ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ 417 ਨਵੇਂ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ‘ਚ ਹੀ ਹਰ ਨੌਜਵਾਨ ਨੂੰ ਕੰਮ ਮਿਲ ਜਾਵੇ ਤਾਂ ਉਸ ਨੂੰ ਫਿਰ ਬਾਹਰ ਜਾਣ ਦੀ ਕੋਈ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਲਗਾਤਾਰ ਨੌਕਰੀਆਂ ਮਿਲ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਹੁਣ ਤੱਕ 44,666 ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਹੋਰ ਬਹੁਤ ਕੁਰਸੀਆਂ ਨੌਜਵਾਨਾਂ ਦਾ ਇੰਤਜ਼ਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਤੁਸੀਂ ਨੌਕਰੀ ਕਰਨੀ ਹੈ, ਉੱਥੇ ਆਪਣੀ ਅਹਿਮੀਅਤ ਬਣਾਉਣੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਡਿਊਟੀਆਂ ਘਰਾਂ ਦੇ ਨੇੜੇ-ਤੇੜੇ ਹੀ ਰਹਿਣ ਪਰ ਤਰੱਕੀਆਂ ਕਰਨ ਲਈ ਜੱਦੀ ਘਰ ਵੀ ਛੱਡਣੇ ਪੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬੀ ਹਾਂ ਅਤੇ ਸਾਨੂੰ ਗੁਰੂਆਂ-ਪੀਰਾਂ ਦਾ ਅਸ਼ੀਰਵਾਦ ਹੈ।
ਪੰਜਾਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਅਤੇ ਅਸੀਂ ਬਹੁਤ ਲੜਾਈਆਂ ਲੜ ਚੁੱਕੇ ਹਾਂ। ਸਾਡੇ ਖੂਨ ‘ਚ ਹੀ ਲੜਾਈ ਲੜਨਾ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ‘ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਤਾਂ ਫਿਰ ਕਿਸੇ ਨਾ ਕਿਸੇ ਦਿਨ ਦਾ ਸਾਹਮਣਾ ਕਰਨਾ ਹੀ ਪਵੇਗਾ। ਅਕਾਲੀ ਦਲ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਹੀ ਹਾਲ ਦੇਖ ਲਵੋ, ਜਿਹੜੇ ਅਸਲੀ ਮੁੱਦਿਆਂ ਤੋਂ ਭੱਜੇ ਹਨ ਅਤੇ ਇਨ੍ਹਾਂ ਨੇ ਜੋ ਕੀਤਾ ਹੈ, ਖ਼ੁਦ ਲਈ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸਾਰੇ ਮੁੱਦਿਆਂ ਦਾ ਸਾਹਮਣਾ ਕਰਾਂਗੇ ਅਤੇ ਭੱਜਣ ਵਾਲੇ ਨਹੀਂ ਹਾਂ।