ਬੌਲੀਵੁਡ ਅਦਾਕਾਰਾ ਕਿਆਰਾ ਅਡਵਾਨੀ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਦਾ ਵਿਆਹ ਨਵੇਂ ਸਾਲ ਵਿੱਚ ਹੋਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਇਹ ਜੋੜਾ ਰਾਜਸਥਾਨ ਦੇ ਜੈਸਲਮੇਰ ‘ਚ ਵਿਆਹ ਬੰਧਨ ‘ਚ ਬੱਝੇਗਾ। ਉਨ੍ਹਾਂ ਦੇ ਵਿਆਹ ਦੀ ਤਾਰੀਕ 6 ਫ਼ਰਵਰੀ ਤੈਅ ਕੀਤੀ ਗਈ ਹੈ, ਪਰ ਇਹ ਜੋੜਾ ਹਾਲੇ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਚੁੱਪ ਹੈ। ਜ਼ਿਕਰਯੋਗ ਹੈ ਕਿ ਦਸਬੰਰ 2021 ‘ਚ ਵਿਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਦਾ ਵਿਆਹ ਵੀ ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਸਥਿਤ ਦਾ ਸਿਕਸ ਸੈਂਸਿਜ਼ ਫ਼ੋਰਟ ਬਰਵਾੜਾ ‘ਚ ਹੋਇਆ ਸੀ। ਇਨ੍ਹਾਂ ਦੇ ਵਿਆਹ ਸਮਾਗਮ ਬਾਰੇ ਵੀ ਕਿਸੇ ਨੂੰ ਕੋਈ ਭੇਤ ਨਹੀਂ ਸੀ। ਸੂਤਰਾਂ ਅਨੁਸਾਰ ਕਿਆਰਾ ਅਤੇ ਸਿਧਾਰਥ ਦਾ ਵਿਆਹ ਜੈਸਲਮੇਰ ਦੇ ਇੱਕ ਹੋਟਲ ‘ਚ ਹੋਵੇਗਾ, ਪਰ ਇਸ ਦੀ ਹਾਲੇ ਤਕ ਅਧਿਕਾਰਿਕ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਮਹਿੰਦੀ ਅਤੇ ਸੰਗੀਤ ਸਮਾਗਮ 4 ਅਤੇ 5 ਫ਼ਰਵਰੀ ਨੂੰ ਹੋਵੇਗਾ ਜਦਕਿ ਵਿਆਹ ਦੀਆਂ ਰਸਮਾਂ 6 ਫ਼ਰਵਰੀ ਨੂੰ ਹੋਣਗੀਆਂ। ਹੁਣ ਤਕ ਸੋਸ਼ਲ ਮੀਡੀਆ ‘ਤੇ ਦੋਵਾਂ ਵਲੋਂ ਆਪਣੇ ਵਿਆਹ ਦੀ ਕੋਈ ਸੂਹ ਨਹੀਂ ਦਿੱਤੀ ਗਈ ਜਦਕਿ ਕਿਆਰਾ ਨੇ ਅਮਿਤਾਭ ਬੱਚਨ ਨਾਲ KBC ਸੈੱਟ ਦੀ ਤਸਵੀਰ ਅਤੇ ਸਿਧਾਰਥ ਨੇ ਮਿਸ਼ਨ ਮਜਨੂੰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ।












