ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਰਾਕੇਸ਼ ਟਿਕੈਤ ਦੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ ਨੂੰ ਧਮਕੀ ਭਰਿਆ ਫੋਨ ਕਾਲ ਆਇਆ ਹੈ। ਮਾਮਲੇ ਦੀ ਜਾਣਕਾਰੀ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ।
ਫੋਨ ਕਰਨ ਵਾਲੇ ਸ਼ਖ਼ਸ ਨੇ ਪੂਰੇ ਟਿਕੈਤ ਪਰਿਵਾਰ ਨੂੰ ਜਾਨੋਂ ਮਾਰਨ ਦੀ ਗੱਲ ਆਖੀ ਹੈ। ਗੌਰਵ ਟਿਕੈਤ ਨੇ ਇਹ ਵੀ ਕਿਹਾ ਹੈ ਕਿ ਧਮਕੀ ਦੇਣ ਵਾਲੇ ਸ਼ਖ਼ਸ ਨੇ ਮੈਸੇਜ ਕਰ ਕੇ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਗੌਰਵ ਟਿਕੈਤ ਵਲੋਂ ਮੁਜ਼ੱਫਰਨਗਰ ਦੇ ਭੌਰਾਕਲਾਂ ਥਾਣੇ ‘ਚ ਐੱਫ. ਆਈ. ਆਰ. ਦਰਜ ਕਰਵਾਈ ਹੈ। ਇਸ ‘ਚ ਗੌਰਵ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੋਬਾਈਲ ‘ਤੇ ਬੁੱਧਵਾਰ ਰਾਤ 9 ਵਜ ਕੇ 15 ਮਿੰਟ ਤੋਂ ਰਾਤ 10 ਵਜੇ ਤੱਕ ਇਕ ਤੋਂ ਬਾਅਦ ਇਕ ਕਈ ਫੋਨ ਕਾਲ ਆਏ। ਫੋਨ ਕਰਨ ਵਾਲੇ ਸ਼ਖ਼ਸ ਨੇ ਪੂਰੇ ਟਿਕੈਤ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।















