਰੀਬੀਆਂ ਕੱਢਣੀਆਂ ਅਤੇ ਲੋਕਾਂ ਨੂੰ ਖ਼ੁਸ਼ੀ ਦੇਣੀ ਹੈ।