ਤੁਰਕੀ, ਸੀਰੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 600 ਤੋਂ ਪਾਰ, ਘੱਟੋ-ਘੱਟ 2300 ਲੋਕ ਜ਼ਖ਼ਮੀ

ਅੰਕਾਰਾ  : ਦੱਖਣੀ-ਪੂਰਬੀ ਤੁਰਕੀ ਵਿੱਚ ਸੋਮਵਾਰ ਨੂੰ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ 284 ਲੋਕਾਂ ਦੀ ਮੌਤ ਹੋ ਗਈ। ਤੁਰਕੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨਾਲ ਸਬੰਧਤ ਘਟਨਾਵਾਂ ਵਿੱਚ 641 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਟੇਸ ਨੇ ਕਿਹਾ ਕਿ 10 ਪ੍ਰਭਾਵਿਤ ਸੂਬਿਆਂ ਵਿਚ 1,700 ਇਮਾਰਤਾਂ ਢਹਿ ਗਈਆਂ ਅਤੇ ਘੱਟੋ-ਘੱਟ 2,300 ਲੋਕ ਜ਼ਖਮੀ ਹੋਏ ਹਨ। ਦੱਖਣੀ-ਪੂਰਬੀ ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਤੜਕੇ 7.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਬਚਾਅ ਕਰਤਾ ਅਜੇ ਵੀ ਮਲਬੇ ਹੇਠ ਦੱਬੇ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਲੱਭ ਰਹੇ ਹਨ।

ਅੰਸ਼ਕ ਤੌਰ ‘ਤੇ ਢਹਿ-ਢੇਰੀ ਇਮਾਰਤਾਂ ਦੇ ਅੰਦਰ ਫਸੇ ਲੋਕ ਅਤੇ ਸੜਕਾਂ ‘ਤੇ ਲੋਕ ਮਦਦ ਲਈ ਚੀਕਦੇ ਦੇਖੇ ਗਏ। ਭੂਚਾਲ ਦੇ ਝਟਕੇ ਕਾਹਿਰਾ ਤੱਕ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਸੀਰੀਆ ਦੀ ਸਰਹੱਦ ਤੋਂ ਲਗਭਗ 90 ਕਿਲੋਮੀਟਰ ਦੂਰ ਗਾਜ਼ੀਅਨਟੇਪ ਸ਼ਹਿਰ ਦੇ ਉੱਤਰ ਵਿੱਚ ਸੀ। ਅਟਮੇਹ ਕਸਬੇ ਦੇ ਇੱਕ ਡਾਕਟਰ ਮੁਹਿਬ ਕੱਦੌਰ ਨੇ ਐਸੋਸੀਏਟਡ ਪ੍ਰੈਸ ਨੂੰ ਫੋਨ ਦੁਆਰਾ ਦੱਸਿਆ ਕਿ “ਸਾਨੂੰ ਸੈਂਕੜੇ ਲੋਕਾਂ ਦੇ ਮਾਰੇ ਜਾਣ ਦਾ ਡਰ ਹੈ। ਅਸੀਂ ਬਹੁਤ ਦਬਾਅ ਹੇਠ ਹਾਂ।” ਭੂਚਾਲ ਤੋਂ ਬਾਅਦ ਲਗਭਗ 20 ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ 6.6 ਤੀਬਰਤਾ ਦਾ ਸੀ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਟਵੀਟ ਕੀਤਾ ਕਿ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ “ਖੋਜ ਅਤੇ ਬਚਾਅ ਟੀਮਾਂ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ। ਅਸੀਂ ਮਿਲ ਕੇ ਇਸ ਤਬਾਹੀ ਵਿੱਚੋਂ ਬਾਹਰ ਆਵਾਂਗੇ।”