ਸ੍ਰਿਸ਼ਟ ਹੋ ਅਚਾਰ ਹਮਾਰਾ, ਏਸਾ ਹਮ ਵਿਚਾਰ ਕਰੇਂ

walia-bigਸ੍ਰਿਸ਼ਟਾਚਾਰ ਦਰਪਣ ਦੇ ਸਮਾਨ ਹੁੰਦਾ ਹੈ, ਜਿਸ ਵਿਚੋਂ ਮਨੁੱਖ ਆਪਣਾ ਪ੍ਰਤੀਬਿੰਬ ਦੇਖਦਾ ਹੈ। ਸ੍ਰਿਸ਼ਟਾਚਾਰ ਮਨੁੱਖ ਦੀ ਇਕ ਅਲੱਗ ਪਹਿਚਾਣ ਕਰਾਉਂਦਾ ਹੈ। ਸ੍ਰਿਸ਼ਟ ਜਾਂ ਸਭਿਅਕ ਪੁਰਸ਼ਾਂ ਦਾ ਆਚਰਣ ਸ੍ਰਿਸ਼ਟਾਚਾਰ ਅਖਵਾਉਂਦਾ ਹੈ। ਦੂਜਿਆਂ ਦੇ ਪ੍ਰਤੀ ਅੱਛਾ ਵਿਵਹਾਰ, ਮਹਿਮਾਨਾਂ ਦਾ ਆਦਰ ਸਤਿਕਾਰ, ਆਪਣੇ ਤੋਂ ਵੱਡਿਆਂ ਨੂੰ ਸਨਮਾਨ ਅਤੇ ਮਾਣ ਦੇਣਾ ਅਤੇ ਵਿਵਹਾਰ ਵਿਚ ਕੁਲੀਨਤਾ, ਸ਼੍ਰੇਸ਼ਟਤਾ, ਸਾਊਪਣਾ, ਨਿਮਰਤਾ ਅਤੇ ਠਰ੍ਹਮਾ ਸ੍ਰਿਸ਼ਟਾਚਾਰ ਹੁੰਦਾ ਹੈ। ਇਸ ਸ੍ਰਿਸ਼ਟਾਚਾਰ ਸ਼ਬਦ ‘ਸ੍ਰਿਸ਼ਟ’ ਅਤੇ ‘ਅਚਾਰ’ ਨਾਲ ਮਿਲ ਕੇ ਬਣਿਆ ਹੈ। ਇਹ ਸਾਡੇ ਵਿਅਕਤੀਤਵ ਦੇ ਅੰਦਰੂਨੀ ਅਤੇ ਬਾਹਰੀ, ਦੋਹਾਂ ਹੀ ਗੁਣਾਂ ਦਾ ਮਿਸ਼ਰਣ ਹੈ। ‘ਸ੍ਰਿਸ਼ਟ’ ਬਾਹਰੀ ਹੁੰਦਾ ਹੈ, ਅਤੇ ‘ਆਚਾਰ’ ਅੰਦਰੂਨੀ। ਸ੍ਰਿਸ਼ਟਤਾ ਮਨੁੱਖ ਨੇ ਸਿੱਖਣੀ ਹੁੰਦੀ ਹੈ। ਇਸ ਨੁੰ ਮਨੁੱਖ ਪਰਿਵਾਰ ਤੋਂ ਸਿੱਖਦਾ, ਅਧਿਆਪਕਾਂ ਤੋਂ ਸਿੱਖਦਾ ਹੈ, ਸਮਾਜ ਦੇ ਭਲੇ ਮਨੁੱਖਾਂ ਤੋਂ ਸਿੱਖਦਾ ਹੈ, ਕੁਝ ਕਿਤਾਬਾਂ ਤੋਂ ਸਿੱਖਦਾ ਹੈ ਅਤੇ ਕੁਝ ਮੀਡੀਆ ਤੋਂ ਸਿੱਖਦਾ ਹੈ। ‘ਸਟੂਡੈਂਟ ਅਤੇ ਪਰਸਨੈਲਿਟੀ ਡਿਵੈਲਪਮੈਂਟ’ ਦਾ ਲੇਖਕ ਵਿਜੈ ਅਗਰਵਾਲ ਲਿਖਦਾ ਹੈ। ‘ਆਚਾਰ’ ਕਦਰਾਂ ਦੇ ਰੂਪ ‘ਚ, ਗੁਣਾਂ ਦੇ ਰੂਪ ‘ਚ ਪਹਿਲਾਂ ਤੋਂ ਹੀ ਸਾਡੇ ਅੰਦਰ ਮੌਜੂਦ ਰਹਿੰਦੇ ਹਨ। ਸਾਡੇ ਮੂਹਰੇ ਚੁਣੌਤੀ ਇਹ ਰਹਿੰਦੀ ਹੈ ਕਿ ਅਸੀਂ ਆਪਣੇ ਇਸ ਆਚਰਣ ਨੂੰ, ਇਹਨਾਂ ਅੰਦਰੂਨੀ ਗੁਣਾਂ ਨੂੰ ਸਮਾਜ ਮੂਹਰੇ ਕਿਸ ਤਰ੍ਹਾਂ ਪੇਸ਼ ਕਰੀਏ ਕਿ ਉਹਨਾਂ ‘ਤੇ ਸਾਡਾ ਪ੍ਰਭਾਵ ਚੰਗਾ ਪਵੇ। ਇਹ ਇਕ ਪ੍ਰਕਾਰ ਨਾਲ ਪੈਕੇਜਿੰਗ ਦਾ ਅਮਲਾ ਹੈ, ਪ੍ਰਜੈਂਟੇਸ਼ਨ ਦਾ ਮਸਲਾ ਹੈ। ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਅਚਾਰ ਦੇ ਨਜ਼ਰੀਏ ਨਾਲ ਤਾਂ ਬਹੁਤ ਚੰਗਾ ਕਹਿੰਦੇ ਹਨ। ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਵਫਾਦਾਰੀ, ਉਹਨਾਂ ਦੀਆਂ ਜੀਵਨ ਕੀਮਤਾਂ ਅਤੇ ਇਖਲਾਕ ਬਹੁਤ ਬਿਹਤਰ ਹੁੰਦੇ ਹਨ ਪਰ ਜਦੋਂ ਇਹਨਾਂ ਨੂੰ ਦੂਜਿਆਂ ਮੂਹਰੇ ਲਿਆਉਣ ਦਾ ਸਮਾਂ ਆਉਂਦਾ ਹੈ ਤਾਂ ਉਹ ਪੱਛੜ ਜਾਂਦੇ ਹਨ। ਪਿੰਡ ਦੇ ਲੋਕਾਂ ਨਾਲ ਤਾਂ ਇਹ ਬਹੁਤ ਜ਼ਿਆਦਾ ਹੁੰਦਾ ਹੈ। ਡਾ. ਅਗਰਵਾਲ ਦਾ ਇਹ ਕਹਿਣਾ ਹੈ ਕਿ ਪਿੰਡ ਦੇ ਲੋਕ ਚੰਗੇ ਮਨੁੱਖੀ ਵਤੀਰੇ ਅਤੇ ਸਲੀਕੇ ਦੇ ਢੰਗ ਤਰੀਕਿਆਂ ਤੋਂ ਕੋਰੇ ਹੁੰਦੇ ਹਨ, ਬਿਲਕੁਲ ਸੱਚ ਹੈ। ਮੈਨੂੰ ਇਕ ਯੂਨੀਵਰਸਿਟੀ ਪ੍ਰੋਫੈਸਰ ਨੇ ਦੱਸਿਆ ਕਿ ਦਸਵੀਂ ਵਿਚ ਪੜ੍ਹਦੇ ਹੋਏ ਵੀ ਉਸਨੂੰ ਇਹ ਨਹੀਂ ਪਤਾ ਸੀ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਮਾਪਿਆਂ ਨੁੰ ਕਿਸ ਤਰ੍ਹਾਂ ਸਤਿਕਾਰ ਦੇਣਾ ਹੈ, ਕਿਸ ਤਰ੍ਹਾਂ ਨਮਸਕਾਰ ਕਰਨਾ ਹੈ।
”ਮੈਂ ਆਪਣੇ ਮਿੱਤਰ ਨੂੰ ਮਿਲਣ ਗਿਆ ਪਰ ਉਸਦੀ ਮਾਂ ਨੁੰ ਸਤਿ ਸ੍ਰੀ ਅਕਾਲ ਨਹੀਂ ਆਖੀ ਅਤੇ ਨਾ ਹੀ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ, ਉਸ ਨੇ ਦੱਸਿਆ ਸੀ:
”ਸੁਣ, ਪੁੱਤਰ ਜਦੋਂ ਆਪਣੇ ਤੋਂ ਉਮਰ ਵਿਚ ਕਿਸੇ ਵੱਡੇ ਵਿਅਕਤੀ ਨੂੰ ਮਿਲੋ ਤਾਂ ਸਤਿਕਾਰ ਵਜੋਂ ਉਸਨੂੰ ਸਤਿ ਸ੍ਰੀ ਅਕਾਲ ਆਖੋ। ਜੇ ਉਹ ਤੁਹਾਡੇ ਮਾਪਿਆਂ ਦੀ ਉਮਰ ਦਾ ਹੋਵੇ ਤਾਂ ਉਸਦੇ ਪੈਰੀਂ ਹੱਥ ਲਗਾਓ। ਦੋਸਤ ਦੀ ਮਾਂ ਨੇ ਮੈਨੂੰ ਸਮਝਾਇਆ ਸੀ।”
”ਉਹਨਾਂ ਦੇ ਦਿੱਤੇ ਸਬਕ ਤੋਂ ਬਾਅਦ ਮੈਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਜਿੰਨਾ ਵੀ ਸਾਹਿਤ ਮਿਲਿਆ, ਉਸਨੂੰ ਦਿਲਚਸਪੀ ਨਾਲ ਪੜ੍ਹਿਆ ਅਤੇ ਆਪਣੇ ਜੀਵਨ ਜਾਚ ਦਾ ਹਿੱਸਾ ਬਣਾਇਆ।” ਪ੍ਰੋਫੈਸਰ ਸਾਹਿਬ ਨੇ ਅੱਗੇ ਦੱਸਿਆ।
ਸ੍ਰਿਸ਼ਟਾਚਰ ਨਾਲ ਜੀਵਨ ਮਹਾਨ ਬਣਦਾ ਹੈ। ਇਹ ਸੰਕੀਰਨਤਾ ਤੋਂ ਉਦਾਰਤਾ ਵੱਲ ਦੀ ਯਾਤਰਾ ਹੈ। ਇਹ ਯਾਤਰਾ ਅਹੰਕਾਰ ਤੋਂ ਨਿਮਰਤਾ ਵੱਲ ਲੈ ਕੇ ਜਾਂਦੀ ਹੈ। ਘਿਰਣਾ ਨੂੰ ਪ੍ਰੇਮ ਵਿਚ ਬਦਲ ਦਿੰਦੀ ਹੈ। ਸ੍ਰਿਸ਼ਟਾਚਾਰ ਦਾ ਬੀਜ ਬੱਚੇ ਦੇ ਕੱਚੇ ਹਿਰਦੇ ਵਿਚ ਬੀਜ ਦੇਣਾ ਚਾਹੀਦਾ ਹੈ। ਇਉਂ ਕਰਨ ਨਾਲ ਇਹ ਵਿਦਿਆਰਥੀ ਜੀਵਨ ਵਿਚ ਹੌਲੀ ਹੌਲੀ ਵਿਕਾਸ ਵੱਲ ਵੱਧ ਜਾਂਦਾ ਹੈ। ਪਰ ਮੈਂ ਆਪਣੀ ਯੂਨੀਵਰਸਿਟੀ ਅਧਿਆਪਨ ਦੇ 30 ਵਰ੍ਹਿਆਂ ਦੇ ਤਜਰਬੇ ਦੇ ਆਧਾਰ ਉਤੇ ਇਹ ਨਤੀਜੇ ‘ਤੇ ਪਹੁੰਚਿਆ ਹਾਂ ਕਿ ਸ਼ਖਸੀਅਤ ਉਸਾਰੀ ਦੇ ਪੱਖੋਂ ਅਸੀਂ ਬੱਚਿਆਂ ਵੱਲ ਉਨੀ ਗੰਭੀਰਤਾ ਨਾਲ ਧਿਆਨ ਨਹੀਂ ਦਿੰਦੇ ਜਿੰਨੀ ਗੰਭੀਰਤਾ ਸਾਨੂੰ ਵਿਖਾਉਣੀ ਚਾਹੀਦੀ ਹੈ। ਬੱਚੇ ਦਾ ਪਹਿਲਾ ਗੁਰੂ ਮਾਤਾ-ਪਿਤਾ ਹੁੰਦੇ ਹਨ ਜੋ ਉਸਨੂੰ ਸ੍ਰਿਸ਼ਟਾਚਾਰ ਦਾ ਪਹਿਲਾ ਸਬਕ ਪੜ੍ਹਾਉਂਦੇ ਹਨ। ਜੇ ਅਸੀਂ ਘਰਾਂ ਵਿਚ ਹਉਮੈ ਦੇ ਸ਼ਿਕਾਰ ਹਾਂ, ਝੂਠ ਬੋਲਦੇ ਹਾਂ, ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ, ਛੋਟੀਆਂ-ਛੋਟੀਆਂ ਗੰਲਾਂ ‘ਤੇ ਲਾਲਚ ਅਤੇ ਸਵਾਰਥ ਦਾ ਪ੍ਰਗਟਾਵਾ ਕਰਦੇ ਹਾਂ ਤਾਂ ਬੱਚੇ ਦੀ ਸ਼ਖਸੀਅਤ ਦਾ ਵਿਕਾਸ ਭਲਾਂ ਕਿਵੇਂ ਠੀਕ ਹੋ ਸਕਦਾ ਹੈ। ਬੱਚੇ ਸ੍ਰਿਸ਼ਟਾਚਾਰ ਦਾ ਦੂਜਾ ਸਬਕ ਸਕੂਲ ਵਿਚ ਪੜ੍ਹਦੇ ਹਨ। ਜੇ ਸਕੂਲ ਅਧਿਆਪਕ ਇਹ ਗਿਆਨ ਦੇਣ ਵਿਚ ਕੁਤਾਹੀ ਕਰਦੇ ਹਨ ਤਾਂ ਬੱਚਾ ਭਲਾ ਚੰਗਾ ਮਨੁੱਖ ਕਿਵੇਂ ਬਣ ਸਕਦਾ ਹੈ।
ਸ੍ਰਿਸ਼ਟਾਚਾਰ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੁੰਦਾ ਹੈ। ਵੇਖਣ ਨੂੰ ਭਾਵੇਂ ਸ੍ਰਿਸ਼ਟਾਚਾਰ ਦੀਆਂ ਗੱਲਾਂ ਬਹੁਤ ਨਿਗੂਣੀਆਂ ਅਤੇ ਛੋਟੀਆਂ ਲੱਗਦੀਆਂ ਹਨ ਪਰ ਹੁੰਦੀਆਂ ਬਹੁਤ ਮਹੱਤਵਪੂਰਨ ਹਨ। ਮੈਂ ਇਕ ਚੋਣ ਕਮੇਟੀ ਦਾ ਮੈਂਬਰ ਸੀ। ਕਿਸੇ ਵੱਡੇ ਬੰਦੇ ਦੀ ਸਿਫਾਰਸ਼ ‘ਤੇ ਮੈਨੂੰ ਕੋਈ ਉਮੀਦਵਾਰ ਮਿਲਣ ਆਇਆ। ਉਹ ਉਮਰ ਵਿਚ ਵੀ ਛੋਟਾ ਸੀ ਅਤੇ ਯੋਗਤਾ ਅਤੇ ਕਾਬਲੀਅਤ ਵਿਚ ਵੀ। ਉਸਨੇ ਮੈਨੂੰ ਮਿਲਣ ਸਾਰ ਸਤਿਕਾਰ ਵਜੋਂ ਸਤਿ ਸ੍ਰੀ ਅਕਾਲ ਬੁਲਾਉਣ ਦੀ ਬਜਾਏ ਹੱਥ ਮਿਲਾਉਣ ਲਈ ਆਪਣਾ ਹੱਥ ਵਧਾਇਆ। ਭਾਵੇਂ ਮੈਂ ਅਣਮੰਨੇ ਢੰਗ ਨਾਲ ਹੱਥ ਮਿਲਾ ਲਿਆ ਸੀ ਪਰ ਮੈਨੂੰ ਉਸਦਾ ਵਤੀਰਾ ਅਤੇ ਚਾਲ-ਢਾਲ ਪਸੰਦ ਨਹੀਂ ਆਈ। ਕਿਉਂਕਿ ਉਸਨੂੰ ਇਹ ਗੱਲ ਵੀ ਪਤਾ ਨਈਂ ਸੀ ਕਿ ਜਦੋਂ ਤੁਸੀਂ ਆਪਣੇ ਤੋਂ ਵੰਡੇ ਬੰਦੇ ਨੂੰ ਮਿਲੋ ਤਾਂ ਹੱਥ ਮਿਲਾਉਣ ਲਈ ਆਪਣਾ ਹੱਕ ਕਦੇ ਵੀ ਪਹਿਲਾਂ ਅੱਗੇ ਨਾ ਵਧਾਓ। ਹੱਥ ਸਿਰਫ ਬਰਾਬਰ ਦੇ ਲੋਕਾਂ ਨਾਲ ਮਿਲਾਉਣੇ ਚਾਹੀਦੇ ਹਨ। ਜੇਕਰ ਵੱਡਾ ਵਿਅਕਤੀ ਆਪਣਾ ਹੱਥ ਵਧਾ ਕੇ ਸਾਨੂੰ ਆਪਣੇ ਬਰਾਬਰ ਦਾ ਮੰਨਦਾ ਹੈ ਤਾਂ ਇਹ ਉਸਦਾ ਵੱਡਾਪਣ ਹੈ। ਜੇਕਰ ਅਸੀਂ ਵੱਡੇ ਮੂਹਰੇ ਆਪਣਾ ਹੱਥ ਵਧਾ ਕੇ ਉਸਨੂੰ ਆਪਣੇ ਬਰਾਬਰ ਮੰਨਦੇ ਹਾਂ ਤਾਂ ਇਹ ਉਸਦੀ ਬੇਇੱਜ਼ਤੀ ਕਰਨੀ ਹੈ। ਬਰਾਬਰ ਦੇ ਬੰਦੇ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਉਣਾ ਚਾਹੀਦਾ ਹੈ। ਤਾਂ ਕਿ ਤੁਸੀਂ ਦੂਜੇ ਬੰਦੇ ਨੂੰ ਇਹ ਦਰਸਾ ਸਕੋ ਕਿ ਤੁਸੀਂ ਉਸਨੂੰ ਉਤਸ਼ਾਹ ਨਾਲ ਮਿਲ ਰਹੇ ਹੋ। ਜੇਕਰ ਤੁਸੀਂ ਆਪਣੇ ਤੋਂ ਛੋਟੇ ਵਿਅਕਤੀ ਨਾਲ ਹੱਥ ਮਿਲਾ ਰਹੇ ਹੋ ਅਤੇ ਉਸ ਪ੍ਰਤੀ ਆਪਣੇ ਵਿਸ਼ੇਸ਼ ਸਨੇਹ ਦਾ ਵੀ ਇਜ਼ਹਾਰ ਕਰਨਾ ਚਾਹੁੰਦੇ ਹੋ ਤਾਂ ਉਸਦੇ ਖੱਬੇ ਮੋਢੇ ‘ਤੇ ਹਲਕਾ ਜਿਹਾ ਹੱਥ ਰੱਖ ਦਿਓ। ਅਜਿਹਾ ਕਰਨ ਨਾਲ ਤੁਸੀਂ ਉਸਦੇ ਮਨ ਵਿਚ ਆਪਣੇ ਪ੍ਰਤੀ ਪ੍ਰੇਮ ਜਗਾ ਸਕਦੇ ਹੋ।
ਬਜ਼ੁਰਗਾਂ ਦਾ ਸਤਿਕਾਰ- ਸ੍ਰਿਸ਼ਟਾਚਾਰ ਇਹ ਮੰਗ ਕਰਦਾ ਹੈ ਕਿ ਉਮਰ ਦੇ ਆਥਣ ਸਮਾਂ ਹੰਢਾ ਰਹੇ ਵਿਅਕਤੀਆਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦਿੱਤਾ ਜਾਵੇ। ਘਰ ਪਰਿਵਾਰ ਦੇ ਬਜ਼ੁਰਗਾਂ ਦੇ ਨਾਲ ਨਾਲ ਹੋਰ ਬਜ਼ੁਰਗਾਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ।
ਔਰਤਾਂ ਦਾ ਸਤਿਕਾਰ- ਦੁਨੀਆਂ ਦੇ ਹਰ ਸਭਿਆਚਾਰ ਵਿਚ ਔਰਤਾਂ ਦੀ ਇੱਜ਼ਤ ਕਰਨਾ ਸਭਿਅਕ ਮਨੁੱਖਾਂ ਦੀ ਨਿਸ਼ਾਨੀ ਹੈ। ਔਰਤਾਂ ਦੀ ਹਾਜ਼ਰੀ ਵਿਚ ਸਲੀਕੇ ਨਾਲ ਵਿੱਚਰਨਾ ਜ਼ਰੂਰੀ ਹੁੰਦਾ ਹੈ। ਔਰਤਾਂ ਦੀ ਹਾਜ਼ਰੀ ਵਿਚ ਸਹੀ ਸ਼ਬਦਾਂ ਦਾ ਉਚਾਰਣ ਜ਼ਰੂਰੀ ਹੈ। ਔਰਤਾਂ ਦੀ ਆਮਦ ‘ਤੇ ਖੜ੍ਹੇ ਹੋ ਕੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਰੇਲ ਗੱਡੀ, ਬੱਸ  ਅਤੇ ਹੋਰ ਥਾਵਾਂ ਉਤੇ ਉਹਨਾਂ ਲਈ ਸੀਟ ਛੱਡਣ ਦੀ ਉਦਾਰਤਾ ਦਿਖਾਉਣੀ ਚਾਹੀਦੀ ਹੈ।
ਜਦੋਂ ਵੀ ਕੋਈ ਤੁਹਾਨੂੰ ਮਿਲਣ ਆਉਂਦਾ ਹੈ ਤਾਂ ਸਤਿਕਾਰ ਵਜੋਂ ਖੜ੍ਹੇ ਹੋ ਜਾਣਾ ਚਾਹੀਦਾ ਹੈ। ਜੇਕਰ ਮਹਿਮਾਨ ਉਮਰ ਵਿਚ ਵੱਡਾ ਹੈ ਤਾਂ ਉਹਨਾਂ ਨੂੰ ਬੈਠਣ ਲਈ ਆਪਣੀ ਥਾਂ ਦੀ ਪੇਸ਼ਕਸ਼ ਕਰਨ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ।
ਜੇਕਰ ਤੁਹਾਨੂੰ ਕੋਈ ਵਿਅਕਤੀ ਮਿਲਣ ਆਉਂਦਾ ਹੈ ਤਾਂ ਪਹਿਲਾਂ ਉਸਨੂੰ ਸਤਿਕਾਰ ਸਹਿਤ ਅੰਦਰ ਆਉਣ ਲਈ ਕਹਿਣਾ ਚਾਹੀਦਾ ਹੈ। ਤੁਹਾਨੂੰ ਮਹਿਮਾਨ ਤੋਂ ਬਾਅਦ ਹੀ ਅੰਦਰ ਆਉਣਾ ਚਾਹੀਦਾ ਹੈ। ਸ੍ਰਿਸ਼ਟਾਚਾਰ ਇਹ ਵੀ ਮੰਗ ਕਰਦਾ ਹੈ ਕਿ ਕਦੇ ਵੀ ਆਪਣੇ ਤੋਂ ਵੱਡੇ ਵਿਅਕਤੀ ਵੱਲ ਪਿੱਠ ਨਹੀਂ ਕਰਨੀ ਚਾਹੀਦੀ।
ਨਿਮਰਤਾ, ਹਲੀਕੀ ਅਤੇ ਸਲੀਕੇ ਨਾਲ ਬੋਲਣਾ ਵੀ ਸ੍ਰਿਸ਼ਟਾਚਾਰ ਦੀ ਸ਼ਰਤ ਹੈ। ਆਦਰ ਸੂਚਕ ਸ਼ਬਦਾਂ ਨਾਲ ਸੰਬੋਧਨ ਕਰਨਾ ਚਾਹੀਦਾ ਹੈ। ਕ੍ਰੋਧ ਤੋਂ ਬਚਣਾ ਚਾਹੀਦਾ ਹੈ। ਉੱਚੀ ਬੋਲਣ ਤੋਂ ਹਮੇਸ਼ਾ ਗੁਰੇਜ਼ ਕਰਨਾ ਚਾਹੀਦਾ ਹੈ। ਬਹਿਸ ਅਤੇ ਵਿਵਾਦ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ ਕੋਈ ਮਿਲਣ ਆਇਆ ਹੈ ਤਾਂ ਜਦੋਂ ਉਹ ਮਹਿਮਾਨ ਜਾਂਦਾ ਹੈ ਤਾਂ ਉਸਨੂੰ ਬਾਹਰ ਤੱਕ ਛੱਡਣ ਜਾਓ ਅਤੇ ਤਦ ਤੱਕ ਖੜ੍ਹੇ ਰਹੋ, ਜਦੋਂ ਤੱਕ ਕਿ ਉਹ ਵਿਅਕਤੀ ਉਥੋਂ ਚਲਾ ਨਹੀਂ ਜਾਂਦਾ।
ਜ਼ਿੰਦਗੀ ਵਿਚ ਕਦੇ ਵੀ ਸ੍ਰਿਸ਼ਟਾਚਾਰ ਦੇ ਵਿਪਰੀਤ ਵਿਵਹਾਰ ਨਹੀਂ ਕਰਨਾ ਚਾਹੀਦਾ। ਜਿਵੇਂ ਕਿਸੇ ਅਣਜਾਣ ਬੰਦੇ ਜਾਂ ਔਰਤ ਨੂੰ ਵੇਖ ਕੇ ਬਿਨਾਂ ਕਿਸੇ ਕਾਰਨ ਤੋਂ ਮੁਸ਼ਕਰਾਉਣਾ, ਜਦੋਂ ਕੋਈ ਗੱਲ ਕਰ ਰਿਹਾ ਹੋਵੇ ਤਾਂ ਉਸਦੀ ਗੱਲ ਕੱਟ ਕੇ ਆਪਣੀ ਗੱਲ ਸ਼ੁਰੂ ਕਰ ਦੇਣਾ ਅਤੇ ਸੜਕ ਉਤੇ ਚਲਦੇ ਹੋਏ ਉਚੀ ਉਚੀ ਬੋਲਣਾ ਜਾਂ ਗਾਲੀ ਗਲੋਚ ਕਰਨਾ। ਇਸੇ ਤਰ੍ਹਾਂ ਕਿਸੇ ਹੋਰ ਨੂੰ ਅੱਖਾਂ ਪਾੜ ਪਾੜ ਕੇ ਵੇਖਣਾ ਵੀ ਸ੍ਰਿਸ਼ਟਾਚਾਰ ਦੇ ਵਿਪਰੀਤ ਗੱਲ ਹੁੰਦੀ ਹੈ। ਜਿਹੜੇ ਲੋਕ ਨਿੰਦਾ ਚੁਗਲੀ ਵਿਚ ਰੁਚੀ ਰੱਖਦੇ ਹਨ, ਉਹ ਵੀ ਸਭਿਅਕ ਲੋਕ ਨਹੀਂ ਕਹੇ ਜਾਂਦੇ। ਗੁਰਦੁਆਰੇ ਵਿਚ ਨੰਗੇ ਸਿਰ ਜਾਣਾ ਅਤੇ ਲਾਇਬ੍ਰੇਰੀ ਵਿਚ ਉਚੀ ਉਚੀ ਬੋਲਣ ਵਾਲੇ ਲੋਕ ਵੀ ਸ੍ਰਿਸ਼ਟਾਚਾਰ ਦੇ ਖਿਲਾਫ ਚੱਲਦੇ ਹਨ।
ਖਾਣੇ ਦੇ ਮੇਜ ਉਤੇ ਬੈਠਣ ਸਮੇਂ ਵੀ ਕਈ ਕਿਸਮ ਦੇ ਦਸਤੂਰਾਂ ਨੂੰ ਮੰਨਣਾ ਪੈਂਦਾ ਹੈ। ਕਾਂਟੇ ਅਤੇ ਚਮਚਿਆਂ ਦੀ ਆਵਾਜ਼ ਦੇ ਨਾਲ ਨਾਲ ਖਾਣ ਸਮੇਂ ਮੂੰਹ ਵਿਚੋਂ ਵੀ ਉਚੀ ਆਵਾਜ਼ ਨਹੀਂ ਹੋਣੀ ਚਾਹੀਦੀ। ਸਬਜ਼ੀਆਂ, ਪਾਣੀ ਅਤੇ ਰੋਟੀਆਂ ਨੂੰ ਦੂਰ ਬੈਠੇ ਮਹਿਮਾਨਾਂ ਵੱਲ ਪਹਿਲਤਾ ਦੇ ਆਧਾਰ ‘ਤੇ ਦੇਣਾ ਵੀ ਸ੍ਰਿਸ਼ਟਾਚਾਰ ਹੁੰਦਾ ਹੈ। ਖਾਣੇ ਦੇ ਮੇਜ ‘ਤੇ ਅਜਿਹੀ ਕੋਈ ਹਰਕਤ ਨਹੀਂ ਕਰਨੀ ਚਾਹੀਦੀ ਜੋ ਬਾਕੀ ਬੈਠੇ ਵਿਅਕਤੀਆਂ ਨੂੰ ਚੰਗੀ ਨਾ ਲੱਗੇ, ਜਿਵੇਂ ਮੂੰਹ ਜਾਂ ਦੰਦਾਂ ਨੂੰ ਹੱਥ ਲਾਉਣਾ ਜਾਂ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਖਾਜ ਕਰਨੀ।
ਸਫਾਈ ਦੇ ਨਜ਼ਰੀਏ ਤੋਂ ਵੀ ਸ੍ਰਿਸ਼ਟਾਚਾਰ ਦਾ ਧਿਆਨ ਰੱਖਣਾ ਜ਼ਰੂਰੀ ਹੈ। ਖਾਣ ਪੀਣ ਤੋਂ ਬਾਅਦ ਖਾਲੀ ਲਿਫਾਫੇ ਜਾਂ ਬੋਤਲਾਂ ਨੂੰ ਸਹੀ ਥਾਂ ‘ਤੇ ਹੀ ਸੁੱਟਣਾ ਚਾਹੀਦਾ ਹੈ।
ਸਮੇਂ ਦੀ ਪਾਬੰਦੀ ਵੀ ਚੰਗੇ ਸ੍ਰਿਸ਼ਟਾਚਾਰ ਦੀ ਨਿਸ਼ਾਨੀ ਹੈ। ਜੋ ਵਿਅਕਤੀ ਸਮੇਂ ਦਾ ਪਾਲਣ ਨਹੀਂ ਕਰਦਾ, ਉਹ ਸਭਿਅਕ ਨਹੀਂ ਕਹਾ ਸਕਦਾ।
ਅੱਜਕਲ੍ਹ ਦੇ ਸਮੇਂ ਵਿਚ ਮੋਬਾਇਲ ਫੋਨ ਸੁਣਨ ਦਾ ਵੀ ਬਲ ਆਉਣਾ ਜ਼ਰੂਰੀ ਹੈ। ਮੋਬਾਇਲ ਫੋਨ ਸੁਣਨ ਜਾਂ ਕਰਨ ਸਮੇਂ ਪਹਿਲਾਂ ਆਪਣਾ ਪਰਿਚੈ ਦੇਣਾ ਚਾਹੀਦਾ ਹੈ।
ਉਚੀ ਆਵਾਜ਼ ਨਾਲ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸੇ ਹੋਰ ਮਹਿਮਾਨ ਦੇ ਸਾਹਮਣੇ ਲੰਬੀ ਗੱਲ ਕਰਨੀ ਮਹਿਮਾਨ ਦੀ ਬੇਇਜ਼ਤੀ ਕਰਨ ਸਮਾਨ ਹੈ। ਕਿਸੇ ਕੋਲ ਵੀ ਜਾਣ ਤੋਂ ਪਹਿਲਾਂ ਫੋਨ ‘ਤੇ ਉਹਨਾਂ ਨੂੰ ਪੁੱਛਣਾ ਬਿਹਤਰ ਹੁੰਦਾ ਹੈ ਕਿ ਮੈਂ ਆ ਸਕਦਾ ਹਾਂ ਅਤੇ ਕਿੰਨੇ ਵਜੇ ਆਉਣਾ ਸੁਵਿਧਾਜਨਕ ਰਹੇਗਾ। ਬਸ਼ਰਤੇ ਕਿ ਇਸ ਤਰ੍ਹਾਂ ਦੀ ਸੁਵਿਧਾ ਤੁਹਾਡੇ ਕੋਲ ਹੋਵੇ। ਕਿਸੇ ਦੇ ਵੀ ਘਰ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਦੇਖ ਲਓ ਕਿ ‘ਕਿਤੇ ਅਜਿਹਾ ਤਾਂ ਨਹੀਂ ਕਿ ਬੂਟ ਬਾਹਰ ਹੀ ਕੱਢਣੇ ਹਨ। ਮੈਂ ਅਜਿਹੀ ਗਲਤੀ ਕਰ ਚੁੱਕਾ ਹਾਂ। ਜਦੋਂ ਮੈਂ ਪਹਿਲੀ ਵਾਰ ਕੈਨੇਡਾ ਆਇਆ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਬੂਟ ਬਾਹਰ ਉਤਾਰ ਕੇ ਜਾਣੇ ਹਨ। ਜਦੋਂ ਮੈਂ ਬੂਟਾਂ ਸਮੇਤ ਘਰ ਅੰਦਰ ਜਾਣ ਲੱਗਾ ਤਾਂ ਮੇਜ਼ਬਾਨ ਨੇ ਬੜੀ ਹਲੀਮੀ ਨਾਲ ਸਮਝਾਇਆ ਕਿ ਮੈਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਅੱਡਿਆਂ ਅਤੇ ਹੋਰ ਥਾਵਾਂ ‘ਤੇ ਕਤਾਰ ਵਿਚ ਖੜ੍ਹ ਕੇ ਆਪਣੀ ਵਾਰੀ ਨੂੰ ਉਡੀਕਣਾ ਵੀ ਸ੍ਰਿਸ਼ਟਾਚਾਰ ਦਾ ਹਿੱਸਾ ਹੈ। ਕਤਾਰ ਨਹੀਂ ਤੋੜਨੀ ਚਾਹੀਦੀ।
ਕਿਸੇ ਦੇ ਦੁੱਖ ਸੁੱਖ ਵਿਚ ਹਿੱਸਾ ਲੈਣਾ ਵੀ ਇਕ ਸਭਿਅਕ ਮਨੁੱਖ ਦਾ ਫਰਜ਼ ਹੈ। ਕਿਸੇ ਦੇ ਦੁੱਖ ਵਿਚ ਸ਼ਰੀਕ ਹੋਣ ਸਮੇਂ ਸ੍ਰਿਸ਼ਟਾਚਾਰ ਦਾ ਪੂਰਨ ਖਿਆਲ ਰੱਖਣਾ ਚਾਹੀਦਾ ਹੈ। ਸੈਲ ਫੋਨ ਬੰਦ ਕਰਕੇ ਜਾਣਾ ਚਾਹੀਦਾ ਹੈ। ਉਚੀ ਬੋਲਣ, ਮੁਸਕਰਾਉਣ ਅਤੇ ਹੱਸਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੁਖੀ ਵਿਅਕਤੀ ਦੇ ਦੁੱਖ ਵਿਚ ਦਿਲੋਂ ਸ਼ਰੀਕ ਹੋਣਾ ਚਾਹੀਦਾ ਹੈ। ਅਜਿਹੇ ਸਮੇਂ ਘੱਟ ਬੋਲਣਾ ਚਾਹੀਦਾ ਹੈ। ਅਜਿਹੇ ਹੀ ਬੋਲ ਬੋਲਣੇ ਚਾਹੀਦੇ ਹਨ, ਜੋ ਦੁਖੀ ਪਰਿਵਾਰ ਨੂੰ ਧਰਵਾਸ ਦੇਣ।
ਜੇਕਰ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਮਾਫੀ ਮੰਗਣ ਵਿਚ ਕੋਈ ਹਰਜ਼ ਨਹੀਂ। ਆਪਣੀ ਗਲਤੀ ਨੂੰ ਸਵੀਕਾਰਨ ਲਈ ਸਾਹਸ ਦੀ ਲੋੜ ਹੁੰਦੀ ਹੈ। ਇਹ ਬੁਜ਼ਦਿਲ ਕਦੇ ਵੀ ਨਹੀਂ ਹੁੰਦੀ। ਸਮਾਂ ਆਉਣ ‘ਤੇ ਇਹ ਸਾਹਸ ਵਿਖਾ ਦੇਣਾ ਚਾਹੀਦਾ ਹੈ।
ਇਉਂ ਸ੍ਰਿਸ਼ਟਾਚਾਰੀ ਮਨੁੱਖ ਲਈ ਅਨੇਕਾਂ ਸ੍ਰਿਸ਼ਟਾਚਾਰੀ ਨੁਕਤੇ ਹਨ, ਜਿਹਨਾਂ ਦਾ ਧਿਆਨ ਰੱਖ ਕੇ ਕੋਈ ਵੀ ਮਨੁੱਖ ਚੰਗਾ ਮਨੁੱਖ ਬਣ ਸਕਦਾ ਹੈ। ਸ੍ਰਿਸ਼ਟ ਵਿਵਹਾਰ ਮਨੁੱਖ ਨੂੰ ਅਸਮਾਨ ਦੀਆਂ ਉਚਾਈਆਂ ਤੱਕ ਪਹੁੰਚਾ ਦਿੰਦਾ ਹੈ। ਸ੍ਰਿਸ਼ਟਾਚਾਰੀ ਮਨੁੱਖ ਸਮਾਜ ਵਿਚ ਹਰ ਥਾਂ ਸਨਮਾਨ ਪਾਉਂਦਾ ਹੈ। ਸ੍ਰਿਸ਼ਟਾਚਾਰ ਬਾਰੇ ਇਕ ਸ਼ਾਇਰ ਕਹਿੰਦਾ ਹੈ:
ਸਿਸਟਾਚਾਰ ਕੀ ਬਾਤੇਂ ਹਮਕੋ
ਏਕ ਕਹਾਣੀ ਲਗਤੀ ਹੈ
ਨਾਨੀ ਨੇ ਜੋ ਸੁਣਾਈ ਥੀ
ਏਸੀ ਯੇ ਰਵਾਨੀ ਲਗਤੀ ਹੈ
ਏਕ ਬਾਤ ਤੁਮ ਸੁਣ ਲੋ ਪਿਆਰੇ
ਸ੍ਰਿਸ਼ਟਾਚਾਰ ਨਾ ਆਇਆ ਹਮਕੋ
ਤੋ ਕੁਝ ਭੀ ਨਾ ਆਇਆ ਹੈ
ਕਰ ਲੋ ਚਾਹੇ ਕਿਤਨੀ ਉਨਤੀ
ਫਿਰ ਵੀ ਕੁਛ ਨਾ ਪਾਇਆ ਹੈ
ਸ੍ਰਿਸ਼ਟ ਹੋ ਅਚਾਰ ਹਮਾਰਾ
ਏਸਾ ਹਮ ਵਿਚਾਰ ਕਰੇਂ
ਦੇ ਜਾਏਂ ਦੂਜਿਆਂ ਕੋ ਕੁਝ ਐਸਾ
ਦੁਨੀਆਂ ਹਮ ਕੋ ਯਾਦ ਕਰੇ।