ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੁਆਰਾ ਵੱਡੀ ਭੁੱਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। BCCI ਨੇ ਪੰਜਾਬ ਦੇ ਵਿਕਟਕੀਪਰ ਬੱਲੇਬਾਜ਼ ਅਭਿਸ਼ੇਕ ਗੁਪਤਾ ਦੀ ਚੋਣ ਦਲੀਪ ਟ੍ਰੌਫ਼ੀ ਲਈ ਭਾਰਤੀ ਰੈੱਡ ਟੀਮ ‘ਚ ਕੀਤੀ ਹੈ ਜੋ ਡੋਪ ਉਲੰਘਣਾ ਮਾਮਲੇ ‘ਚ 14 ਸਤੰਬਰ ਤਕ ਬੈਨਡ ਹੈ। ਦਲੀਪ ਟ੍ਰੌਫ਼ੀ ਦੀ ਸ਼ੁਰੂਆਤ 17 ਅਗਸਤ ਤੋਂ 14 ਸਤੰਬਰ ਤਕ ਹੋਣੀ ਹੈ।
ਜੂਨ ‘ਚ 27 ਸਾਲਾ ਇਸ ਖਿਡਾਰੀ ਨੂੰ ਡੋਪਿੰਗ ਨਿਯਮਾਂ ਨੂੰ ਲੈ ਕੇ ਲਾਪਰਵਾਹੀ ਵਰਤਣ ‘ਤੇ ਅੱਠ ਮਹੀਨਿਆਂ ਲਈ ਬੈਨ ਕੀਤਾ ਗਿਆ ਸੀ। ਗੁਪਤਾ ‘ਤੇ ਬੈਨ 15 ਜਨਵਰੀ ਨੂੰ ਸ਼ੁਰੂ ਹੋਇਆ ਸੀ ਜੋ 14 ਸਤੰਬਰ ਤਕ ਰਹੇਗਾ। BCCI ਨੇ ਜੂਨ ‘ਚ ਕਿਹਾ ਸੀ ਕਿ ਗੁਪਤਾ ਨੇ ਗਲਤੀ ਨਾਲ ਅਜਿਹੇ ਪਦਾਰਥਾਂ ਦਾ ਸੇਵਨ ਕਰ ਲਿਆ ਸੀ ਜੋ ਆਮ ਤੌਰ ‘ਤੇ ਸਰਦੀ-ਜ਼ੁਕਾਮ ਦੀ ਦਵਾਈ ‘ਚ ਪਾਇਆ ਜਾਂਦਾ ਹੈ। ਚੋਣਕਾਰਾਂ ਨੇ ਕੋਲਕਾਤਾ ‘ਚ ਦਲੀਪ ਟ੍ਰੌਫ਼ੀ ਦੀਆਂ ਟੀਮਾਂ ਦੀ ਚੋਣ ਕੀਤੀ ਜਿਸ ‘ਚ ਫ਼ੈਜ਼ ਫ਼ਜ਼ਲ ਨੂੰ ਭਾਰਤੀ ਬਲਿਊ, ਅਭਿਨਵ ਮੁਕੁੰਦ ਨੂੰ ਭਾਰਤੀ ਰੈੱਡ ਅਤੇ ਪਾਰਥਿਵ ਪਟੇਲ ਨੂੰ ਭਾਰਤੀ ਗ੍ਰੀਨ ਦਾ ਕਪਤਾਨ ਬਣਾਇਆ ਗਿਆ ਹੈ। ਗੁਪਤਾ ਨੇ 6 ਪਹਿਲੀ ਸ਼੍ਰੇਣੀ ਦੇ ਮੈਚਾਂ ਤੋਂ ਇਲਾਵਾ 6 ਲਿਸਟ-A ਅਤੇ 9 T-20 ਮੈਚ ਖੇਡੇ ਹਨ।












