ਲੁਧਿਆਣਾ ਦੇ RTA ਨੂੰ ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਕੀਤਾ ਗ੍ਰਿਫ਼ਤਾਰ

ਲੁਧਿਆਣਾ : ਕਮਰਸ਼ੀਅਲ ਵਾਹਨਾਂ ਦੇ ਚਲਾਨ ਨਾ ਕੱਟਣ ਬਦਲੇ ਵੱਡੇ ਟਰਾਂਸਪੋਰਟਰਾਂ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਪੀ. ਸੀ. ਐੱਸ. ਅਧਿਕਾਰੀ ਆਰ. ਟੀ. ਏ. ਨਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਆਰ. ਟੀ. ਏ. ਪ੍ਰਾਈਵੇਟ ਕਰਿੰਦਿਆਂ ਜ਼ਰੀਏ ਰਿਸ਼ਵਤ ਦੀ ਮੋਟੀ ਰਕਮ ਇਕੱਠੀ ਕਰਦਾ ਸੀ, ਜਿਸ ਨੇ ਦਸੰਬਰ ਮਹੀਨੇ ’ਚ ਟਰਾਂਸਪੋਰਟਰਾਂ ਤੋਂ ਲਗਭਗ 4 ਲੱਖ ਰਿਸ਼ਵਤ ਦੇ ਇਕੱਠੇ ਕੀਤੇ ਸਨ। ਇਸ ਮਾਮਲੇ ’ਚ ਪਿੰਡ ਮਾਣਕਵਾਲ ਦੇ ਰਹਿਣ ਵਾਲੇ ਸਤਨਾਮ ਸਿੰਘ ਧਵਨ ਦੀ ਸ਼ਿਕਾਇਤ ’ਤੇ ਮੁਲਜ਼ਮ ਆਰ. ਟੀ. ਏ. ਨਰਿੰਦਰ ਸਿੰਘ ਧਾਲੀਵਾਲ ਖ਼ਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।
ਪ੍ਰੈੱਸ ਨੋਟ ’ਚ ਦਿੱਤੀ ਜਾਣਕਾਰੀ ਮੁਤਾਬਕ 18 ਨਵੰਬਰ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸਤਨਾਮ ਸਿੰਘ ਧਵਨ ਨੇ ਸ਼ਿਕਾਇਤ ਕੀਤੀ ਸੀ ਕਿ ਲੁਧਿਆਣਾ ਦੇ ਆਰ. ਟੀ. ਏ. ਨਰਿੰਦਰ ਸਿੰਘ ਧਾਲੀਵਾਲ ਨੇ ਪ੍ਰਾਈਵੇਟ ਕਰਿੰਦਾ ਰੱਖਿਆ ਹੋਇਆ ਹੈ, ਜੋ ਸ਼ਹਿਰ ਦੇ ਟਰਾਂਸਪੋਰਟਰਾਂ ਤੋਂ ਇਸ ਬਦਲੇ ਪੈਸੇ ਇਕੱਠੇ ਕਰਦਾ ਹੈ ਕਿ ਉਨ੍ਹਾਂ ਦੀਆਂ ਗੱਡੀਆਂ ਦਾ ਚਲਾਨ ਨਹੀਂ ਹੋਣਗੇ। ਸ਼ਿਕਾਇਤਕਰਤਾ ਨੇ ਆਰ. ਟੀ. ਏ. ਦੇ ਨਾਲ ਜੁੜੇ ਪੰਜਾਬ ਹੋਮ ਗਾਰਡ ਦੇ ਵਾਲੰਟੀਅਰ ਬਹਾਦਰ ਸਿੰਘ ਦੀ ਵੀਡੀਓ ਕਲਿਪ ਵੀ ਸ਼ਿਕਾਇਤ ’ਚ ਅਟੈਚ ਕੀਤੀ ਹੈ, ਜਿਸ ’ਚ ਉਹ ਬੋਲ ਰਿਹਾ ਹੈ ਕਿ ਪੈਸੇ ਉਸ ਦੇ ਕੋਲ ਪਏ ਹਨ, ਜਿਸ ਤੋਂ ਬਾਅਦ ਇਸ ਦੀ ਜਾਂਚ ਵਿਜੀਲੈਂਸ ਕੋਲ ਪੁੱਜੀ।
ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਗਈ। ਤੱਥ ਸਹੀ ਪਾਏ ਗਏ ਕਿ ਆਰ. ਟੀ. ਏ. ਨਰਿੰਦਰ ਸਿੰਘ ਧਾਲੀਵਾਲ ਵਾਹਨਾਂ ਦੇ ਚਲਾਨ ਨਾ ਕਰਨ ਸਬੰਧੀ ਵੱਖ-ਵੱਖ ਟਰਾਂਸਪੋਰਟਰਾਂ ਤੋਂ ਨਿੱਜੀ ਵਿਅਕਤੀ ਜ਼ਰੀਏ ਮਹੀਨਾਵਾਰ ਰਿਸ਼ਵਤ ਦੀ ਮੋਟੀ ਵਸੂਲੀ ਕਰਦਾ ਹੈ। ਦਸੰਬਰ ਮਹੀਨੇ ’ਚ 4 ਲੱਖ ਰੁਪਏ ਰਿਸ਼ਵਤ ਦੇ ਇਕੱਠੇ ਕੀਤੇ 1 ਲੱਖ 70 ਹਜ਼ਾਰ ਰੁਪਏ ਖ਼ੁਦ ਇਸਤੇਮਾਲ ਕਰ ਕੇ ਬਾਕੀ 2.30 ਲੱਖ ਬਹਾਦਰ ਸਿੰਘ ਨੂੰ ਟਿਕਾਣੇ ਲਾਉਣ ਲਈ ਦਿੱਤੇ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਬਹਾਦਰ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਤਾਂ ਉਸ ਨੇ ਉਕਤ ਰਕਮ ਵਿਜੀਲੈਂਸ ਨੂੰ ਦਿੱਤੀ, ਜੋ ਉਸ ਨੂੰ ਆਰ. ਟੀ. ਏ. ਧਾਲੀਵਾਲ ਨੇ ਦਿੱਤੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਆਰ. ਟੀ. ਏ. ਨਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ।