CM ਮਾਨ ਨੇ ਘੇਰੀ ਭਾਜਪਾ, ਕਿਹਾ-ਲੋਕ 15 ਲੱਖ ਦੇ ‘ਜੁਮਲੇ’ ਨਾਲੋਂ 2100 ਰੁਪਏ ਦੀ ਗਾਰੰਟੀ ’ਤੇ ਕਰਦੇ ਨੇ ਭਰੋਸਾ

ਚੰਡੀਗੜ੍ਹ/ਜਲੰਧਰ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਦਿੱਲੀ ’ਚ 4 ਰੋਡ ਸ਼ੋਅ ਅਤੇ ਇਕ ਜਨਸਭਾ ਕਰਕੇ ‘ਆਪ’ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਮਾਨ ਨੇ ਮਾਦੀਪੁਰ, ਹਰੀ ਨਗਰ, ਜਨਕਪੁਰੀ ਅਤੇ ਪਾਲਮ ਵਿਧਾਨ ਸਭਾ ਹਲਕਿਆਂ ’ਚ ਵੱਡਾ ਰੋਡ ਸ਼ੋਅ ਕੀਤੇ ਅਤੇ ਚਾਂਦਨੀ ਚੌਕ ਵਿਖੇ ਇਕ ਜਨਸਭਾ ਨੂੰ ਸੰਬੋਧਨ ਕੀਤਾ।
ਭੀੜ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਕਲੌਤੇ ਨੇਤਾ ਹਨ, ਜੋ ਆਪਣੇ ਵਾਅਦੇ ਪੂਰੇ ਕਰਦੇ ਹਨ। ਅਸੀਂ ‘ਜੁਮਲੇ’ ਨਹੀਂ ਕਹਿੰਦੇ, ਅਸੀਂ ਜੋ ਕਹਿੰਦੇ ਹਾਂ ਉਸ ਨੂੰ ਪੂਰਾ ਕਰਦੇ ਹਾਂ। ਹਰੀ ਨਗਰ ’ਚ ਮਾਨ ਨੇ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਇਸ ਪਿਆਰ ਦਾ ਕਿਸੇ ਵੀ ਕਰੰਸੀ ’ਚ ਕੋਈ ਮੋਲ ਨਹੀਂ ਹੈ। ਇਹ ਅਨਮੋਲ ਹੈ। ਉਨ੍ਹਾਂ ਨੇ ‘ਆਪ’ ਦੇ ਸ਼ਾਸਨ ਮਾਡਲ ਨੂੰ ਉਜਾਗਰ ਕੀਤਾ, ਜਿਸ ’ਚ 200 ਯੂਨਿਟ ਤਕ ਮੁਫ਼ਤ ਬਿਜਲੀ, ਮੁਫ਼ਤ ਪਾਣੀ ਅਤੇ ਔਰਤਾਂ ਨੂੰ 2,100 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕਰਨ ਵਾਲੀ ਮਹਿਲਾ ਸਨਮਾਨ ਯੋਜਨਾ ਸ਼ਾਮਲ ਹੈ। ਮਾਨ ਨੇ ਕਿਹਾ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ। ਅਸੀਂ ਤੁਹਾਡੇ ਵਰਗੇ ਆਮ ਲੋਕ ਹਾਂ ਅਤੇ ਅਸਧਾਰਨ ਸ਼ਾਸਨ ਲਈ ਵਚਨਬੱਧ ਹਾਂ। ਉਨ੍ਹਾਂ ਨੇ ਕਿਫ਼ਾਇਤੀ ਸਿੱਖਿਆ, ਮੁਫ਼ਤ ਸਿਹਤ ਸੰਭਾਲ, ਸਬਸਿਡੀ ਵਾਲੀ ਬਿਜਲੀ ਅਤੇ ਔਰਤਾਂ ਦੀ ਸੁਰੱਖਿਆ ਪਹਿਲਕਦਮੀਆਂ ਰਾਹੀਂ ਨਾਗਰਿਕਾਂ ਨੂੰ 25,000 ਤੋਂ 30,000 ਰੁਪਏ ਮਹੀਨਾਵਾਰ ਬਚਾਉਣ ਲਈ ‘ਆਪ’ ਦੀ ਵਚਨਬੱਧਤਾ ਨੂੰ ਦੁਹਰਾਇਆ।
ਮਾਨ ਨੇ ਲੋਕਾਂ ਨੂੰ ਭ੍ਰਿਸ਼ਟ ਸਿਆਸਤਦਾਨਾਂ ਨੂੰ ਰੱਦ ਕਰਨ ਲਈ ਉਤਸ਼ਾਹਤ ਕਰਦਿਆਂ ਹਾਸੇ-ਮਜ਼ਾਕ ’ਚ ਕਿਹਾ ਕਿ ਤੀਜਾ ਬਟਨ ਦਬਾਓ ਅਤੇ ਦੂਜਿਆਂ ਵੱਲ ਦੇਖਣ ਤੋਂ ਬਚੋ, ਨਹੀਂ ਤਾਂ ਤੁਹਾਨੂੰ ਉਨ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਮੋਤੀਆਬਿੰਦ ਹੋ ਸਕਦਾ ਹੈ। ਚਾਂਦਨੀ ਚੌਂਕ ਵਿਚ ਜਨਸਭਾ ਵਿਚ ਮਾਨ ਨੇ ਭ੍ਰਿਸ਼ਟਾਚਾਰ ਮੁਕਤ, ਲੋਕ ਕੇਂਦਰਿਤ ਸਰਕਾਰ ਲਈ ‘ਆਪ’ ਦੇ ਵਿਜ਼ਨ ਨੂੰ ਦੁਹਰਾਇਆ। ਦਿੱਲੀ ਅਤੇ ਪੰਜਾਬ ਵਿਚ ‘ਆਪ’ ਦੀਆਂ ਪਰਿਵਰਤਨਸ਼ੀਲ ਨੀਤੀਆਂ ’ਤੇ ਵਿਚਾਰ ਕਰਦੇ ਹੋਏ ਮਾਨ ਨੇ ਜਨਤਾ ਨੂੰ ਮੁਹੱਲਾ ਕਲੀਨਿਕ ਅਤੇ ਸੰਜੀਵਨੀ ਯੋਜਨਾ ਵਰਗੀਆਂ ਪਹਿਲਕਦਮੀਆਂ ਦੀ ਯਾਦ ਦਿਵਾਈ, ਜਿੱਥੇ ਬਜ਼ੁਰਗਾਂ ਦਾ ਮੁਫ਼ਤ ਇਲਾਜ ਹੁੰਦਾ ਹੈ। ਉਨ੍ਹਾਂ ਨੇ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ‘ਆਪ’ ਨੂੰ ਫਤਵਾ ਮਿਲਦਾ ਹੈ ਤਾਂ ਉਹ ਇਨ੍ਹਾਂ ਸੁਧਾਰਾਂ ਨੂੰ ਨਵੇਂ ਜੋਸ਼ ਨਾਲ ਜਾਰੀ ਰੱਖਣਗੇ।