ਸ੍ਰੀ ਅਨੰਦਪੁਰ ਸਾਹਿਬ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ੍ਰੀ ਅਨੰਦਪੁਰ ਸਾਹਿਬ ’ਚ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ਦਾ ਨੀਂਹ ਪੱਥਰ ਰੱਖਣਗੇ, ਜਿਸ ’ਤੇ ਲਗਭਗ 25 ਕਰੋੜ ਰੁਪਏ ਖ਼ਰਚ ਆਉਣਗੇ। ਇਸ ਨਾਲ ਗੁਰੂ ਨਗਰੀ ਦੀ ਅਲੌਕਿਕ ਸੁੰਦਰਤਾ ਵਿਚ ਹੋਰ ਵਾਧਾ ਹੋਵੇਗਾ। ਇਹ ਜਾਣਕਾਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਸਕੂਲ ਸਿੱਖਿਆ ਵਿਭਾਗ ਨੇ ਦਿੱਤੀ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਮਨਾਉਣ ਲਈ ਇਕ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਕਰ ਰਹੀ ਹੈ। 71 ਅਧਿਆਪਕਾਂ ਨੂੰ ਰਾਜ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਹ ਸਾਰੇ ਅਧਿਆਪਕ ਜਿਨ੍ਹਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ, ਉਹ ਹਨ, ਜਿਨ੍ਹਾਂ ਨੇ ਨਾ ਸਿਰਫ਼ ਅਕਾਦਮਿਕ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕੀਤਾ ਹੈ ਸਗੋਂ ਹੋਰ ਗਤੀਵਿਧੀਆਂ ਵਿੱਚ ਸਰਕਾਰੀ ਸਕੂਲਾਂ ਦੀ ਸਾਖ ਨੂੰ ਵੀ ਵਧਾਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੇ ਰਸਤੇ ਨੂੰ ਹੁਣ ਸਫ਼ੈਦ ਸੰਗਮਰਮਰ ਨਾਲ ਬਣੇ ਵਿਰਾਸਤੀ ਮਾਰਗ (ਹੈਰੀਟੇਜ ਸਟਰੀਟ) ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ’ਤੇ ਲਗਭਗ 25 ਕਰੋੜ ਰੁਪਏ ਦੀ ਲਾਗਤ ਆਵੇਗੀ, ਇਸਨੂੰ 31 ਮਾਰਚ 2026 ਤੱਕ ਮੁਕੰਮਲ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਮਾਰਗ ਦੀ ਕੁੱਲ੍ਹ ਲੰਬਾਈ 580 ਮੀਟਰ ਹੋਵੇਗੀ, ਜਿਸ ਨੂੰ ਦੋ ਹਿੱਸਿਆਂ ਤਿਆਰ ਕੀਤਾ ਜਾਵੇਗਾ। ਇਕ ਸਰੋਵਰ ਸਾਹਮਣੇ ਲੰਘਦਾ ਰਸਤਾ ਤੇ ਦੂਜਾ ਤਖ਼ਤ ਸਾਹਿਬ ਵੱਲ ਚੜ੍ਹਾਈ ਵਾਲਾ ਹਿੱਸਾ, ਜਿੱਥੇ ਸੰਗਤਾਂ ਦੀ ਸਹੂਲਤ ਲਈ ਪੋੜੀਆਂ ਬਣਾਈਆਂ ਜਾਣਗੀਆਂ। ਬੈਂਸ ਨੇ ਦੱਸਿਆ ਕਿ ਵਿਰਾਸਤੀ ਮਾਰਗ ਦੇ ਦੋਨੋ ਪਾਸਿਆਂ ’ਤੇ ਮਿਊਰਲਾਂ ਅਤੇ ਪੇਂਟਿੰਗਾਂ ਰਾਹੀਂ ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਦਰਸਾਇਆ ਜਾਵੇਗਾ। ਇਸਦੇ ਨਾਲ ਹੀ, ਮਾਰਗ ਦੇ ਸ਼ੁਰੂ ’ਚ ਇਕ ਵੱਡਾ ਅਤੇ ਆਕਰਸ਼ਕ ਮੁੱਖ ਗੇਟ ਬਣਾਇਆ ਜਾਵੇਗਾ, ਜਦਕਿ ਹੋਰ ਗੇਟ ਸਰੋਵਰ ਅਤੇ ਪਾਰਕਿੰਗ ਵਾਲੇ ਰਸਤੇ ’ਤੇ ਵੀ ਬਣਾਏ ਜਾਣਗੇ, ਤਾਂ ਜੋ ਡਿਜ਼ਾਇਨ ਵਿਚ ਇਕਸਾਰਤਾ ਬਣੀ ਰਹੇ।
ਬੈਂਸ ਨੇ ਕਿਹਾ ਕਿ ਇਸ ਮਾਰਗ ’ਤੇ ਸੰਗਮਰਮਰ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ ਰੁੱਖਾਂ ਦੀ ਰੋਪਾਈ ਵੀ ਕੀਤੀ ਜਾਵੇਗੀ, ਜਿਸ ਨਾਲ ਇਹ ਪ੍ਰੋਜੈਕਟ ਧਾਰਮਿਕ ਤੇ ਵਾਤਾਵਰਣ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਬਣੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਵਿਲੱਖਣ ਯੋਜਨਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਸ਼ਵ ਪੱਧਰ ’ਤੇ ਇਕ ਖ਼ਾਸ ਧਾਰਮਿਕ ਟੂਰਿਜਮ ਕੇਂਦਰ ਵਜੋਂ ਉਭਾਰਨ ਵਿਚ ਹੋਰ ਯੋਗਦਾਨ ਪਾਵੇਗੀ ਅਤੇ “ਸਫ਼ੈਦ ਵਿਰਾਸਤੀ ਮਾਰਗ” ਆਪਣੇ ਆਪ ਵਿਚ ਦੁਨੀਆ ਦੀ ਪਹਿਲੀ ਉਦਾਹਰਨ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਇਸ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਣ ਲਈ ਪਹੁੰਚ ਰਹੇ ਹਨ।







