ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਜਾਰੀ ਕੀਤਾ ਨਵਾਂ ਫਰਮਾਨ

ਅੰਮ੍ਰਿਤਸਰ – ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਨ ‘ਤੇ ਚੋਣ ਵਾਅਦਾ ਪੂਰਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੰਦਿਆਂ 300 ਯੂਨਿਟ ਪ੍ਰਤੀ ਮੁਆਫ਼ ਕਰਨ ਦਾ ਐਲਾਨ ਕਰ ਦਿੱਤਾ ਸੀ। ਬੀਤੇ ਮਹੀਨੇ ਬਹੁਤ ਸਾਰੇ ਲੋਕਾਂ ਦਾ ਬਿੱਲ ਜ਼ੀਰੋ ਆਇਆ ਹੈ, ਜਿਸ ਨਾਲ ਲੋਕਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਹੁਣ ਇਕ ਸਰਕੁਲਰ ਰਾਹੀਂ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ 7 ਤੋਂ 10 ਕਿਲੋਵਾਟ ਲੋਡ ਦੇ 50 ਲੱਖ ਦੇ ਕਰੀਬ ਖ਼ਪਤਕਾਰਾਂ ਦਾ ਬਿਜਲੀ ਬਿੱਲ ਹਰ ਮਹੀਨੇ ਆਵੇਗਾ। ਘਰੇਲੂ ਸਪਲਾਈ ਅਤੇ ਗੈਰ ਘਰੇਲੂ ਸਪਲਾਈ ਨੂੰ ਪਹਿਲਾਂ 2 ਮਹੀਨੇ ਦਾ ਬਿੱਲ ਆਉਂਦਾ ਸੀ। ਹੁਣ ਪਾਵਰਕਾਮ ਮੈਨੇਜਮੈਂਟ ਪੰਜਾਬ ਦੇ ਸਾਰੇ ਡੀ.ਐੱਸ ਅਤੇ ਐੱਨ.ਆਰ.ਐੱਸ. ਕਨੈਕਸ਼ਨ ਦੀ ਹਰ ਮਹੀਨੇ ਰਿਡਿੰਗ ਲੈ ਕੇ ਬਿੱਲ ਭੇਜਿਆ ਜਾਵੇਗਾ।
ਦੱਸ ਦੇਈਏ ਕਿ ਇਸ ਸਰਕੁਲਰ ਦੇ ਜਾਰੀ ਹੋਣ ਨਾਲ ਖ਼ਪਤਕਾਰਾਂ ਨੂੰ ਫ਼ਾਇਦਾ ਵੀ ਹੋਵੇਗਾ। ਪਹਿਲਾਂ 2 ਮਹੀਨੇ ਦਾ ਬਿੱਲ ਆਉਣ ’ਤੇ ਖ਼ਪਤਕਾਰਾਂ ਦੇ ਬਿਜਲੀ ਦੇ ਯੂਨਿਟ ਵੀ ਜ਼ਿਆਦਾ ਵਧਦੇ ਸਨ ਅਤੇ ਬਿੱਲ ਉਸੇ ਦੇ ਹਿਸਾਬ ਨਾਲ ਆਉਂਦਾ ਸੀ। ਹੁਣ ਹਰ ਮਹੀਨੇ ਬਿੱਲ ਆਉਣ ਨਾਲ ਖ਼ਪਤਕਾਰਾਂ ਨੂੰ ਇਸ ਪਾਸਿਓਂ ਰਾਹਤ ਵੀ ਮਿਲੇਗੀ, ਕਿਉਂਕਿ ਬਿਜਲੀ ਯੂਨਿਟ ਵੀ ਘੱਟ ਬਲਣਗੇ ਤੇ ਯੂਨਿਟ ਦੇ ਰੇਟ ਦੇ ਹਿਸਾਬ ਨਾਲ ਬਿੱਲ ਵੀ ਘੱਟ ਆਵੇਗਾ।